ਰੋਮ (ਦਲਵੀਰ ਕੈਂਥ)- ਆਪਣੇ ਭੱਵਿਖ ਨੂੰ ਬਿਹਤਰ ਬਣਾਉਣ ਲਈ ਹਰ ਇਨਸਾਨ ਕਦੇ ਹਾਲਾਤਾਂ ਨਾਲ ਕਦੇ ਆਪਣੇ ਆਪ ਨਾਲ ਲੜਦਾ ਹੈ ਤੇ ਕਈ ਵਾਰ ਵਕਤ ਦਾ ਝੰਬਿਆ ਇਨਸਾਨ ਦੇਸ਼ ਛੱਡ ਪ੍ਰਦੇਸੀ ਹੋ ਤੁਰਦਾ ਹੈ। ਅੱਜ ਵੀ ਹਜ਼ਾਰਾਂ ਪੰਜਾਬੀ ਨੌਜਵਾਨ ਵਿਦੇਸ਼ ਨੂੰ ਕੂਚ ਕਰ ਰਹੇ ਹਨ।ਚੰਗੇ ਭੱਵਿਖ ਦੇ ਅੱਖਾਂ ਵਿੱਚ ਸੁਪਨੇ ਸਜਾ ਕਈ ਨੌਜਵਾਨ ਤਾਂ ਪ੍ਰਦੇਸ਼ ਵਿੱਚ ਕਾਮਯਾਬ ਹੋ ਜਾਂਦੇ ਤੇ ਕਈ ਵਿਚਾਰੇ ਪ੍ਰਦੇਸ਼ਾਂ ਵਿੱਚ ਕੰਮਾਕਾਰਾਂ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਸਦਾ ਲਈ ਜਹਿਮਤਾਂ ਵਿੱਚ ਘਿਰ ਜਾਂਦੇ ਹਨ। ਅਜਿਹਾ ਹੀ ਵਕਤ ਦਾ ਝੰਬਿਆ ਨੌਜਵਾਨ ਹੈ ਪਰਮਜੀਤ ਸਿੰਘ (40), ਜੋ ਪੰਜਾਬ ਦੇ ਜ਼ਿਲ੍ਹਾ ਸ਼ਹਿਰ ਭਗਤ ਸਿੰਘ ਨਗਰ ਦੇ ਪਿੰਡ ਸੂਰਾਪੁਰ ਦਾ ਰਹਿਣ ਵਾਲਾ ਹੈ।ਪਰਮਜੀਤ ਸਿੰਘ ਵੀ ਇਟਲੀ ਆਇਆ ਸੀ ਭੱਵਿਖ ਨੂੰ ਬਿਹਤਰ ਬਣਾਉਣ ਪਰ ਇੱਥੇ ਇੱਕ ਹਾਦਸੇ ਤੋਂ ਬਾਅਦ ਅੱਜ ਇੱਕ ਦਿਵਿਆਂਗ ਵਾਲੀ ਜ਼ਿੰਦਗੀ ਜਿਊਣ ਲਈ ਬੇਵੱਸ ਤੇ ਲਾਚਾਰ ਹੈ ਕਿਉਂਕਿ ਉਸ ਦਾ 80 ਫੀਸਦੀ ਸਰੀਰ ਅੱਗ ਨਾਲ ਝੁਲਸਿਆ ਜਾ ਚੁੱਕਾ ਹੈ।

ਆਪਣੇ ਨਾਲ ਹੋਈ ਕੁਦਰਤ ਦੀ ਕਰੋਪੀ ਦਾ ਹਾਲ ਬਿਆਨ ਕਰਦਿਆਂ ਪਰਮਜੀਤ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ ਉਹ ਸੰਨ 2014 ਇਟਲੀ ਟੂਰਿਸਟ ਵੀਜ਼ੇ 'ਤੇ ਆਇਆ ਸੀ ਤੇ ਇੱਥੇ ਉਸ ਨੂੰ ਪਹਿਲਾਂ ਤਾਂ ਇੱਕ ਸਾਲ ਕੰਮ ਨਹੀਂ ਮਿਲਿਆ ਫਿਰ ਉਸ ਨੂੰ ਇੱਕ ਘੋੜਿਆਂ ਦੇ ਫਾਰਮ ਹਾਊਸ ਵਿੱਚ ਕੰਮ ਮਿਲ ਗਿਆ।ਮਾਲਕਾਂ ਨੇ ਉੁਸ ਦੀ ਰਿਹਾਇਸ ਵੀ ਆਪਣੇ ਇੱਕ ਲੱਕੜ ਦੇ ਬਣੇ ਘਰ ਵਿੱਚ ਕਰ ਦਿੱਤੀ ਤਾਂ ਜੋ ਉਸ ਨੂੰ ਕੰਮ 'ਤੇ ਆਉਣ-ਜਾਣ ਵਿੱਚ ਪ੍ਰੇਸ਼ਾਨੀ ਨਾ ਹੋਵੇ ਪਰ ਕੌਣ ਜਾਣਦਾ ਸੀ ਕਿ ਇਹ ਲੱਕੜ ਦਾ ਘਰ ਨਹੀਂ ਸਗੋਂ ਪਰਮਜੀਤ ਸਿੰਘ ਲਈ ਮਾਲਕਾਂ ਨੇ ਹੋਣੀ ਦੇ ਦਿੱਤੀ ਜਿਹੜੀ ਕਿ ਇੱਕ ਦਿਨ ਉਸ ਨੂੰ ਸਦਾ ਲਈ ਦਿਵਿਆਂਗ ਬਣਾ ਦੇਵੇਗੀ।ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਅਗਸਤ 2017 ਦੀ ਹੈ ਜਦੋਂ ਉਹ ਦੁਪਿਹਰ ਤੋਂ ਬਾਅਦ ਆਪਣੇ ਘਰ ਨੂੰ ਆਇਆ ਤਾਂ ਲੱਕੜ ਦੇ ਬਣੇ ਘਰ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਜਦੋਂ ਉਸ ਨੇ ਘਰ ਦਾ ਦਰਵਾਜਾ ਖੋਲਿਆ ਤਾਂ ਅੱਗ ਨੇ ਉਸ ਨੂੰ ਬੁਰੀ ਤਰ੍ਹਾਂ ਝੁਲਸ ਕੇ ਰੱਖ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਬਿਨਾਂ ਮਨਜ਼ੂਰੀ ਦੇ ਹਸਪਤਾਲ ਨੇ ਬਜ਼ੁਰਗ ਸਿੱਖ ਦੀ ਕੱਟ ਦਿੱਤੀ ਦਾੜ੍ਹੀ, ਭਖਿਆ ਮਾਮਲਾ

ਬੇਸ਼ੱਕ ਘਟਨਾ ਦੇ ਕੁਝ ਸਮੇਂ ਬਾਅਦ ਹੀ ਅੰਬੂਲੈਂਸ ਉਸ ਨੂੰ ਹਸਪਤਾਲ ਲੈ ਗਈ ਪਰ ਇੰਨੇ ਸਮੇਂ ਵਿੱਚ ਅੱਗ ਨੇ ਪਰਮਜੀਤ ਸਿੰਘ ਦੇ ਸਾਰੇ ਸਰੀਰ ਨੂੰ ਅਜਿਹਾ ਝੁਲਸਿਆ ਕਿ 9 ਮਹੀਨੇ ਤੱਕ ਉਹ ਬੇਸੁੱਧ ਕੋਮਾ ਵਿੱਚ ਹੀ ਰੱਬ ਆਸਰੇ ਦਿਨ ਕੱਟਦਾ ਰਿਹਾ ਤੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਆਪਣਾ ਹਾਲ ਦੇਖ ਉਸ ਦੀਆਂ ਧਾਹਾਂ ਨਿਕਲ ਗਈਆਂ।ਉਸ ਦੇ ਸ਼ਰੀਰ ਦੀਆਂ ਅਨੇਕਾਂ ਸਰਜਰੀਆਂ ਨੇ ਉਸ ਨੂੰ ਬੇਜਾਨ ਕਰ ਦਿੱਤਾ।ਅੱਗ ਦੇ ਸੇਕ ਨੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਵੀ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਦਿੱਤਾ।ਕਰੀਬ ਦੋ ਸਾਲ ਬਾਅਦ ਉਸ ਨੇ ਪਾਣੀ ਦਾ ਗੁੱਟ ਪੀਤਾ ਤੇ ਅੱਜ ਘਟਨਾ ਦੇ 7-8 ਸਾਲ ਬਾਅਦ ਵੀ ਉਹ ਆਪਣੇ ਪੈਰਾਂ 'ਤੇ ਨਹੀਂ ਖੜ੍ਹ ਸਕਦਾ।ਅੱਜ ਉਹ ਇਟਲੀ ਦੇ ਸੂਬੇ ਲਿਗੂਰੀਆ ਦੇ ਸ਼ਹਿਰ ਬਰੂਨਿਆਤੋ ਦੇ ਇੱਕ ਸਰਕਾਰੀ ਘਰ ਵਿੱਚ ਰਹਿੰਦਾ ਹੈ।

ਉਹ ਇਟਲੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਥੋੜ੍ਹੀ -ਬਹੁਤ ਆਰਥਿਕ ਮਦਦ ਨਾਲ ਆਪਣਾ ਡੰਗ ਟੱਪਾ ਰਿਹਾ ਹੈ ਪਰ ਜਿਸ ਭੱਵਿਖ ਨੂੰ ਬਿਹਤਰ ਬਣਾਉਣ ਉਹ ਆਪਣੀ ਨੰਨੀ ਬੱਚੀ,ਘਰਵਾਲੀ ਤੇ ਬੁੱਢੇ ਮਾਪਿਆਂ ਨੂੰ ਛੱਡ ਇਟਲੀ ਆਇਆ ਸੀ ਉਹੀ ਹੁਣ ਧੁੰਦਲਾ ਹੋ ਗਿਆ ਜਿਸ ਕਾਰਨ ਪਰਮਜੀਤ ਸਿੰਘ ਨੇ ਇਟਲੀ ਦੇ ਭਾਰਤੀ ਭਾਈਚਾਰੇ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੀਆਂ ਜ਼ਿੰਮੇਵਾਰੀਆਂ ਪਰਿਵਾਰ ਪ੍ਰਤੀ ਕੁਝ ਤਾਂ ਨਿਭਾ ਸਕੇ।ਉਸ ਦਾ ਪਰਿਵਾਰ ਪੰਜਾਬ ਵਿੱਚ ਉਸ ਲਈ ਬਹੁਤ ਚਿੰਤਤ ਹੈ।ਇਟਲੀ ਵਿੱਚ ਕਈ ਯਾਰਾਂ, ਦੋਸਤਾਂ, ਰਿਸ਼ਤੇਦਾਰਾਂ ਨੇ ਚਾਹੇ ਉਸ ਦੀ ਆਪਣੀ ਪਹੁੰਚ ਅਨੁਸਾਰ ਮਦਦ ਕੀਤੀ ਵੀ ਹੈ ਪਰ ਦਿਵਿਆਂਗ ਪਰਮਜੀਤ ਸਿੰਘ ਜਿਹੜਾ ਕਿ ਜ਼ਿੰਦਗੀ ਵਿੱਚ ਸ਼ਾਇਦ ਕਦੀਂ ਵੀ ਆਪਣੇ ਪੈਰਾਂ 'ਤੇ ਨਾ ਖੜ੍ਹ ਸਕੇ ਭਾਈਚਾਰੇ ਨੂੰ ਮਦਦ ਦੀ ਅਪੀਲ ਕਰਦਾ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਦਾ ਦਿੱਤਾ ਸਾਥ ਸ਼ਾਇਦ ਉਸ ਦੀ ਰਹਿੰਦੀ ਜ਼ਿੰਦਗੀ ਨੂੰ ਕੁਝ ਹੱਦ ਤੱਕ ਸੁਖਾਲਾ ਕਰ ਦਵੇ।ਪਰਮਜੀਤ ਸਿੰਘ ਨਾਲ ਹੋਏ ਹਾਦਸੇ ਵਿੱਚ ਕੋਈ ਕਾਨੂੰਨੀ ਕਾਰਵਾਈ ਵੀ ਉਸ ਵੱਲੋਂ ਨਹੀਂ ਹੋ ਸਕੀ ਕਿਉਂਕਿ ਕੋਈ ਕੇਸ ਦੀ ਪੈਰਵੀਂ ਕਰਨ ਵਾਲਾ ਨਹੀਂ ਸੀ ਤੇ ਜਿਹੜਾ ਕੇਸ ਪੁਲਸ ਨੇ ਹੋਏ ਹਾਦਸੇ ਦੇ ਮੱਦੇਨਜ਼ਰ ਦਰਜ ਕੀਤਾ ਉਸ ਨੂੰ ਕੰਮ ਦੇ ਮਾਲਕ ਨੇ ਆਪਣੇ ਅਸਰ ਰਸੂਖ ਨਾਲ ਆਪਣੇ ਹੱਕ ਵਿੱਚ ਕਰਵਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਦੇਸ਼ਾਂ 'ਚ ਵੀ ਨ੍ਹੀਂ ਟਲਦੇ ਪਾਕਿਸਤਾਨੀ! ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਮਗਰੋਂ PIA ਅਧਿਕਾਰੀ ਬਰਖਾਸਤ
NEXT STORY