ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਾ ਸੁਰੱਖਿਅਤ ਨਹੀਂ ਹੈ। ਅਕਸਰ ਹਿੰਦੂ ਮੰਦਰ ਕੱਟੜਪੰਥੀਆਂ ਦੀ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਬੁੱਧਵਾਰ ਨੂੰ ਇਕ ਵਾਰ ਫਿਰ ਕਰਾਚੀ ਦੇ ਕੋਰੰਗੀ ਇਲਾਕੇ 'ਚ ਸ਼੍ਰੀ ਮਰੀ ਮਾਤਾ ਮੰਦਰ 'ਚ ਮੂਰਤੀਆਂ 'ਤੇ ਹਮਲਾ ਕੀਤਾ ਗਿਆ। ਕੋਰੰਗੀ ਥਾਣੇ ਤੋਂ ਥੋੜ੍ਹੀ ਦੂਰੀ 'ਤੇ 'ਜੇ' ਇਲਾਕੇ ਵਿੱਚ ਸ਼੍ਰੀ ਮਰੀ ਮਾਤਾ ਦਾ ਮੰਦਰ ਸਥਿਤ ਹੈ। ਮੰਦਰ 'ਤੇ ਹਮਲੇ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੰਦਰ ਦਾ ਮੁਆਇਨਾ ਕੀਤਾ ਅਤੇ ਘਟਨਾ ਦੀ ਜਾਣਕਾਰੀ ਲਈ।
ਐਕਸਪ੍ਰੈਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਘਟਨਾ ਤੋਂ ਬਾਅਦ ਕਰਾਚੀ ਦੇ ਹਿੰਦੂ ਭਾਈਚਾਰੇ 'ਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ, ਖਾਸ ਕਰਕੇ ਕੋਰੰਗੀ ਇਲਾਕੇ 'ਚ ਜਿੱਥੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਸ ਤਾਇਨਾਤ ਕੀਤੀ ਗਈ ਹੈ। ਇਲਾਕਾ ਨਿਵਾਸੀ ਸੰਜੀਵ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਛੇ ਤੋਂ ਅੱਠ ਵਿਅਕਤੀ ਇਲਾਕੇ 'ਚ ਆਏ ਅਤੇ ਮੰਦਰ 'ਤੇ ਹਮਲਾ ਕਰ ਦਿੱਤਾ। ਮਾਮਲਾ ਦਰਜ ਕਰਨ ਲਈ ਪੁਲਸ ਨਾਲ ਸੰਪਰਕ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸਾਨੂੰ ਨਹੀਂ ਪਤਾ ਕਿ ਇਹ ਹਮਲਾ ਕਿਸ ਨੇ ਅਤੇ ਕਿਉਂ ਕੀਤਾ।
ਕੀਤੀ ਮੂਰਤੀਆਂ ਦੀ ਭੰਨਤੋੜ
ਜਾਣਕਾਰੀ ਮੁਤਾਬਕ ਕੋਰੰਗੀ ਸਥਿਤ ਹਨੂੰਮਾਨ ਮੰਦਰ 'ਤੇ ਭੀੜ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ਼ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਸਗੋਂ ਲੁੱਟ-ਖੋਹ ਵੀ ਕੀਤੀ। ਦੋਸ਼ ਹੈ ਕਿ ਦੋਸ਼ੀਆਂ ਨੂੰ ਫੜਨ ਲਈ ਕੋਈ ਵੀ ਪੁਲਸ ਕਰਮਚਾਰੀ ਮੌਕੇ 'ਤੇ ਨਹੀਂ ਪਹੁੰਚਿਆ। ਕੋਰੰਗੀ ਦੇ ਐਸ.ਐਚ.ਓ. ਫਾਰੂਕ ਸੰਜਰਾਨੀ ਦੇ ਅਨੁਸਾਰ, ਪੰਜ ਤੋਂ ਛੇ ਅਣਪਛਾਤੇ ਸ਼ੱਕੀ ਮੰਦਰ ਵਿੱਚ ਦਾਖਲ ਹੋਏ ਅਤੇ ਮੰਦਰ ਵਿੱਚ ਭੰਨਤੋੜ ਕੀਤੀ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਪਾਕਿਸਤਾਨ ਵਿੱਚ ਪਹਿਲਾਂ ਵੀ ਭੀੜਾਂ ਵੱਲੋਂ ਹਿੰਦੂ ਮੰਦਰਾਂ 'ਤੇ ਹਮਲੇ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਲਰਕਾਨਾ 'ਚ ਅਣਪਛਾਤੇ ਲੋਕਾਂ ਨੇ ਮੰਦਰ 'ਚ ਭੰਨਤੋੜ ਕੀਤੀ ਸੀ। ਅਕਤੂਬਰ ਵਿੱਚ ਕੋਟਰੀ ਵਿਖੇ ਸਿੰਧ ਨਦੀ ਦੇ ਕੰਢੇ ਸਥਿਤ ਇਤਿਹਾਸਕ ਮੰਦਰ 'ਤੇ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ 'ਤੇ ਹਮਲਾ ਕੀਤਾ ਸੀ। ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਭਾਜਪਾ ਦੀ ਸਾਬਕਾ ਨੇਤਾ ਨੂਪੁਰ ਸ਼ਰਮਾ ਦੇ ਬਿਆਨਾਂ 'ਤੇ ਭਾਰਤ ਨੂੰ ਗਿਆਨ ਦੇ ਰਿਹਾ ਹੈ ਪਰ ਆਪਣੇ ਹੀ ਦੇਸ਼ ਵਿਚ ਹਿੰਦੂਆਂ ਅਤੇ ਸਿੱਖਾਂ ਵਰਗੀਆਂ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਹਾਲਤ ਬਹੁਤ ਤਰਸਯੋਗ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
EU ਨੇ ਲਿਆ ਵੱਡਾ ਫੈਸਲਾ, ਹੁਣ ਹਰ ਇਲੈਕਟ੍ਰਾਨਿਕ ਡਿਵਾਈਸ ਲਈ ਨਹੀਂ ਖ਼ਰੀਦਣਾ ਪਵੇਗਾ ਵੱਖਰਾ ਚਾਰਜਰ
NEXT STORY