ਬਰਨਬੀ— ਕੈਨੇਡਾ ਵਿਚ ਘਰੇਲੂ ਕਲੇਸ਼ ਨੇ ਇਕ ਪੰਜਾਬੀ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋ ਬੱਚਿਆਂ ਦੇ ਪਿਤਾ 47 ਸਾਲਾ ਪਰਵੀਨ ਮਾਨ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੀ ਪਤਨੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਪਰਵੀਨ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਵੀਰਵਾਰ ਨੂੰ ਦੁਪਹਿਰ ਨੂੰ ਇਕ ਵਜੇ ਦੇ ਕਰੀਬ ਉਨ੍ਹਾਂ ਨੂੰ ਕਾਲ ਆਈ ਕਿ 18ਵੇਂ ਐਵੇਨਿਊ ਦੇ 7900 ਬਲਾਕ 'ਤੇ ਸਥਿਤ ਅਪਾਰਟਮੈਂਟ ਵਿਚ ਪਤੀ-ਪਤਨੀ ਵਿਚ ਝਗੜਾ ਹੋ ਰਿਹਾ ਹੈ। ਜਦੋਂ ਤੱਕ ਪੁਲਸ ਮੌਕੇ 'ਤੇ ਪਹੁੰਚੀ ਤਾਂ ਉੱਥੇ ਇਕ ਔਰਤ ਦੀ ਲਾਸ਼ ਪਈ ਸੀ। ਮ੍ਰਿਤਕ ਔਰਤ ਦੀ ਪਛਾਣ ਗੋਲਡੀ ਮਾਨ ਦੇ ਰੂਪ ਵਿਚ ਹੋਈ ਹੈ। ਉਸ ਦੇ ਸਰੀਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਘਟਨਾ ਦੇ ਸਮੇਂ ਜੋੜੇ ਦੇ ਬੱਚੇ ਘਰ ਵਿਚ ਮੌਜੂਦ ਨਹੀਂ ਸੀ।
ਪੁਲਸ ਦਾ ਕਹਿਣਾ ਹੈ ਕਿ ਅਦਾਲਤ ਵਿਚ ਪਰਵੀਨ ਦੀ ਪੇਸ਼ੀ ਤੱਕ ਉਸ ਨੂੰ ਹਿਰਾਸਤ ਵਿਚ ਰੱਖਿਆ ਜਾਵੇਗਾ। ਪੁਲਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਦਾਲਤ ਵਿਚ ਪੇਸ਼ੀ ਤੋਂ ਬਾਅਦ ਕੀਤੀ ਜਾਵੇਗੀ। ਇੱਥੇ ਦੱਸ ਦੇਈਏ ਕਿ ਗੋਲਡੀ ਇਕ ਬੇਹੱਦ ਮਿਹਨਤਕਸ਼ ਔਰਤ ਸੀ। ਉਹ ਕੱਪੜਿਆਂ ਦੀ ਸਿਲਾਈ ਕਰਕੇ ਘਰ ਦੇ ਗੁਜ਼ਾਰੇ ਵਿਚ ਆਪਣੇ ਪਤੀ ਦਾ ਹੱਥ ਵਟਾਉਂਦੀ ਸੀ। ਘਟਨਾ ਤੋਂ ਪਹਿਲਾਂ ਉਹ ਪੰਜਾਬ ਆਉਣ ਦੀ ਤਿਆਰੀ ਕਰ ਰਹੀ ਸੀ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਅਤੇ ਆਖਰੀ ਵਾਰ ਉਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਣਾ ਵੀ ਨਸੀਬ ਨਹੀਂ ਹੋ ਸਕਿਆ।
ਫਰਜ਼ੀ ਸਿੱਧ ਹੋ ਰਹੀਆਂ ਨੇ ਭਾਰਤੀ ਸਿਹਤ ਬੀਮਾ ਕੰਪਨੀਆਂ
NEXT STORY