ਕਰੇਮੋਨਾ (ਕੈਂਥ)- ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਤੌਰੇ ਦੀ ਪਿਚਨਾਰਦੀ ਕਰੇਮੋਨਾ ਵਿਖੇ ਮਿਲਾਨ ਤੋਂ ਪ੍ਰਾਇਮਰੀ ਅਤੇ ਹਾਈ ਸਕੂਲ ਦੇ ਬੱਚਿਆਂ ਦਾ ਇੱਕ ਗਰੁੱਪ ਨਤਮਸਤਕ ਹੋਇਆ। ਜ਼ਿਕਰਯੋਗ ਹੈ ਕਿ ਪਿਛਲੇ 4 ਸਾਲਾਂ ਤੋਂ ਇਸ ਸਕੂਲ ਦੇ ਬੱਚੇ ਲਗਾਤਾਰ ਨਵੰਬਰ ਦੇ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ 'ਤੇ ਹਾਜ਼ਰੀ ਭਰਨ ਅਤੇ ਸਿੱਖ ਧਰਮ ਬਾਰੇ ਜਾਣਨ ਲਈ ਗੁਰਦੁਆਰਾ ਸਾਹਿਬ ਵਿਖੇ ਆਉਂਦੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਤਕਰੀਬਨ ਸਵੇਰੇ 9 ਵਜੇ ਲਗਭਗ 60 ਬੱਚਿਆਂ ਅਤੇ ਉਹਨਾਂ ਦੇ ਅਧਿਆਪਕਾਂ ਦਾ ਇੱਕ ਗਰੁੱਪ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ। ਗੁਰਦੁਆਰਾ ਸਾਹਿਬ ਦੇ ਸਿਧਾਂਤ "ਪਹਿਲਾਂ ਲੰਗਰ ਪਾਛੇ ਸੰਗਤ" ਦੀ ਮਰਿਆਦਾ ਅਨੁਸਾਰ ਬੱਚਿਆਂ ਨੂੰ ਸਵੇਰ ਦਾ ਚਾਹ-ਪਾਣੀ ਛਕਾਇਆ ਗਿਆ। ਇਹਨਾਂ ਬੱਚਿਆਂ ਵਿੱਚ ਸਿੱਖ ਧਰਮ ਬਾਰੇ ਜਾਨਣ ਦੀ ਬਹੁਤ ਹੀ ਉਤਸੁਕਤਾ ਸੀ।
ਬੱਚਿਆਂ ਨੂੰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ, 10 ਗੁਰੂ ਸਾਹਿਬਾਨਾਂ, ਸਿੱਖ ਇਤਿਹਾਸ,ਛੋਟੇ ਸਾਹਿਬਜ਼ਾਦਿਆਂ, ਲੰਗਰ ਦੀ ਪ੍ਰਥਾ ਅਤੇ ਪੰਜ ਕਕਾਰਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਉਨਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਵਿਸਥਾਰ ਪੂਰਵਕ ਦਿੱਤੇ ਗਏ। ਬੱਚਿਆਂ ਦੇ ਮਨ ਵਿੱਚ ਇਹ ਵੀ ਸਵਾਲ ਸੀ ਕਿ ਗੁਰਸਿੱਖ ਅਤੇ ਸਹਿਜਧਾਰੀ ਸਿੱਖ ਵਿੱਚ ਕੀ ਅੰਤਰ ਹੈ। ਇਸ ਬਾਰੇ ਵੀ ਉਹਨਾਂ ਨੂੰ ਗੁਰਮਤਿ ਅਨੁਸਾਰ ਜਾਣਕਾਰੀ ਦਿੱਤੀ ਗਈ ਅਤੇ ਪੰਜ ਕਕਾਰ ਧਾਰਨ ਕਰਕੇ ਗੁਰਸਿੱਖ ਬਣਨ ਅਤੇ ਉਸ ਤੋਂ ਬਾਅਦ ਰੱਖੀ ਜਾਣ ਵਾਲੀ ਰਹਿਤ ਮਰਿਆਦਾ ਬਾਰੇ ਵੀ ਦੱਸਿਆ ਗਿਆ।
ਇਸ ਮੌਕੇ ਕਲਗੀਧਰ ਗਤਕਾ ਅਕੈਡਮੀ ਦੇ ਭੁਜੰਗੀ ਸਿੰਘਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ, ਜਿਸ ਨੂੰ ਵੇਖ ਕੇ ਸਕੂਲੀ ਬੱਚਿਆਂ ਦਾ ਇਹ ਗਰੁੱਪ ਬਹੁਤ ਪ੍ਰਭਾਵਿਤ ਹੋਇਆ ਅਤੇ ਉਹਨਾਂ ਨੇ ਇਸਦੀ ਸ਼ਲਾਘਾ ਵੀ ਕੀਤੀ। ਇਟਾਲੀਅਨ ਭਾਸ਼ਾ ਵਿੱਚ ਇਸ ਗਰੁੱਪ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਇਟਾਲੀਅਨ ਸਕੂਲਾਂ ਵਿੱਚ ਪੜ੍ਹਦੇ ਸਿੱਖ ਬੱਚਿਆਂ ਵੱਲੋਂ ਵੀ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਕੀਤੀ ਗਈ। ਜ਼ਿਕਰਯੋਗ ਹੈ ਕਿ ਬੱਚਿਆਂ ਦੇ ਨਾਲ ਆਏ ਅਧਿਆਪਕਾਂ ਨੇ ਦੱਸਿਆ ਕਿ ਇਸ ਵਾਰ ਉਹਨਾਂ ਨੇ ਬੱਚਿਆਂ ਨੂੰ ਕਿਸੇ ਹੋਰ ਜਗ੍ਹਾ ਵੇਖਣ ਜਾਂ ਘੁੰਮਣ ਲੈ ਕੇ ਜਾਣ ਲਈ ਪੁੱਛਿਆ ਸੀ। ਪਰ ਉਹਨਾਂ ਬੱਚਿਆਂ ਨੇ ਪਿਛਲੇ ਸਾਲਾਂ ਦੀ ਤਰ੍ਹਾਂ ਆਈਆਂ ਕਲਾਸਾਂ ਵਾਂਗ ਹੀ ਗੁਰਦੁਆਰਾ ਸਾਹਿਬ ਵਿਖੇ ਸ਼ਿਰਕਤ ਕਰਨ ਅਤੇ ਸਿੱਖ ਧਰਮ ਬਾਰੇ ਜਾਨਣ ਨੂੰ ਹੀ ਅਹਿਮੀਅਤ ਦਿੱਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਆਏ ਇਟਾਲੀਅਨ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੂੰ ਜੀ ਆਇਆ ਆਖਿਆ ਗਿਆ, ਉੱਥੇ ਹੀ ਸਕੂਲ ਦੇ ਪੰਜ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਪਰੰਤ ਸਾਰੇ ਹੀ ਬੱਚਿਆਂ ਨੇ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਿਆ।
ਪਾਕਿਸਤਾਨ: ਜ਼ਹਿਰੀਲੀ ਧੁੰਦ ਕਾਰਨ ਇਕ ਦਿਨ 'ਚ 15,000 ਤੋਂ ਵੱਧ ਮਾਮਲੇ, ਨਾਸਾ ਨੇ ਸ਼ੇਅਰ ਕੀਤੀ ਤਸਵੀਰ
NEXT STORY