ਡੇਟਨ, (ਰਾਜ ਗੋਗਨਾ)— ਬੀਤੇ ਦਿਨੀਂ 'ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ' (ਸਿਆਨਾ) ਵਲੋਂ ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ 2019 ਸੰਬੰਧੀ ਮੁਕਾਬਲੇ ਸਾਂਝੇ ਤੌਰ 'ਤੇ ਡੇਟਨ ਅਤੇ ਸਿਨਸਿਨਾਟੀ ਵਿਖੇ ਕਰਵਾਏ ਗਏ । 'ਸਿੱਖ ਸੋਸਾਇਟੀ ਆਫ਼ ਡੇਟਨ' ਅਤੇ 'ਸਿੱਖ ਰਲੀਜਿਅਸ ਸੈਂਟਰ ਆਫ਼ ਡੇਟਨ ਗੁਰਦੁਆਰਾ ਸਾਹਿਬ' ਵਿਖੇ ਹੋਏ ਪ੍ਰੋਗਰਾਮਾਂ 'ਚ 6 ਸਾਲ ਤੋਂ ਲੈ ਕੇ 22 ਸਾਲਾਂ ਤੱਕ ਦੇ 56 ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ।
ਸਿਮਪੋਜ਼ੀਅਮ ਅਤੇ ਸੰਸਥਾ ਦੇ ਨੈਸ਼ਨਲ ਕਨਵੀਨਰ ਸ. ਕੁਲਦੀਪ ਸਿੰਘ ਨੇ ਦੱਸਿਆ ਕਿਸਿਆਨਾ ਸੰਸਥਾ ਵਲੋਂ ਸੰਨ 2000 ਤੋਂ ਹਰ ਸਾਲ ਮਾਰਚ-ਅਪ੍ਰੈਲ ਦੇ ਮਹੀਨੇ ਵਿਚ ਇਹ ਮੁਕਾਬਲੇ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ 'ਚ ਕਰਵਾਏ ਜਾਂਦੇ ਹਨ, ਫਿਰ ਰਾਜ ਪੱਧਰੀ ਤੇ ਅੰਤ 'ਚ ਅਗਸਤ ਦੇ ਮਹੀਨੇ ਅੰਤਰ-ਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ । ਇਸ ਵਿਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਭਾਗ ਲਂੈਦੇ ਹਨ। ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਹਰ ਖਿੱਤੇ ਤੋਂ ਜੇਤੂ ਬੱਚੇ ਫਾਈਨਲ ਮੁਕਾਬਲਿਆਂ 'ਚ ਜਾਂਦੇ ਹਨ।

ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਮੁਤਾਬਕ ਪੰਜ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ। ਹਰੇਕ ਗਰੁੱਪ ਨੂੰ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿਚੋਂ ਤਿੰਨ ਸਵਾਲਾਂ ਦੇ ਜਵਾਬ 6 ਤੋਂ 7 ਮਿੰਟਾਂ 'ਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ।ਪਹਿਲੇ ਦਿਨ ਚਾਰ ਗਰੁੱਪਾਂ ਦੇ ਫਾਈਨਲ 'ਚ ਪੁੱਜੇ ਬੱਚਿਆਂ ਦੇ ਭਾਸ਼ਣ ਹੋਏ। ਭਾਗ ਲੈਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਡੇਟਨ ਸਥਿਤ ਅਮਰੀਕਾ ਦੇ ਸਭ ਤੋਂ ਵੱਡੇ ਰਾਈਟ ਪੈਟਰਸਨ ਏਅਰ ਫੋਰਸ ਮਿਊਜ਼ਿਅਮ ਵੀ ਦਿਖਾਇਆ ਗਿਆ। ਸ਼ਾਮ ਨੂੰ ਉਨ੍ਹਾਂ ਨੇ ਖੇਡਾਂ ਵਿਚ ਵੀ ਭਾਗ ਲਿਆ।
ਡਿਬੇਟ ਦੇ ਸੰਚਾਲਕ ਵਿੰਡਸਰ, ਓਟਾਰੀਓ ਤੋਂ ਸ. ਹਰਜਿੰਦਰ ਸਿੰਘ ਸਨ, ਜਿਨ੍ਹਾਂ ਨੇ ਵਿਚਾਰ ਵਟਾਂਦਰੇ ਨੂੰ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ। ਇਸ ਉਪਰੰਤ ਕਨਵੀਨਰ ਸ. ਕੁਲਦੀਪ ਸਿੰਘ ਨੇ ਸੰਗਤ ਨਾਲ ਸਾਕਾ ਨੀਲਾ ਤਾਰਾ ਅਤੇ ਉਪਰੰਤ ਪੰਜਾਬ ਵਿਚ ਜੋ ਵਾਪਰਿਆ, ਉਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਦੂਜੇ ਦਿਨ ਦੀ ਸ਼ਾਮ ਨੂੰ ਸਿਨਸਿਨਾਟੀ ਦੇ ਹੋਲੀਡੇ ਇਨ ਵਿਖੇ ਇਨ੍ਹਾਂ ਫਾਈਨਲ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਜੇਤੂਆਂ ਨੂੰ ਸਨਮਾਨਤ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਬਾਨੀ ਪ੍ਰਧਾਨ ਸ. ਗਿਆਨ ਸਿੰਘ ਸੰਧੂ ਤੇ ਮਰਹੂਮ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ. ਜਸਵੰਤ ਸਿੰਘ ਖਾਲੜਾ ਦੀ ਬੇਟੀ ਨਵਕਿਰਨ ਕੌਰ ਖਾਲੜਾ ਅਤੇ ਸਿਆਨਾ ਸੰਸਥਾ ਦੇ ਕਨਵੀਨਰ ਕੁਲਦੀਪ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸਿਮਪੋਜ਼ੀਅਮ ਦੇ ਅਖੀਰਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਉਪਰੰਤ ਨਤੀਜਿਆਂ ਦਾ ਐਲਾਨ ਕੀਤਾ ਗਿਆ। ਭਾਸ਼ਣ ਪ੍ਰਤੀਯੋਗਤਾ ਵਿਚ ਪਹਿਲੇ ਗਰੁੱਪ ਵਿਚ ਟੈਕਸਸ ਤੋ ਪਾਹੁਲ ਕੌਰ, ਦੂਜੇ ਵਿਚ ਸ਼ਿਕਾਗੋ ਤੋਂ ਮੁਸਕਾਨ ਕੌਰ, ਤੀਜੇ ਵਿਚ ਓਨਟਾਰੀਓ ਤੋਂ ਅਨੇਲ ਕੌਰ, ਚੌਥੇ ਵਿਚ ਓਹਾਇਓ ਤੋਂ ਜਸਜੀਵ ਸਿੰਘ ਅਤੇ ਪੰਜਵੇਂ ਗਰੁੱਪ ਵਿਚ ਟੈਕਸਾਸ ਤੋਂ ਸਹਿਜ ਸਿੰਘ ਪਹਿਲੇ ਸਥਾਨ 'ਤੇ ਰਹੇ। ਜੇਤੂਆਂ ਤੋਂ ਇਲਾਵਾ ਬਾਕੀ ਦੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਸਰਟੀਫਿਕੇਟ ਦਿੱਤੇ ਗਏ। ਭਾਸ਼ਣ ਪ੍ਰਤੀਯੋਗਤਾ 'ਚ ਜੇਤੂਆਂ ਤੋਂ ਇਲਾਵਾ ਬਾਕੀ ਦੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵਿਸ਼ੇਸ਼ ਪੁਰਸਕਾਰ ਦਿੱਤੇ ਗਏ।
ਜੈਸ਼ੰਕਰ 'ਨੇਪਾਲ-ਭਾਰਤ ਸੰਯੁਕਤ ਕਮਿਸ਼ਨ' ਦੀ ਬੈਠਕ ਲਈ ਜਾਣਗੇ ਨੇਪਾਲ
NEXT STORY