ਐਡੀਲੇਡ,(ਏਜੰਸੀ)— ਦੱਖਣੀ ਆਸਟਰੇਲੀਆ 'ਚ ਧੂੜ-ਮਿੱਟੀ ਵਾਲਾ ਤੂਫਾਨ ਉੱਠਣ ਕਾਰਨ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਈਅਰੇ ਪੈਨੀਨਸੁਲਾ 'ਚ ਤੂਫਾਨ ਉੱਠਣ ਮਗਰੋਂ ਅਜਿਹਾ ਕੀਤਾ ਗਿਆ ਹੈ ਕਿਉਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲੋਕਾਂ ਦੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਉਂਝ ਇੱਥੋਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਖੇਤੀ ਲਈ ਚੰਗਾ ਹੈ ਕਿਉਂਕਿ ਆਮ ਤੌਰ 'ਤੇ ਅਜਿਹੇ ਤੂਫਾਨ ਮਗਰੋਂ ਮੀਂਹ ਪੈਂਦਾ ਹੈ। ਇਸ ਲਈ ਉਨ੍ਹਾਂ ਨੂੰ ਆਸ ਹੈ ਕਿ ਅਗਲੇ ਕੁੱਝ ਦਿਨਾਂ 'ਚ ਮੀਂਹ ਜ਼ਰੂਰ ਪਵੇਗਾ ਅਤੇ ਉਨ੍ਹਾਂ ਦੀਆਂ ਫਸਲਾਂ ਜਲਦੀ ਹੀ ਮੀਂਹ 'ਚ ਭਿੱਜਣਗੀਆਂ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੁੱਝ ਥਾਵਾਂ 'ਤੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਤੋਂ ਪਹਿਲਾਂ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਚੁੱਕੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਅਸਥਮਾ, ਸਾਹ ਅਤੇ ਦਿਲ ਸਬੰਧੀ ਰੋਗ ਹਨ, ਉਨ੍ਹਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। ਉਂਝ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਮਿੱਟੀ ਭਰੀ ਹਵਾ 'ਚ ਸਾਹ ਲੈਣ ਨਾਲ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਮੈਲਬੌਰਨ 'ਚ ਦੋ ਸਾਲ ਪਹਿਲਾਂ ਅਜਿਹਾ ਹੀ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਇਸ ਮਗਰੋਂ ਅਸਥਮਾ ਕਾਰਨ 10 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ ਹਜ਼ਾਰਾਂ ਨੇ ਐਮਰਜੈਂਸੀ ਨੰਬਰ 'ਤੇ ਮਦਦ ਲਈ ਫੋਨ ਕੀਤੇ ਸਨ। ਐਰਨੋ ਬੇਅ ਕਾਰਵਾਨ ਪਾਰਕ ਦੇ ਮਾਲਕ ਸਟੀਵਨ ਡਨ ਨੇ ਤਾਂ ਲੋਕਾਂ ਨੂੰ ਮਾਸਕ ਪਹਿਨ ਕੇ ਰੱਖਣ ਦੀ ਸਲਾਹ ਦਿੱਤੀ ਹੈ। ਅੰਬਰੀਂ ਧੂੜ ਚੜ੍ਹਨ ਕਾਰਨ 50 ਮੀਟਰ ਦੀ ਦੂਰੀ ਦੀ ਵਿਜ਼ੀਬਿਲਟੀ ਬਹੁਤ ਘੱਟ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਅੱਖਾਂ, ਕੰਨ, ਨੱਕ ਅਤੇ ਗਲੇ 'ਚ ਅਜਿਹੀ ਧੂੜ ਜਾਣ ਨਾਲ ਬੀਮਾਰੀਆਂ ਵਧਦੀਆਂ ਹਨ। ਐਡੀਲੇਡ ਏਅਰਪੋਰਟ 'ਤੇ ਦੁਪਹਿਰ 2 ਕੁ ਵਜੇ 61 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧੂੜ-ਮਿੱਟੀ ਭਰੀਆਂ ਹਵਾਵਾਂ ਚੱਲੀਆਂ।
ਮਲੇਰੀਆ ਬੁਖਾਰ ਤੋਂ ਬਚਾਉਂਦੇ ਪਲੇਟਲੈੱਟਸ
NEXT STORY