ਜੋਹਾਨਸਬਰਗ (ਭਾਸ਼ਾ)- ਭਾਰਤੀ ਮੂਲ ਦੇ ਖੁਫ਼ੀਆ ਸੇਵਾ ਅਧਿਕਾਰੀ ਇਮਤਿਆਜ਼ ਅਹਿਮਦ ਫਜ਼ਲ ਨੂੰ ਦੱਖਣੀ ਅਫ਼ਰੀਕਾ ਦੀ ਸੰਸਦ ਨੇ ਦੇਸ਼ ਦਾ ਖੁਫ਼ੀਆ ਵਿਭਾਗ (IGI) ਦਾ ਇੰਸਪੈਕਟਰ ਜਨਰਲ ਨਿਯੁਕਤ ਕੀਤਾ ਹੈ। ਆਈਜੀਆਈ ਕੋਲ ਦੱਖਣੀ ਅਫ਼ਰੀਕਾ ਦੀਆਂ ਤਿੰਨ ਮੁੱਖ ਖੁਫ਼ੀਆ ਸੇਵਾਵਾਂ-ਰਾਜ ਸੁਰੱਖਿਆ ਏਜੰਸੀ, ਮਿਲਟਰੀ ਇੰਟੈਲੀਜੈਂਸ ਏਜੰਸੀ ਅਤੇ ਦੱਖਣੀ ਅਫ਼ਰੀਕੀ ਪੁਲਸ ਸੇਵਾਵਾਂ ਦੇ ਕ੍ਰਾਈਮ ਇੰਟੈਲੀਜੈਂਸ ਡਿਵੀਜ਼ਨ ਵਿੱਚ ਦੁਰਵਿਵਹਾਰ ਦੇ ਦੋਸ਼ਾਂ ਦੀ ਜਾਂਚ ਕਰਨ ਦੀ ਵਿਧਾਨਿਕ ਸ਼ਕਤੀ ਹੈ। ਨੈਸ਼ਨਲ ਅਸੈਂਬਲੀ ਨੇ ਇੰਟੈਲੀਜੈਂਸ ਸਰਵਿਸਿਜ਼ ਸਰਵੇਲੈਂਸ ਐਕਟ 1994 ਦੀ ਧਾਰਾ 7(1) ਦੇ ਅਨੁਸਾਰ ਫਜ਼ਲ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਦਿੱਤੀ। ਫਜ਼ਲ ਨੇ 12 ਹੋਰ ਦਾਅਵੇਦਾਰਾਂ ਨੂੰ ਪਿੱਛੇ ਛੱਡਦੇ ਹੋਏ ਆਈਜੀਆਈ ਦੇ ਅਹੁਦੇ ਲਈ ਮਨਜ਼ੂਰੀ ਹਾਸਲ ਕੀਤੀ। ਇਸ ਅਹੁਦੇ ਲਈ ਕੁੱਲ 25 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 12 ਨੂੰ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਗਿਆ ਸੀ। ਹਾਲਾਂਕਿ ਫਜ਼ਲ ਦੀ ਨਿਯੁਕਤੀ ਦੀ ਅਧਿਕਾਰਤ ਤੌਰ 'ਤੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਦੁਆਰਾ ਪੁਸ਼ਟੀ ਕੀਤੀ ਜਾਣੀ ਬਾਕੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਸੂਟਕੇਸ 'ਚੋਂ ਮਿਲੀਆਂ ਸਨ ਬੱਚਿਆਂ ਦੀਆਂ ਲਾਸ਼ਾਂ, ਮਾਂ ਦੱਖਣੀ ਕੋਰੀਆ ਤੋਂ ਗ੍ਰਿਫ਼ਤਾਰ
ਨੈਸ਼ਨਲ ਅਸੈਂਬਲੀ ਵੱਲੋਂ ਜਾਰੀ ਬਿਆਨ ਅਨੁਸਾਰ,ਐਕਟ ਦੇ ਤਹਿਤ ਸਾਂਝੀ ਸਥਾਈ ਕਮੇਟੀ (JSCI) ਨੂੰ ਦਾਅਵੇਦਾਰ ਦੇ ਨਾਮ ਦੀ ਸਿਫ਼ਾਰਸ਼ 'ਤੇ ਨੈਸ਼ਨਲ ਅਸੈਂਬਲੀ ਦੇ ਘੱਟੋ-ਘੱਟ ਦੋ ਤਿਹਾਈ ਮੈਂਬਰਾਂ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਸਦਨ ਜੇ.ਐੱਸ.ਸੀ.ਆਈ. ਦੀ ਸਿਫ਼ਾਰਸ਼ ਨੂੰ ਮਨਜ਼ੂਰੀ ਦਿੰਦਾ ਹੈ, ਤਾਂ ਸਬੰਧਤ ਨਾਮ ਨੂੰ ਆਈਜੀਆਈ ਵਜੋਂ ਨਾਮਜ਼ਦ ਵਿਅਕਤੀ ਦੀ ਨਿਯੁਕਤੀ 'ਤੇ ਵਿਚਾਰ ਕਰਨ ਲਈ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੂੰ ਭੇਜਿਆ ਜਾਂਦਾ ਹੈ। 15 ਮਾਰਚ 2022 ਨੂੰ ਸੇਟਾਲੋਮੋਮਾਰੂ ਆਈਜ਼ੈਕ ਡਿਨਟਵੇ ਦੀ ਸੇਵਾਮੁਕਤੀ ਤੋਂ ਬਾਅਦ ਦੱਖਣੀ ਅਫਰੀਕਾ ਦਾ ਆਈਜੀਆਈ ਅਹੁਦਾ ਖਾਲੀ ਹੋ ਗਿਆ ਸੀ। ਫਜ਼ਲ ਕੋਲ ਖੁਫੀਆ ਸੇਵਾਵਾਂ ਵਿੱਚ ਕੰਮ ਕਰਨ ਦਾ ਵਿਸ਼ਾਲ ਤਜਰਬਾ ਹੈ। ਉਸਨੇ 1997 ਅਤੇ 2002 ਦੇ ਵਿਚਕਾਰ ਤਤਕਾਲੀ ਖੁਫੀਆ ਸੇਵਾਵਾਂ ਮੰਤਰਾਲੇ ਵਿੱਚ ਇੱਕ ਸਲਾਹਕਾਰ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਫਜ਼ਲ ਨੇ ਆਈਜੀਆਈ ਦੇ ਮੁੱਖ ਸੰਚਾਲਨ ਅਧਿਕਾਰੀ ਵਜੋਂ ਅਹੁਦਾ ਸੰਭਾਲਿਆ। ਉਸ ਕੋਲ ਸੁਰੱਖਿਆ ਵਿੱਚ ਮਾਸਟਰ ਡਿਗਰੀ ਹੈ।
ਚੀਨ: ਸ਼ੰਘਾਈ 'ਚ ਤਬਾਹੀ ਮਚਾਉਣ ਮਗਰੋਂ ਪੂਰਬੀ ਤੱਟ ਵੱਲ ਵਧਿਆ ਤੂਫਾਨ 'ਮੁਈਫਾ'
NEXT STORY