ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ’ਚ ਕੋਵਿਡ-19 ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ ਅਤੇ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਭਾਰੀ ਵਾਧਾ ਹੋਣ ਕਰਕੇ ਹਸਪਤਾਲਾਂ ’ਚ ਮਰੀਜ਼ਾਂ ਨੂੰ ਦਾਖਲ ਕਰਨ ਲਈ ਥਾਂ ਦੀ ਘਾਟ ਪੈਦਾ ਹੋ ਗਈ ਹੈ। ਮੀਡੀਆ ’ਚ ਆਈਆਂ ਖਬਰਾਂ ਅਨੁਸਾਰ ਪਾਕਿਸਤਾਨ ’ਚ ਪਿਛਲੇ 24 ਘੰਟਿਆਂ ’ਚ 4974 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਹਨ, ਜਦਕਿ ਇਸੇ ਮਿਆਦ ’ਚ 98 ਮਰੀਜ਼ਾਂ ਦੀ ਮੌਤ ਹੋ ਗਈ ਹੈ। ਖਬਰ ਮੁਤਾਬਿਕ 20 ਜੂਨ 2020 ਤੋਂ ਬਾਅਦ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। 20 ਜੂਨ ਨੂੰ ਇਕ ਦਿਨ ’ਚ 5948 ਨਵੇਂ ਮਾਮਲੇ ਸਾਹਮਣੇ ਆਏ ਸਨ।
ਇਹ ਵੀ ਪੜ੍ਹੋ- ‘ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲਾਂ ਦੇ ਲਿਫਾਫੇ ’ਚੋਂ ਨਿਕਲਦੈ’
ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਵੀਰਵਾਰ ਦੱਸਿਆ ਕਿ ਹੁਣ ਤਕ ਦੇਸ਼ ’ਚ ਕੋਵਿਡ-19 ਦੇ 6,72,931 ਮਾਮਲੇ ਆਏ ਹਨ, ਜਿਨ੍ਹਾਂ ’ਚੋਂ 14,530 ਮਰੀਜ਼ਾਂ ਦੀ ਮੌਤ ਹੋਈ ਹੈ, ਜਦਕਿ 6,05,274 ਮਰੀਜ਼ ਠੀਕ ਹੋਏ ਹਨ। ਇਥੋਂ ਦੀ ਇਕ ਅਖਬਾਰ ’ਚ ਛਪੀ ਖਬਰ ਮੁਤਾਬਕ ਦੇਸ਼ ਦੇ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਉਨ੍ਹਾਂ ਦੀ ਸਮਰੱਥਾ ਦੇ ਨੇੜੇ ਪਹੁੰਚ ਰਹੀ ਅਤੇ ਰਾਜਧਾਨੀ ਇਸਲਾਮਾਬਾਦ ਸਮੇਤ ਕਈ ਥਾਵਾਂ ’ਤੇ ਹਰ ਦਿਨ ਬੀਤਣ ਦੇ ਨਾਲ ਹਾਲਾਤ ਖਰਾਬ ਹੋ ਰਹੇ ਹਨ। ਇਸਲਾਮਾਬਾਦ ਦੇ ਮੁੱਖ ਹਸਪਤਾਲ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਪੀ. ਆਈ. ਐੱਮ. ਐੱਸ.) ’ਚ ਮਰੀਜ਼ਾਂ ਨੂੰ ਦਾਖਲ ਕਰਨ ਲਈ ਬੈੱਡ ਨਹੀਂ ਹਨ ਅਤੇ ਐਮਰਜੈਂਸੀ ਕੇਂਦਰ ’ਚ ਉਡੀਕ ਕਰਨੀ ਪੈ ਰਹੀ ਹੈ ।
ਇਹ ਵੀ ਪੜ੍ਹੋ- ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਦਾ ਵਧਿਆ ਕਹਿਰ, 80 ਨਵੇਂ ਮਾਮਲੇ ਆਏ ਸਾਹਮਣੇ
ਇਸ ’ਚ ਪੂਰੇ ਦੇਸ਼ ’ਚੋਂ ਮਰੀਜ਼ ਐਮਰਜੈਂਸੀ ਦੀ ਹਾਲਤ ’ਚ ਆਉਂਦੇ ਹਨ ਪਰ ਹੁਣ ਇਹ ਵੀ ਭਰਿਆ ਪਿਆ ਹੈ, ਜਿਸ ਕਾਰਨ ਮਰੀਜ਼ਾਂ ਨੂੰ ਰੈਫਰ ਕਰਨਾ ਪੈ ਰਿਹਾ ਹੈ। ਇਹੀ ਹਾਲਤ ਇਸਲਾਮਾਬਾਦ ਸਥਿਤ ਪੌਲੀਕਲੀਨਿਕ ਦੀ ਹੈ, ਜਿਥੇ ਇਕ ਵੀ ਵੈਂਟੀਲੇਟਰ ਖਾਲੀ ਨਹੀਂ ਹੈ। ਹਸਪਤਾਲ ਪ੍ਰਬੰਧਕ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰਨ ’ਚ ਖੁਦ ਨੂੰ ਅਸਮਰੱਥ ਮਹਿਸੂਸ ਕਰ ਰਿਹਾ , ਜਿਥੇ ਵੱਖ-ਵੱਖ ਵਿਭਾਗਾਂ ’ਚ ਰੋਜ਼ਾਨਾ 7 ਹਜ਼ਾਰ ਦੇ ਲੱਗਭਗ ਮਰੀਜ਼ ਆਉਂਦੇ ਹਨ। ਹਾਲਾਂਕਿ ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਦਾਅਵਾ ਕੀਤਾ ਹੈ ਕਿ ਉਹ ਹਾਲਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਲੋੜ ਪੈਣ ’ਤੇ ਹੋਰ ਬੈੱਡਾਂ ਅਤੇ ਵੈਂਟੀਲੇਟਰਾਂ ਦੀ ਵਿਵਸਥਾ ਕਰੇਗਾ।
ਪਾਕਿ ਅਦਾਲਤ ਨੇ ਟਿਕਟਾਕ ਤੋਂ ਹਟਾਈ ਪਾਬੰਦੀ
NEXT STORY