ਨਵੀਂ ਦਿੱਲੀ - ਚੀਨ ਦੇ ਪ੍ਰਾਪਰਟੀ ਬਾਜ਼ਾਰ ’ਚ ਹਾਲ ਹੀ ’ਚ ਭੂਚਾਲ ਆ ਗਿਆ ਹੈ। ਚੀਨ ’ਚ ਮਕਾਨਾਂ ਦੀਆਂ ਕੀਮਤਾਂ 20 ਸਾਲ ਪਹਿਲਾਂ ਦੇ ਪੱਧਰ ’ਤੇ ਪਹੁੰਚ ਗਈਆਂ ਹਨ। ਇਸ ਗਿਰਾਵਟ ਕਾਰਨ ਜਿੱਥੇ ਪੂਰੀ ਦੁਨੀਆ ਹੈਰਾਨ ਹੈ, ਉੱਥੇ ਹੀ ਭਾਰਤ ’ਚ ਵੀ ਸੋਸ਼ਲ ਮੀਡੀਆ ’ਤੇ ਲੋਕ ਸਵਾਲ ਪੁੱਛ ਰਹੇ ਹਨ ਕਿ ਕੀ ਭਾਰਤ ’ਚ ਵੀ ਪ੍ਰਾਪਰਟੀ ਦੀਆਂ ਕੀਮਤਾਂ ਡਿੱਗਣ ਵਾਲੀਆਂ ਹਨ।
ਦਰਅਸਲ, ਚੀਨ ਦੇ ਰਿਹਾਇਸ਼ੀ ਜਾਇਦਾਦ ਬਾਜ਼ਾਰ ’ਚ ਲੰਬੇ ਸਮੇਂ ਤੋਂ ਮੰਦੀ ਦੇਖੀ ਜਾ ਰਹੀ ਹੈ, ਜਿੱਥੇ 70 ਸ਼ਹਿਰਾਂ ’ਚ ਕੀਮਤਾਂ ਕਥਿਤ ਤੌਰ ’ਤੇ ਲੱਗਭਗ 2 ਦਹਾਕਿਆਂ ’ਚ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈਆਂ ਹਨ।
ਇਕ ਮੀਡੀਆ ਚੈਨਲ ਦੀ ਇਕ ਰਿਪੋਰਟ ਦੇ ਅਨੁਸਾਰ, ਵਿਸ਼ਲੇਸ਼ਕ ਚੀਨ ਦੇ ਪ੍ਰਾਪਰਟੀ ਬਾਜ਼ਾਰ ’ਚ ਲਗਾਤਾਰ ਆ ਰਹੀ ਇਸ ਗਿਰਾਵਟ ਨੂੰ ਅਚਾਨਕ ਨਹੀਂ ਮੰਨਦੇ ਹਨ। ਉਹ ਇਸ ਨੂੰ ਲਗਾਤਾਰ 4 ਸਾਲਾਂ ਤੋਂ ਜਾਰੀ ‘ਮੱਠੀ ਰਫਤਾਰ ਨਾਲ ਹੋ ਰਹੀ ਗਿਰਾਵਟ’ ਦੱਸਦੇ ਹਨ।
ਰਿਪੋਰਟ ਅਨੁਸਾਰ, 2025 ਦੇ ਪਹਿਲੇ 10 ਮਹੀਨਿਆਂ ’ਚ ਰੀਅਲ ਅਸਟੇਟ ਨਿਵੇਸ਼ ’ਚ 14.7 ਫੀਸਦੀ ਦੀ ਗਿਰਾਵਟ ਆਈ, ਜਦੋਂ ਕਿ ਨਵੇਂ ਘਰਾਂ ਦੀ ਵਿਕਰੀ ਲਗਾਤਾਰ 5 ਸਾਲਾਂ ਤੋਂ ਘਟ ਰਹੀ ਹੈ। ਬਿਨਾਂ ਵਿਕੇ ਤਿਆਰ ਮਕਾਨਾਂ ਦੇ ਖੇਤਰਫਲ ਦਾ ਘੇਰਾ ਵਧ ਕੇ 391 ਮਿਲੀਅਨ ਵਰਗ ਮੀਟਰ ਪਹੁੰਚ ਗਿਆ ਹੈ, ਜੋ 2021 ਦੇ ਮੁਕਾਬਲੇ 72 ਫੀਸਦੀ ਜ਼ਿਆਦਾ ਹੈ।
ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸੋਸ਼ਲ ਮੀਡੀਆ ‘ਐਕਸ’ ’ਤੇ ਇਕ ਪੋਸਟ ’ਚ ਦਾਅਵਾ ਕੀਤਾ ਗਿਆ ਕਿ ਚੀਨ ਦਾ ਮਹਿੰਗਾਈ-ਅਨੁਕੂਲ ਰਿਹਾਇਸ਼ੀ ਜਾਇਦਾਦ ਮੁੱਲ ਸੂਚਕ ਅੰਕ 2025 ਦੀ ਚੌਥੀ ਤਿਮਾਹੀ ’ਚ ਡਿੱਗ ਕੇ 86.79 ਹੋ ਗਿਆ, ਜੋ 2021 ਦੇ ਅੰਤ ’ਚ ਆਪਣੇ ਸਭ ਤੋਂ ਉੱਚੇ ਪੱਧਰ 113 ਤੋਂ ਕਾਫ਼ੀ ਹੇਠਾਂ ਹੈ।
ਇਹ 4 ਸਾਲਾਂ ’ਚ 23 ਫੀਸਦੀ ਦੀ ਅਸਲ ਗਿਰਾਵਟ ਨੂੰ ਦਰਸਾਉਂਦਾ ਹੈ, ਜਿਸ ਨਾਲ ਮਹਿੰਗਾਈ-ਅਨੁਕੂਲ ਸੰਦਰਭ ’ਚ ਬਾਜ਼ਾਰ ਦੇ ਮੁੱਲ ਦਾ ਲੱਗਭਗ ਇਕ-ਚੌਥਾਈ ਹਿੱਸਾ ਪ੍ਰਭਾਵਸ਼ਾਲੀ ਤੌਰ ’ਤੇ ਖ਼ਤਮ ਹੋ ਗਿਆ ਹੈ। ਇਕ ਹੋਰ ਰਿਪੋਰਟ ਅਨੁਸਾਰ, ਚੀਨ ’ਚ ਪ੍ਰਾਪਰਟੀ ਦੀਆਂ ਕੀਮਤਾਂ ’ਚ ਗਿਰਾਵਟ ਦਾ ਖਦਸ਼ਾ ਹੋਰ ਵਧਣ ਵਾਲਾ ਹੈ।
ਚੀਨ ’ਚ ਪ੍ਰਾਪਰਟੀ ਦੀਆਂ ਕੀਮਤਾਂ ਕਿਉਂ ਡਿੱਗੀਆਂ?
ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ ਦੇ ਅੰਕੜਿਆਂ ਅਨੁਸਾਰ ਜੇਕਰ ਅਸੀਂ ਮਹਿੰਗਾਈ ਨੂੰ ਜੋੜ ਕੇ ਦੇਖੀਏ ਤਾਂ ਚੀਨ ’ਚ ਮਕਾਨਾਂ ਦੀਆਂ ਕੀਮਤਾਂ 2021 ਦੇ ਮੁਕਾਬਲੇ ਲੱਗਭਗ 23 ਫੀਸਦੀ ਤੱਕ ਡਿੱਗ ਚੁੱਕੀਆਂ ਹਨ। ਭਾਵ, ਉੱਥੋਂ ਦੇ ਲੋਕਾਂ ਦੀ ਜਮ੍ਹਾ ਪੂੰਜੀ ਦਾ ਇਕ ਵੱਡਾ ਹਿੱਸਾ ਖ਼ਤਮ ਹੋ ਚੁੱਕਾ ਹੈ।
ਅਮਰੀਕਾ ਤੋਂ ਬਾਅਦ ਚੀਨ ਦੀ ਅਰਥਵਿਵਸਥਾ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਇਸ ਦੀ ਕੁੱਲ ਜੀ. ਡੀ. ਪੀ. ਦਾ ਰੀਅਲ ਅਸਟੇਟ ਅਤੇ ਇਸ ਨਾਲ ਜੁੜੇ ਕੰਮਾਂ ਦਾ ਹਿੱਸਾ ਲੱਗਭਗ 25 ਫੀਸਦੀ ਸੀ। ਉੱਥੋਂ ਦੇ ਆਮ ਲੋਕ ਆਪਣਾ ਪੈਸਾ ਸ਼ੇਅਰ ਬਾਜ਼ਾਰ ’ਚ ਲਾਉਣ ਦੇ ਬਜਾਏ ਘਰਾਂ ’ਚ ਨਿਵੇਸ਼ ਕਰਨਾ ਜ਼ਿਆਦਾ ਪਸੰਦ ਕਰਦੇ ਸਨ। ਹੁਣ ਜਦੋਂ ਘਰਾਂ ਦੀਆਂ ਕੀਮਤਾਂ ਡਿੱਗ ਰਹੀਆਂ ਹਨ, ਤਾਂ ਕਰੋੜਾਂ ਪਰਿਵਾਰਾਂ ਦੀ ਜਾਇਦਾਦ ਮਿੱਟੀ ’ਚ ਮਿਲ ਰਹੀ ਹੈ।
Mexico City 'ਤੇ ਖ਼ਤਰਾ! ਹਰ ਸਾਲ 10 ਇੰਚ ਧੱਸ ਰਿਹਾ ਸ਼ਹਿਰ, NASA ਨੇ ਸੈਟੇਲਾਈਟ ਤਸਵੀਰਾਂ ਰਾਹੀਂ ਕੀਤਾ ਸੁਚੇਤ
NEXT STORY