ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਤਣਾਅ ਨੂੰ ਘੱਟ ਕਰਨ ਲਈ ਅੱਜ ਇੱਕ ਵੱਡੀ ਕੂਟਨੀਤਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਰਾਨ ਨੇ ਅਮਰੀਕਾ ਨਾਲ ਜੰਗ ਖ਼ਤਮ ਕਰਨ ਲਈ ਜਦੋਂ ਲਿਬਨਾਨ 'ਤੇ ਇਜ਼ਰਾਈਲੀ ਹਮਲਿਆਂ ਨੂੰ ਤੁਰੰਤ ਰੋਕਣ ਦੀ ਸ਼ਰਤ ਰੱਖੀ ਹੈ, ਇਸੇ ਤਹਿਤ ਅਮਰੀਕਾ ਦੀ ਵਿਚੋਲਗੀ ਹੇਠ ਇਜ਼ਰਾਈਲ ਅਤੇ ਲਿਬਨਾਨ ਦੇ ਨੁਮਾਇੰਦੇ ਸਿੱਧੀ ਗੱਲਬਾਤ ਲਈ ਮੇਜ਼ 'ਤੇ ਬੈਠਣਗੇ। ਹਾਲਾਂਕਿ, ਲਿਬਨਾਨ ਦੇ ਹਿਜ਼ਬੁੱਲ੍ਹਾ ਨੇ ਇਸ ਗੱਲਬਾਤ ਦੇ ਨਤੀਜਿਆਂ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਵ੍ਹਾਈਟ ਹਾਊਸ 'ਚ ਹੋਣ ਵਾਲੀ ਇਸ ਮੀਟਿੰਗ ਦੀ ਅਗਵਾਈ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਕਰਨਗੇ ਤੇ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੇ ਵੀ ਇਸ ਮੀਟਿੰਗ 'ਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਇਸ ਬੈਠਕ ਨੂੰ ਜੰਗ ਜਾਰੀ ਰੱਖਣ ਲਈ ਸ਼ਾਂਤੀ ਮੀਟਿੰਗ ਵਜੋਂ ਦੇਖਿਆ ਜਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦੋਵੇਂ ਦੇਸ਼ ਆਪਣੀਆਂ ਸ਼ਰਤਾਂ 'ਤੇ ਅੜੇ ਹੋਏ ਹਨ, ਪਰ ਅਮਰੀਕਾ ਦਬਾਅ ਬਣਾ ਰਿਹਾ ਹੈ ਕਿ ਕਿਸੇ ਤਰ੍ਹਾਂ ਜੰਗਬੰਦੀ ਦਾ ਰਸਤਾ ਕੱਢਿਆ ਜਾ ਸਕੇ। ਇਸੇ ਦੌਰਾਨ ਹਿਜ਼ਬੁੱਲ੍ਹਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਅਮਰੀਕਾ ਦੀ ਮੇਜ਼ਬਾਨੀ ਵਾਲੀ ਇਸ ਗੱਲਬਾਤ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਜ਼ਰਾਈਲ ਆਪਣੀਆਂ ਫੌਜੀ ਕਾਰਵਾਈਆਂ ਪੂਰੀ ਤਰ੍ਹਾਂ ਬੰਦ ਨਹੀਂ ਕਰਦਾ, ਕੋਈ ਵੀ ਸਮਝੌਤਾ ਬੇਮਾਇਨਾ ਹੈ।
ਇਹ ਵੀ ਪੜ੍ਹੋ- ਬਦਲ ਗਿਆ 125 ਸਾਲਾਂ ਦਾ ਇਤਿਹਾਸ ! ਆਸਟ੍ਰੇਲੀਆ 'ਚ ਪਹਿਲੀ ਵਾਰ ਔਰਤ ਸੰਭਾਲੇਗੀ ਫੌਜ ਦੀ ਕਮਾਨ
ਇਸ ਗੱਲਬਾਤ ਦਾ ਮੁੱਖ ਕੇਂਦਰ ਸਰਹੱਦੀ ਵਿਵਾਦ ਨੂੰ ਸੁਲਝਾਉਣਾ ਅਤੇ ਦੱਖਣੀ ਲਿਬਨਾਨ ਵਿੱਚ ਵਧ ਰਹੀ ਹਿੰਸਾ ਨੂੰ ਰੋਕਣਾ ਹੈ। ਇਜ਼ਰਾਈਲ ਚਾਹੁੰਦਾ ਹੈ ਕਿ ਹਿਜ਼ਬੁੱਲ੍ਹਾ ਦੀਆਂ ਟੀਮਾਂ ਸਰਹੱਦ ਤੋਂ ਪਿੱਛੇ ਹਟ ਜਾਣ ਤਾਂ ਜੋ ਉਸ ਦੇ ਨਾਗਰਿਕ ਸੁਰੱਖਿਅਤ ਘਰ ਪਰਤ ਸਕਣ।
ਜ਼ਿਕਰਯੋਗ ਹੈ ਕਿ ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਖੇਤਰ ਵਿੱਚ ਤਣਾਅ ਆਪਣੇ ਸਿਖਰ 'ਤੇ ਹੈ। ਇਜ਼ਰਾਈਲ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਸ਼ਾਂਤੀ ਗੱਲਬਾਤ ਨਾਕਾਮ ਹੁੰਦੀ ਹੈ, ਤਾਂ ਉਹ ਫੌਜੀ ਤਾਕਤ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰੇਗਾ। ਦੂਜੇ ਪਾਸੇ, ਹਿਜ਼ਬੁੱਲ੍ਹਾ ਦੇ ਸਖ਼ਤ ਰੁਖ਼ ਨੇ ਇਸ ਸ਼ਾਂਤੀ ਮੀਟਿੰਗ ਦੀ ਸਫਲਤਾ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਪਰ ਜੇਕਰ ਇਹ ਗੱਲਬਾਤ ਸਫ਼ਲ ਹੁੰਦੀ ਹੈ ਤਾਂ ਇਹ ਇਰਾਨ-ਅਮਰੀਕਾ ਜੰਗਬੰਦੀ ਵੱਲ ਵੀ ਇਕ ਵੱਡੀ ਜਿੱਤ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੜਤਾਲ ਦੇ ਪਹਿਲੇ ਹੀ ਦਿਨ 700 ਤੋਂ ਵੱਧ ਉਡਾਣਾਂ ਰੱਦ, ਲੁਫਥਾਂਸਾ ਦੇ ਹਜ਼ਾਰਾਂ ਮੁਸਾਫਰ ਖੱਜਲ-ਖੁਆਰ
NEXT STORY