ਰੋਮ (ਦਲਵੀਰ ਕੈਂਥ): ਪੂਰੀ ਦੁਨੀਆ ਵਿੱਚ ਬੀਬੀਆਂ 'ਤੇ ਹਿੰਸਾ ਅਤੇ ਜਿਣਸੀ ਅੱਤਿਆਚਾਰ ਹੁੰਦੇ ਹਨ। ਹਰ ਸਾਲ 25 ਨਵੰਬਰ ਨੂੰ ਪੂਰੀ ਦੁਨੀਆ ਵਿੱਚ ਬੀਬੀਆਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਵੀ ਮਨਾਇਆ ਜਾਂਦਾ ਹੈ ਪਰ ਫੇਰ ਵੀ ਹਾਲੇ ਵੀ ਬੀਬੀਆਂ 'ਤੇ ਹੁੰਦੇ ਜ਼ੁਲਮ 'ਤੇ ਕਿਸੇ ਪਾਸਿਓਂ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ।ਪੂਰੀ ਦੁਨੀਆ ਵਿਚ ਬੀਬੀਆਂ ਹਰ ਖੇਤਰ ਦੇ ਵਿਚ ਕੰਮ ਕਰਕੇ ਭਾਵੇਂ ਆਪਣਾ ਲੋਹਾ ਵੀ ਮੰਨਵਾ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਦੁਨੀਆ ਭਰ ਵਿੱਚ ਬੀਬੀਆਂ 'ਤੇ ਘਰੇਲੂ ਅੱਤਿਆਚਾਰ ਹੋਣਾ ਜਾਂ ਹਿੰਸਾ ਹੋਣਾ ਬਹੁਤ ਹੀ ਨਿਰਾਤਮਕ ਵਿਰਤਾਰਾ ਹੈ।
ਸਰਵੇ ਰਿਪੋਰਟ ਵਿਚ ਹੋਇਆ ਵੱਡਾ ਖੁਲਾਸਾ
ਇਟਲੀ ਬੇਸੱਕ ਬੀਬੀ ਪ੍ਰਧਾਨ ਦੇਸ਼ ਹੈ ਪਰ ਇੱਥੇ ਵੀ ਬੀਬੀਆਂ ਨਾਲ ਹਿੰਸਾ ਵਾਲੀਆਂ ਘਟਨਾਵਾਂ ਹੋਣਾ ਆਮ ਜਿਹਾ ਬਣਦਾ ਜਾ ਰਿਹਾ ਹੈ। ਪਿਛਲੇ ਸਾਲ ਬੀਬੀਆਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਸੰਬਧੀ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਅੰਤਰਰਾਸ਼ਟਰੀ ਮਾਨਵਵਾਦੀ ਚੈਰੀਟੇਬਲ ਸੰਸਥਾ "ਤੈਰੇ ਦਿਸ ਹੋਮਜ਼ ਐਂਡ ਸਕੂਲਾਜੌ" ਵੱਲੋਂ ਕੀਤੇ ਵਿਸ਼ੇਸ਼ ਸਰਵੇ ਵਿੱਚ ਇਹ ਹੈਰਾਨੀ ਭਰਿਆ ਖੁਲਾਸਾ ਹੋਇਆ ਸੀ ਕਿ ਇਟਲੀ ਵਿੱਚ 13 ਸਾਲ ਤੋਂ 23 ਸਾਲ ਤੱਕ ਦੀਆਂ 10 ਵਿੱਚੋਂ 9 ਬੀਬੀਆਂ ਨੂੰ ਘਰੇਲੂ ਅੱਤਿਆਚਾਰ ਜਾਂ ਹਿੰਸਾ ਦਾ ਖਤਰਾ ਹੈ। ਕੁਝ ਦਿਨਾਂ ਪਹਿਲਾਂ ਈਸਾਈ ਧਰਮ ਦੇ ਗੁਰੂ ਪੋਪ ਫਰਾਂਸਿਸ ਨੇ ਵੀ ਬੀਬੀਆਂ 'ਤੇ ਹੋ ਰਹੀ ਹਿੰਸਾ ਸੰਬੰਧੀ ਸ਼ਕਤੀਸ਼ਾਲੀ ਸੰਦੇਸ਼ ਦਿੰਦੇ ਹੋਏ ਲੋਕਾਂ ਨੂੰ ਬੀਬੀਆਂ ਦੀ ਬਿਹਤਰ ਸੁਰੱਖਿਆ ਦੀ ਪ੍ਰਾਰਥਨਾ ਕਰਨ ਲਈ ਵੀ ਕਿਹਾ ਸੀ। ਬੀਬੀਆਂ 'ਤੇ ਹੋ ਰਹੇ ਅੱਤਿਆਚਾਰ ਸਬੰਧੀ ਇਟਲੀ ਵਿਚ ਵੱਖ-ਵੱਖ ਜਗ੍ਹਾ ਕਈ ਵਾਰ ਪ੍ਰਦਰਸ਼ਨ ਵੀ ਹੋ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸੈਨੇਟ ਨੇ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ
ਇਟਲੀ ਵਿਚ ਮਰਦਾਂ ਨੇ ਕੀਤਾ ਪ੍ਰਦਰਸ਼ਨ
ਇਸ ਕਾਰਵਾਈ ਵਿੱਚ ਇਟਲੀ ਦੇ ਸ਼ਹਿਰ ਰੋਮ ਵਿਖੇ ਵੀ ਬੀਬੀਆਂ ਤੇ ਹੋ ਰਹੇ ਅੱਤਿਆਚਾਰ ਸੰਬੰਧੀ ਪ੍ਰਦਰਸ਼ਨ ਕੀਤਾ ਗਿਆ।ਮਰਦਾਂ ਦੇ ਵੱਡੇ ਇਕੱਠ ਵੱਲੋਂ ਮੂੰਹ ਤੇ ਲਾਲ ਮਾਸਕ ਪਹਿਨ ਕੇ ਇਹ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦਾ ਮੰਨਣਾ ਹੈ ਕਿ ਬੀਬੀਆਂ ਤੇ ਹੋ ਰਹੇ ਅੱਤਿਆਚਾਰ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਤੇ ਮਰਦਾਂ ਵਾਲੇ ਸੱਭਿਆਚਾਰ ਵਿੱਚ ਬਦਲਾਵ ਹੋਣਾ ਚਾਹੀਦਾ ਹੈ ਪਰ ਕੋਰੋਨਾ ਮਹਾਮਾਰੀ ਅਤੇ ਤਾਲਾਬੰਦੀ ਨਾਲ ਬੀਬੀਆਂ ਉਪੱਰ ਅੱਤਿਆਚਾਰ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਰੋਮ ਦੇ ਸ਼ਹਿਰ ਵਿੱਚ ਸਥਿਤ ਪਿਆਸਾ ਸੈਨ ਸਿਲਵੈਸਤਰੋ ਵਿਚ ਕੀਤੇ ਗਏ ਇਸ ਪ੍ਰਦਰਸ਼ਨ ਵਿਚ ਰੋਮ ਨਗਰ ਕੌਂਸਲ ਦੇ ਸਾਬਕਾ ਕੌਂਸਲਰ ਗਿਆਨਲੂਕਾ ਪੇਸੀਓਲਾ ਨੇ ਕਿਹਾ ਕਿ ਬੀਬੀਆਂ ਵਿਰੁੱਧ ਅੱਤਿਆਚਾਰ ਨੂੰ ਰੋਕਣ ਲਈ ਸਭ ਦਾ ਲਾਮਬੰਦ ਹੋਣਾ ਲਾਜ਼ਮੀ ਹੈ।ਮਰਦਾਂ ਦੇ ਅੱਤਿਆਚਾਰ ਕਾਰਨ ਬਹੁਤ ਬੀਬੀਆਂ ਦਾ ਕਤਲੇਆਮ ਹੋ ਚੁੱਕਾ ਹੈ ਜਿਸ ਨੂੰ ਰੋਕਣ ਲਈ ਸਾਨੂੰ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਮਰਦਾਂ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਨੂੰ ਬੰਦ ਕੀਤਾ ਜਾ ਸਕੇ।ਇੱਥੇ ਇਹ ਗੱਲ ਵੀ ਦੱਸਣਯੋਗ ਹੈ 8 ਮਾਰਚ 2021 ਨੂੰ ਅੰਤਰਰਾਸ਼ਟਰੀ ਔਰਤ ਦਿਵਸ ਵਜੋਂ ਪੂਰੀ ਦੁਨੀਆ ਵਿੱਚ ਵੀ ਮਨਾਇਆ ਜਾ ਰਿਹਾ ਹੈ।ਜਿਸ ਦੇ ਮੱਦੇ ਨਜ਼ਰ ਹੀ ਅਜਿਹੇ ਮੁਜ਼ਾਹਰੇ ਹੋ ਰਹੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਸੈਨੇਟ ਨੇ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ
NEXT STORY