ਜਕਾਰਤਾ (ਬਿਊਰੋ)— ਦੁਨੀਆ ਦੇ ਤੀਜੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਇੰਡੋਨੇਸ਼ੀਆ ਵਿਚ ਬੁੱਧਵਾਰ ਨੂੰ ਸੰਸਦ ਦੇ ਨਾਲ-ਨਾਲ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ। ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਆਮ ਚੋਣਾਂ ਦੇ ਨਾਲ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ। ਸਮਾਚਾਰ ਏਜੰਸੀ ਮੁਤਾਬਕ ਪਾਪੂਆ ਸੂਬੇ ਵਿਚ ਵੋਟਰ ਸਵੇਰੇ 7 ਵਜੇ ਤੋਂ ਵੋਟਿੰਗ ਕਰਨ ਲਈ ਲਾਈਨ ਵਿਚ ਲੱਗ ਗਏ। ਰਾਸ਼ਟਰਪਤੀ ਚੋਣਾਂ ਵਿਚ ਮੁੱਖ ਮੁਕਾਬਲਾ ਮੌਜੂਦਾ ਰਾਸ਼ਟਰਪਤੀ ਜੋਕੋ ਵਿਡੋਡੋ ਅਤੇ ਉਨ੍ਹਾਂ ਦੇ ਵਿਰੋਧੀ ਸਾਬਕਾ ਜਨਰਲ ਪ੍ਰਾਬੋਵੋ ਸੁਬੀਆਂਤੋ ਦੇ ਵਿਚਾਲੇ ਹੈ।
ਇੰਡੋਨੇਸ਼ੀਆ ਵਿਚ ਵੱਡੀ ਗਿਣਤੀ ਵਿਚ ਮੁਸਲਿਮ ਆਬਾਦੀ ਰਹਿੰਦੀ ਹੈ। ਆਮ ਚੋਣ ਕਮਿਸ਼ਨ ਮੁਤਾਬਕ ਰਾਸ਼ਟਰਪਤੀ ਵਿਡੋਡੋ ਨੇ ਮੁਸਲਿਮ ਧਾਰਮਿਕ ਗੁਰੂ ਮਾਰੂਫ ਅਮੀਨ ਨੂੰ ਰਨਿੰਗ ਮੈਟ ਬਣਾਇਆ ਹੈ। ਜਦਕਿ ਪ੍ਰਾਬੋਵੋ ਨੇ ਸਾਬਕਾ ਕਾਰੋਬਾਰੀ ਤੇ ਜਕਾਰਤਾ ਦੇ ਡਿਪਟੀ ਗਵਰਨਰ ਸੈਂਡੀਆਗ ਸਲਾਉਦੀਨ ਉਨੋ ਨਾਲ ਜੋੜੀ ਬਣਾਈ ਹੈ। ਵਿਡੋਡੋ ਨੇ ਆਰਥਿਕ ਸਥਿਰਤਾ ਅਤੇ ਵਪਾਰ ਦੇ ਅਨੁਕੂਲ ਮਾਹੌਲ ਦੇ ਮਹੱਤਵ ਨੂੰ ਮੁੱਦਾ ਬਣਾਇਆ ਹੈ ਜਦਕਿ ਪ੍ਰਾਬੋਵੋ ਨੇ ਲੋਕਾਂ ਦੀ ਖੁਸ਼ਹਾਲੀ ਲਈ ਸੁਰੱਖਿਆਵਾਦ ਦੇ ਨਜ਼ਰੀਏ ਨੂੰ ਮਹੱਤਵ ਦਿੱਤਾ ਹੈ। ਚੋਣ ਕਮਿਸ਼ਨ ਮਈ ਵਿਚ ਚੋਣ ਨਤੀਜਿਆਂ ਦਾ ਐਲਾਨ ਕਰੇਗਾ।
ਰਾਸ਼ਟਰਪਤੀ ਵਿਡੋਡੋ ਨੇ ਰਾਜਧਾਨੀ ਜਕਾਰਤਾ ਵਿਚ ਵੋਟਿੰਗ ਕੀਤੀ ਅਤੇ ਉਨ੍ਹ੍ਹਾਂ ਦੇ ਵਿਰੋਧੀ ਪ੍ਰਾਬੋਵੋ ਨੇ ਬੋਗੋਰ ਸੂਬੇ ਵਿਚ ਵੋਟਿੰਗ ਕੀਤੀ। ਵਿਡੋਡੋ ਇਨ੍ਹਾਂ ਚੋਣਾਂ ਵਿਚ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਇਸ ਵਾਰ ਚੋਣ ਪ੍ਰਚਾਰ ਵਿਚ ਧਾਰਮਿਕ ਮੁੱਦੇ ਕਾਫੀ ਹਾਵੀ ਰਹੇ। ਜਾਣਕਾਰੀ ਮੁਤਾਬਕ ਇਨ੍ਹਾਂ ਚੋਣਾਂ ਵਿਚ ਕਰੀਬ 19 ਕਰੋੜ 30 ਲੱਖ ਵੋਟਰਾਂ ਨੇ ਰਸਿਜਟਰੇਸ਼ਨ ਕਰਵਾਈ ਹੈ। ਦੇਸ਼ ਭਰ ਵਿਚ ਕਰੀਬ 8 ਲੱਖ ਵੋਟਿੰਗ ਕੇਂਦਰ ਬਣਾਏ ਗਏ ਹਨ। ਚੋਣਾਂ ਵਿਚ ਕਰੀਬ 2,45,000 ਉਮੀਦਵਾਰ ਮੈਦਾਨ ਵਿਚ ਹਨ।
ਪਾਕਿਸਤਾਨ : ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 39
NEXT STORY