ਇੰਟਰਨੈਸ਼ਨਲ ਡੈਸਕ : ਈਰਾਨ ਦੀ ਰਾਜਧਾਨੀ ਤਹਿਰਾਨ 'ਚ ਹਮਾਸ ਨੇਤਾ ਇਸਮਾਈਲ ਹਾਨੀਆ ਦੀ ਹੱਤਿਆ ਤੋਂ ਬਾਅਦ ਮੱਧ ਪੂਰਬ 'ਚ ਤਣਾਅ ਵਧ ਗਿਆ ਹੈ। ਐਤਵਾਰ ਤੜਕੇ ਲਿਬਨਾਨ ਤੋਂ ਇਜ਼ਰਾਈਲ 'ਤੇ ਦਰਜਨਾਂ ਮਿਜ਼ਾਈਲਾਂ ਦਾਗੀਆਂ ਗਈਆਂ। ਇਸ ਦੌਰਾਨ ਲਗਾਤਾਰ ਸਾਇਰਨ ਦੀ ਆਵਾਜ਼ ਵੀ ਸੁਣਾਈ ਦਿੱਤੀ। ਇਸ ਤੋਂ ਬਾਅਦ ਇਜ਼ਰਾਈਲ ਨੇ ਪੂਰੇ ਦੇਸ਼ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਹਾਲਾਂਕਿ, ਇਸ ਦੌਰਾਨ ਦਾਅਵਾ ਕੀਤਾ ਗਿਆ ਹੈ ਕਿ ਇਹ ਸਾਰੀਆਂ ਮਿਜ਼ਾਇਲਾਂ ਆਸਮਾਨ ਵਿਚ ਹੀ ਨਸ਼ਟ ਕਰ ਦਿੱਤੀਆਂ ਗਈਆਂ ਹਨ।
ਲਿਬਨਾਨ ਦੇ ਨਾਗਰਿਕ ਹਮਾਦਾ ਅਲ ਹਰਜ ਨੇ ਕਿਹਾ ਕਿ ਇਸਮਾਈਲ ਹਾਨੀਆ ਦੀ ਮੌਤ ਬਾਰੇ ਪਤਾ ਲੱਗਣ 'ਤੇ ਮੈਨੂੰ ਦੁੱਖ ਹੋਇਆ। ਉਸ ਦੀ ਮੌਤ ਦਿਲ ਦਹਿਲਾਉਣ ਵਾਲੀ ਸੀ। ਉਹ ਇਕ ਸਨਮਾਨਜਨਕ ਆਦਮੀ ਸੀ। ਉਸ ਦੀ ਹੱਤਿਆ ਸਭ ਤੋਂ ਵੱਡੀ ਗਲਤੀ ਸੀ। ਉਸ ਦੀ ਮੌਜੂਦਗੀ ਗਾਜ਼ਾ ਲਈ ਬਹੁਤ ਜ਼ਰੂਰੀ ਸੀ। ਉਸਨੇ ਜੰਗ ਦਾ ਵਿਰੋਧ ਕੀਤਾ ਅਤੇ ਗਾਜ਼ਾ ਵਿੱਚ ਜੰਗਬੰਦੀ ਲਈ ਕੰਮ ਕੀਤਾ, ਇਹ ਵਿਚੋਲਗੀ ਕਰਨ ਵਾਲਿਆਂ ਦੇ ਇਰਾਦਿਆਂ 'ਤੇ ਨਿਰਭਰ ਕਰਦਾ ਹੈ ਕਿ ਜੰਗਬੰਦੀ ਹੋਵੇਗੀ ਜਾਂ ਨਹੀਂ।
ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ ਹਾਨੀਆ ਦੇ ਕਤਲ ਨਾਲ ਜੁੜਿਆ ਵੱਡਾ ਖੁਲਾਸਾ ਕੀਤਾ ਹੈ। ਉਸ ਦੇ ਮੁਤਾਬਕ, ਹਮਾਸ ਦੇ ਮੁਖੀ ਨੂੰ ਛੋਟੀ ਦੂਰੀ ਦੀ ਮਿਜ਼ਾਈਲ ਦਾਗ ਕੇ ਮਾਰ ਦਿੱਤਾ ਗਿਆ। ਇਹ ਮਿਜ਼ਾਈਲ 7 ਕਿਲੋਗ੍ਰਾਮ ਵਿਸਫੋਟਕਾਂ ਨਾਲ ਭਰੀ ਹੋਈ ਸੀ। ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਹਾਨੀਆ ਦੀ ਮੌਤ ਬੰਬ ਧਮਾਕੇ ਨਾਲ ਹੋਈ ਹੈ। ਹਾਲਾਂਕਿ, IRGC ਨੇ ਇਸ ਹਮਲੇ ਵਿੱਚ ਇਜ਼ਰਾਈਲ ਦੀ ਸਿੱਧੀ ਭੂਮਿਕਾ ਲਈ ਦੋਸ਼ ਲਗਾਇਆ ਹੈ।
ਇਸ ਦੇ ਨਾਲ ਹੀ ਅਮਰੀਕਾ 'ਤੇ ਸਮਰਥਨ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ। ਸਥਿਤੀ ਨੂੰ ਦੇਖਦੇ ਹੋਏ ਅਮਰੀਕਾ ਅਤੇ ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਲੇਬਨਾਨ ਛੱਡਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਵੀ ਆਪਣੇ ਨਾਗਰਿਕਾਂ ਨੂੰ ਲੇਬਨਾਨ ਛੱਡਣ ਲਈ ਕਿਹਾ ਸੀ। ਇਸ ਸਮੇਂ ਮੱਧ ਪੂਰਬ ਦੀ ਸਥਿਤੀ ਬਹੁਤ ਨਾਜ਼ੁਕ ਮੋੜ 'ਤੇ ਹੈ। ਇੱਥੇ ਕਿਸੇ ਵੀ ਸਮੇਂ ਜੰਗ ਛਿੜ ਸਕਦੀ ਹੈ। ਇਜ਼ਰਾਈਲ ਨੇ ਵੀ ਆਪਣੇ ਦੇਸ਼ 'ਚ ਰਾਕੇਟ ਹਮਲੇ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ।
ਹਮਾਸ ਨੇਤਾ ਹਾਨੀਆ ਦੀ ਹੱਤਿਆ ਤੋਂ ਬਾਅਦ ਕਈ ਦੇਸ਼ਾਂ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਗਾਜ਼ਾ ਦੇ ਨਾਲ ਲੱਗਦੇ ਜਾਰਡਨ 'ਚ ਸ਼ਨੀਵਾਰ ਨੂੰ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ ਅਤੇ ਅਨੋਖੇ ਤਰੀਕੇ ਨਾਲ ਆਪਣਾ ਵਿਰੋਧ ਜ਼ਾਹਰ ਕੀਤਾ। ਇਸ ਦੌਰਾਨ ਲੋਕਾਂ ਨੇ ਹਮਾਸ ਦੇ ਆਗੂ ਇਸਮਾਈਲ ਹਾਨੀਆ ਦਾ ਪ੍ਰਤੀਕਾਤਮਕ ਜਨਾਜ਼ਾ ਕੱਢਿਆ ਅਤੇ ਇਜ਼ਰਾਈਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇੱਕ ਪ੍ਰਦਰਸ਼ਨਕਾਰੀ, ਰਾਨੀਆ ਅਲ ਬਯਾਰੀ ਨੇ ਲੋਕਾਂ ਨੂੰ ਸੜਕਾਂ 'ਤੇ ਆਉਣ ਦਾ ਸੱਦਾ ਦਿੱਤਾ।
ਅਜਿਹੀ ਹੀ ਤਸਵੀਰ ਇਰਾਕ ਦੀ ਰਾਜਧਾਨੀ ਬਗਦਾਦ 'ਚ ਦੇਖਣ ਨੂੰ ਮਿਲੀ, ਇੱਥੇ ਵੀ ਹਜ਼ਾਰਾਂ ਲੋਕ ਸੜਕਾਂ 'ਤੇ ਨਿਕਲ ਆਏ। ਇਸਮਾਈਲ ਹਾਨੀਆ ਦਾ ਜਨਾਜ਼ਾ ਮੋਢਿਆਂ 'ਤੇ ਚੁੱਕ ਕੇ ਕੱਢਿਆ ਗਿਆ। ਇਸ ਰੋਸ ਮਾਰਚ ਵਿੱਚ ਹਜ਼ਾਰਾਂ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਫਲਸਤੀਨ ਦਾ ਝੰਡਾ ਅਤੇ ਹਾਨੀਆ ਦੀ ਫੋਟੋ ਲੈ ਕੇ ਪੈਦਲ ਮਾਰਚ ਕੀਤਾ ਅਤੇ ਇਜ਼ਰਾਈਲ ਖਿਲਾਫ ਨਾਅਰੇਬਾਜ਼ੀ ਕੀਤੀ। ਹਾਨੀਆ ਦੇ ਕਤਲ ਦੇ ਖਿਲਾਫ ਤੁਰਕੀ ਦੇ ਇਸਤਾਂਬੁਲ 'ਚ ਵੀ ਲੋਕਾਂ ਨੇ ਪ੍ਰਦਰਸ਼ਨ ਕੀਤਾ।
ਸ਼ਨੀਵਾਰ ਨੂੰ ਉਨ੍ਹਾਂ ਨੇ ਮਸ਼ਹੂਰ ਹਾਗੀਆ ਸੋਫੀਆ ਦੇ ਬਾਹਰ ਹਾਨੀਆ ਦਾ ਜਨਾਜ਼ਾ ਕੱਢ ਕੇ ਆਪਣਾ ਵਿਰੋਧ ਜ਼ਾਹਰ ਕੀਤਾ। ਇਸ ਦੌਰਾਨ ਹਰ ਪਾਸੇ ਫਿਲਸਤੀਨ ਅਤੇ ਤੁਰਕੀ ਦੇ ਝੰਡੇ ਤੇ ਹੱਥਾਂ 'ਚ ਹਾਨੀਆ ਦੀਆਂ ਤਸਵੀਰਾਂ ਨਜ਼ਰ ਆਈਆਂ। ਤੁਹਾਨੂੰ ਦੱਸ ਦੇਈਏ ਕਿ 30 ਜੁਲਾਈ ਨੂੰ ਜਿਸ ਦਿਨ ਹਮਾਸ ਨੇਤਾ ਦੀ ਹੱਤਿਆ ਕੀਤੀ ਗਈ ਸੀ, ਉਸ ਦਿਨ ਉਹ ਈਰਾਨ ਦੇ ਰਾਸ਼ਟਰਪਤੀ ਪਜੇਸ਼ਕੀਅਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਪੂਰੇ ਮੱਧ ਪੂਰਬ ਵਿਚ ਤਣਾਅ ਆਪਣੇ ਸਿਖਰ 'ਤੇ ਪਹੁੰਚ ਗਿਆ ਹੈ।
ਬੰਗਲਾਦੇਸ਼ 'ਚ ਫਿਰ ਭੜਕੀ ਹਿੰਸਾ, ਹੁਣ ਤੱਕ 32 ਮੌਤਾਂ, ਦੇਸ਼ ਭਰ 'ਚ ਲਗਾਇਆ ਗਿਆ ਕਰਫਿਊ
NEXT STORY