ਵੈੱਬ ਡੈਸਕ - ਆਸਟ੍ਰੇਲੀਆ 'ਚ ਪ੍ਰੀ-ਸਕੂਲ ਜਾਣ ਵਾਲੇ ਬੱਚਿਆਂ 'ਤੇ ਕੀਤੇ ਗਏ ਇਕ ਨਵੇਂ ਅਧਿਐਨ 'ਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਇਕ ਯੂਨੀਵਰਸਿਟੀ ਹੇਠ ਕੀਤੇ ਗਏ ਇਸ ਅਧਿਐਨ ਅਨੁਸਾਰ, 40 ਪ੍ਰਤੀਸ਼ਤ ਤੋਂ ਵੱਧ ਬੱਚੇ ਘਬਰਾਹਟ ਅਤੇ ਚਿੰਤਾ ਸੰਬੰਧੀ ਵਿਕਾਰ ਦਾ ਸਾਹਮਣਾ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਇਸ ਖੋਜ ਲਈ ਤਿੰਨ ਅਤੇ ਚਾਰ ਸਾਲ ਦੀ ਉਮਰ ਦੇ 545 ਬੱਚਿਆਂ ਦੀਆਂ ਮਾਵਾਂ ਨਾਲ ਗੱਲਬਾਤ ਕੀਤੀ ਗਈ। ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਲਗਭਗ 48% ਬੱਚੇ ਮਾਨਸਿਕ ਸਿਹਤ ਸੰਬੰਧੀ ਵਿਕਾਰ ਤੋਂ ਪੀੜਤ ਪਾਏ ਗਏ ਹਨ ਅਤੇ 43% ਬੱਚਿਆਂ 'ਚ ਘਬਰਾਹਟ ਜਾਂ ਚਿੰਤਾ ਦੇ ਲੱਛਣ ਦੇਖੇ ਗਏ, ਜਿਸ ਵਿੱਚ ਮਾਪਿਆਂ ਤੋਂ ਵੱਖ ਹੋਣ ਦਾ ਡਰ, ਨਵੇਂ ਲੋਕਾਂ 'ਚ ਜਾਣ ਦਾ ਡਰ, ਅਤੇ ਹਨੇਰੇ ਵਰਗੇ ਵਿਸ਼ੇਸ਼ ਡਰ ਸ਼ਾਮਲ ਹਨ।
ਕਦੋਂ ਹੁੰਦੀ ਹੈ ਚਿੰਤਾ ਆਮ?
ਮਾਹਿਰਾਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ 'ਚ ਕੁਝ ਹੱਦ ਤੱਕ ਘਬਰਾਹਟ ਹੋਣੀ ਸੁਭਾਵਿਕ ਹੈ। ਹਲਕੀ ਚਿੰਤਾ ਬੱਚਿਆਂ ਨੂੰ ਸੰਭਾਵੀ ਖ਼ਤਰਿਆਂ ਦੀ ਪਛਾਣ ਕਰਨ ਅਤੇ ਉਹਨਾਂ ਪ੍ਰਤੀ ਪ੍ਰਤੀਕਿਰਿਆ ਦੇਣ 'ਚ ਮਦਦ ਕਰਦੀ ਹੈ।
ਮਾਪੇ ਕਿਵੇਂ ਕਰ ਸਕਦੇ ਹਨ ਮਦਦ?
ਸਰੋਤਾਂ ਅਨੁਸਾਰ, ਮਾਪੇ ਆਪਣੇ ਬੱਚਿਆਂ ਦੀ ਮਾਨਸਿਕ ਸਿਹਤ ਸੁਧਾਰਨ ਲਈ ਹੇਠ ਲਿਖੇ ਕਦਮ ਚੁੱਕ ਸਕਦੇ ਹਨ :-
ਗੱਲਬਾਤ ਕਰੋ
- ਬੱਚੇ ਦੀਆਂ ਭਾਵਨਾਵਾਂ ਬਾਰੇ ਸ਼ਾਂਤ ਮਾਹੌਲ 'ਚ ਗੱਲ ਕਰੋ ਅਤੇ ਉਹਨਾਂ ਨੂੰ ਇਹ ਸਮਝਣ 'ਚ ਮਦਦ ਕਰੋ ਕਿ ਉਹ ਕੀ ਮਹਿਸੂਸ ਕਰ ਰਹੇ ਹਨ।
ਰਾਹਤ ਦੀਆਂ ਤਕਨੀਕਾਂ
- ਬੱਚਿਆਂ ਨੂੰ ਹੌਲੀ ਸਾਹ ਲੈਣ, ਬਾਹਰ ਸਮਾਂ ਬਿਤਾਉਣ ਜਾਂ ਪਾਲਤੂ ਜਾਨਵਰਾਂ ਨਾਲ ਖੇਡਣ ਵਰਗੀਆਂ ਰਣਨੀਤੀਆਂ ਸਿਖਾਓ।
ਹੌਲੀ-ਹੌਲੀ ਸਾਹਮਣਾ ਕਰਨਾ
- ਬੱਚਿਆਂ ਨੂੰ ਉਹਨਾਂ ਚੀਜ਼ਾਂ 'ਚ ਹੌਲੀ-ਹੌਲੀ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੋ ਜਿਨ੍ਹਾਂ ਤੋਂ ਉਹ ਡਰਦੇ ਹਨ, ਕਿਉਂਕਿ ਚੀਜ਼ਾਂ ਤੋਂ ਬਚਣਾ ਲੰਬੇ ਸਮੇਂ 'ਚ ਚਿੰਤਾ ਵਧਾ ਸਕਦਾ ਹੈ।
ਡਾਕਟਰੀ ਮਦਦ ਦੀ ਲੋੜ ਕਦੋਂ ਹੈ?
ਜੇਕਰ ਬੱਚੇ ਦੀ ਘਬਰਾਹਟ ਉਸ ਨੂੰ ਸਕੂਲ ਜਾਂ ਡੇ-ਕੇਅਰ ਜਾਣ ਤੋਂ ਰੋਕ ਰਹੀ ਹੋਵੇ, ਉਸ ਦੀ ਨੀਂਦ ਜਾਂ ਖਾਣ-ਪੀਣ ਨੂੰ ਪ੍ਰਭਾਵਿਤ ਕਰ ਰਹੀ ਹੋਵੇ, ਜਾਂ ਇਹ ਸਥਿਤੀ ਕਈ ਹਫ਼ਤਿਆਂ ਤੋਂ ਬਣੀ ਹੋਈ ਹੋਵੇ, ਤਾਂ ਮਾਪਿਆਂ ਨੂੰ ਡਾਕਟਰ, ਮਨੋਵਿਗਿਆਨੀ ਜਾਂ ਕਿਸੇ ਮਾਹਿਰ ਥੈਰੇਪਿਸਟ ਨਾਲ ਸਲਾਹ ਕਰਨੀ ਚਾਹੀਦੀ ਹੈ। ਮਾਪੇ 'ਰੇਜ਼ਿੰਗ ਚਿਲਡਰਨ ਨੈੱਟਵਰਕ' ਵਰਗੀਆਂ ਵੈੱਬਸਾਈਟਾਂ ਤੋਂ ਮੁਫ਼ਤ ਜਾਣਕਾਰੀ ਵੀ ਲੈ ਸਕਦੇ ਹਨ।
ਭੂਚਾਲ ਨਾਲ ਕੰਬ ਗਿਆ ਭਾਰਤ ਦਾ ਗੁਆਂਢੀ ਮੁਲਕ ! 2 ਦਿਨਾਂ 'ਚ ਦੂਜੀ ਵਾਰ ਲੱਗੇ ਝਟਕੇ
NEXT STORY