ਇੰਟਰਨੈਸ਼ਨਲ ਡੈਸਕ: ਗਲੋਬਲ ਪੱਧਰ 'ਤੇ ਗਰਮੀ ਦਾ ਕਹਿਰ ਦਿਸਣ ਲੱਗ ਪਿਆ ਹੈ। ਏਸ਼ੀਆ ਤੋਂ ਲੈ ਕੇ ਯੂਰਪ ਤੱਕ ਲਗਭਗ ਸਾਰੇ ਦੇਸ਼ ਲਗਾਤਾਰ ਵਧਦੇ ਤਾਪਮਾਨ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਵਿਗਿਆਨੀਆਂ ਅਤੇ ਮੌਸਮ ਮਾਹਿਰਾਂ ਅਨੁਸਾਰ ਅਲ ਨੀਨੋ ਅਤੇ ਜਲਵਾਯੂ ਤਬਦੀਲੀ ਕਾਰਨ 'ਹੀਟਵੇਵ' (ਲੂ) ਹੁਣ ਪਹਿਲਾਂ ਨਾਲੋਂ ਕਿਤੇ ਵੱਧ ਖ਼ਤਰਨਾਕ, ਲੰਬੀ ਅਤੇ ਸਮੇਂ ਤੋਂ ਪਹਿਲਾਂ ਆਉਣ ਲੱਗੀ ਹੈ। ਮੌਸਮ ਵਿੱਚ ਆਈ ਇਸ ਤਬਦੀਲੀ ਕਾਰਨ ਕਈ ਦੇਸ਼ਾਂ ਵਿੱਚ ਸਕੂਲ, ਖੇਡਾਂ ਅਤੇ ਜਨਤਕ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਬ੍ਰਿਟੇਨ ਅਤੇ ਫਰਾਂਸ 'ਚ ਟੁੱਟੇ ਸਦੀ ਪੁਰਾਣੇ ਰਿਕਾਰਡ
ਬ੍ਰਿਟੇਨ: ਮਈ ਵਿੱਚ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਬ੍ਰਿਟੇਨ ਵਿੱਚ ਦਰਜ ਕੀਤਾ ਗਿਆ ਹੈ। ਬ੍ਰਿਟੇਨ ਵਿੱਚ ਤਾਪਮਾਨ 34.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜਿਸ ਨੇ ਸਾਲ 1922 ਅਤੇ 1944 ਦੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਮਾਹਿਰਾਂ ਅਨੁਸਾਰ ਅਜਿਹੀ ਗਰਮੀ ਆਮ ਤੌਰ 'ਤੇ ਜੁਲਾਈ ਜਾਂ ਅਗਸਤ ਵਿੱਚ ਹੁੰਦੀ ਸੀ, ਜੋ ਹੁਣ ਮਈ ਵਿੱਚ ਹੀ ਪੈ ਰਹੀ ਹੈ। ਗਰਮੀ ਤੋਂ ਬਚਣ ਲਈ ਲੋਕ ਪਾਰਕ, ਫੁਹਾਰਿਆਂ ਅਤੇ ਸਵਿਮਿੰਗ ਪੂਲ ਦਾ ਸਹਾਰਾ ਲੈ ਰਹੇ ਹਨ।
ਫਰਾਂਸ: ਦੇਸ਼ ਦੇ 350 ਤੋਂ ਵੱਧ ਸ਼ਹਿਰਾਂ ਵਿੱਚ ਮਈ ਮਹੀਨੇ ਦੇ ਤਾਪਮਾਨ ਦੇ ਰਿਕਾਰਡ ਟੁੱਟ ਗਏ ਹਨ। ਕਈ ਇਲਾਕਿਆਂ ਵਿੱਚ ਪਾਰਾ 37 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਸਰਕਾਰ ਨੇ ਕਈ ਖੇਤਰਾਂ ਵਿਚ ਉੱਚ ਤਾਪਮਾਨ ਅਲਰਟ ਜਾਰੀ ਕੀਤਾ ਹੈ ਤੇ ਲੋਕਾਂ ਨੂੰ ਦੁਪਹਿਰ ਵੇਲੇ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ।ਪੈਰਿਸ ਵਿੱਚ ਇੱਕ ਰਨਿੰਗ ਈਵੈਂਟ ਦੌਰਾਨ ਗਰਮੀ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ।
ਸਪੇਨ: ਇੱਥੇ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਅਨੁਮਾਨ ਹੈ ਅਤੇ ਰਾਤ ਵੇਲੇ ਵੀ ਪਾਰਾ 20 ਡਿਗਰੀ ਤੋਂ ਹੇਠਾਂ ਨਹੀਂ ਜਾ ਰਿਹਾ, ਜੋ ਸਿਹਤ ਲਈ ਬਹੁਤ ਖ਼ਤਰਨਾਕ ਹੈ।
ਏਸ਼ੀਆਈ ਦੇਸ਼ਾਂ ਵਿੱਚ ਵੀ ਹਾਲਾਤ ਗੰਭੀਰ
ਪਾਕਿਸਤਾਨ: ਸਿੰਧ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਚੁੱਕਾ ਹੈ।
ਵੀਅਤਨਾਮ: ਕਈ ਇਲਾਕਿਆਂ ਵਿੱਚ ਪਾਰਾ 40 ਡਿਗਰੀ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਜੰਗਲਾਂ ਵਿੱਚ ਅੱਗ ਲੱਗਣ ਦਾ ਖ਼ਤਰਾ ਵਧ ਗਿਆ ਹੈ।
ਫਿਲੀਪੀਨਜ਼: ਵਧਦੀ ਗਰਮੀ ਕਾਰਨ ਇੱਥੇ ਸਕੂਲਾਂ ਨੂੰ ਆਨਲਾਈਨ ਮੋਡ 'ਤੇ ਚਲਾਉਣ ਦੀ ਨੌਬਤ ਆ ਗਈ ਹੈ।
ਚੀਨ, ਥਾਈਲੈਂਡ ਅਤੇ ਮੈਕਸੀਕੋ ਵਿੱਚ ਵੀ ਰਿਕਾਰਡ ਤੋੜ ਗਰਮੀ ਕਾਰਨ ਹੈਲਥ ਅਲਰਟ ਜਾਰੀ ਕੀਤੇ ਗਏ ਹਨ ਅਤੇ ਮੌਤਾਂ ਦੀਆਂ ਖ਼ਬਰਾਂ ਮਿਲ ਰਹੀਆਂ ਹਨ।
ਭਾਰਤ 'ਚ 'ਨੌਤਪਾ' ਨੇ ਕੱਢੇ ਵੱਟ; ਪੰਜਾਬ-ਹਰਿਆਣਾ 'ਚ ਲੂ ਦਾ ਕਹਿਰ
ਭਾਰਤ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਹੈ। 'ਨੌਤਪਾ' ਦੇ ਪਹਿਲੇ ਦਿਨ ਉੱਤਰ-ਪੱਛਮ ਤੋਂ ਲੈ ਕੇ ਮੱਧ ਭਾਰਤ ਤੱਕ ਲੋਕ ਗਰਮੀ ਅਤੇ ਹੁੰਮਸ ਨਾਲ ਬੇਹਾਲ ਰਹੇ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਚਿਲਚਿਲਾਤੀ ਧੁੱਪ ਦੇ ਨਾਲ ਗਰਮ ਲੂ ਚੱਲਦੀ ਰਹੀ। ਮੌਸਮ ਵਿਭਾਗ ਅਨੁਸਾਰ ਅਗਲੇ 4-5 ਦਿਨ ਅਜਿਹੀ ਹੀ ਝੁਲਸਾ ਦੇਣ ਵਾਲੀ ਗਰਮੀ ਪੈਣ ਦੇ ਆਸਾਰ ਹਨ। ਹਾਲਾਂਕਿ, ਤਮਿਲਨਾਡੂ ਦੇ 8 ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਭਾਰਤੀਆਂ ਲਈ Good News ! ਫ੍ਰੀ On Arrival Visa ਦੇ ਰਿਹੈ ਇਹ ਦੇਸ਼
NEXT STORY