ਰੋਮ, (ਕੈਂਥ)— ਉਨ੍ਹਾਂ ਲੋਕਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਜਿਨ੍ਹਾਂ ਦੀ ਇਹ ਧਾਰਨਾ ਹੈ ਕਿ ਯੂਰਪ ਵਿੱਚ ਆਮ ਜਨਤਾ ਦੀਆਂ ਸੁੱਖ-ਸਹੂਲਤਾਂ ਦੇ ਮੱਦੇ ਨਜ਼ਰ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ 'ਤੇ ਸਭ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਅਤੇ ਜ਼ਿੰਮੇਵਾਰੀ ਨਾਲ ਕੀਤੇ ਜਾਂਦੇ ਹਨ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਯੂਰਪ ਦੇ ਦੇਸ਼ ਇਟਲੀ ਦੀ ਰਾਜਧਾਨੀ ਰੋਮ ਦੇ 'ਚੰਪੀਨੋ ਏਅਰਪੋਰਟ' ਨੂੰ ਦੁਨੀਆ ਦੇ ਸਭ ਤੋਂ ਬੁਰੇ ਹਵਾਈ ਅੱਡਿਆਂ ਵਿਚ 12ਵੇਂ ਨੰਬਰ ਉੱਤੇ ਰੱਖਿਆ ਗਿਆ ਹੈ।
ਟਰੈਵਲ ਸਾਈਟ 'ਸਲੀਪਿੰਗ ਐਟ ਏਅਰਪੋਰਟਸ' ਵੱਲੋਂ ਕੀਤੀ ਗਈ ਇਕ ਖੋਜ ਦੇ ਨਤੀਜਿਆਂ ਵਿਚ 'ਚੰਪੀਨੋ ਏਅਰਪੋਰਟ' ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ 'ਤ੍ਰਿਭੂਵਨ ਅੰਤਰਰਾਸ਼ਟਰੀ ਹਵਾਈ ਅੱਡੇ' ਤੋਂ ਅੱਗੇ ਹੈ। ਸਰਵੇਖਣ ਵਿਚ ਇਕ ਵਿਅਕਤੀ ਵੱਲੋਂ ਇਸ ਬਾਰੇ ਬੋਲਦਿਆਂ ਦੱਸਿਆ ਗਿਆ ਕਿ ਉਸ ਨੂੰ ਅਤੇ 200 ਹੋਰ ਲੋਕਾਂ ਨੂੰ ਬਾਹਰ ਸੌਣਾ ਪਿਆ ਕਿਉਂਕਿ ਕਿਸੇ ਨੇ ਵੀ ਸੂਚਿਤ ਨਹੀਂ ਕੀਤਾ ਸੀ ਕਿ ਰਾਤ ਦੇ ਸਮੇਂ ਹਵਾਈ ਅੱਡਾ ਬੰਦ ਹੋਵੇਗਾ।
ਰੋਮ ਵਿਚ ਫਿਊਮੀਚੀਨੋ ਤੋਂ ਬਾਅਦ ਚੰਪੀਨੋ ਦੂਸਰਾ ਹਵਾਈ ਅੱਡਾ ਹੈ, ਜਿੱਥੇ ਜ਼ਿਆਦਾਤਰ ਬਜਟ ਏਅਰਲਾਈਨਜ਼ ਰਾਹੀਂ ਹੀ ਚੱਲਦਾ ਹੈ। ਚੰਪੀਨੋ ਦਾ ਏਅਰਪੋਰਟ ਅੱਧੀ ਰਾਤ ਤੋਂ ਲੈ ਕੇ ਸਵੇਰ ਦੇ ਚਾਰ ਵਜੇ ਤੱਕ ਬੰਦ ਕਰ ਦਿੱਤਾ ਜਾਂਦਾ ਹੈ। ਜਿਹੜੇ ਯਾਤਰੀ ਸਵੇਰ ਉਡਾਣ ਲਈ, ਠੰਡ ਵਿਚ ਏਅਰਪੋਰਟ ਦੇ ਅੰਦਰ ਰਾਤ ਰਹਿਣਾ ਚਾਹੁੰਦੇ ਹਨ, ਏਅਰਪੋਰਟ ਸਟਾਫ ਵੱਲੋਂ ਉਨ੍ਹਾਂ ਨੂੰ ਅੱਡੇ ਤੋਂ ਬਾਹਰ ਜਾਣ ਲਈ ਕਿਹਾ ਜਾਂਦਾ ਹੈ।
ਸੂਚੀ ਦੇ ਸਾਰੇ ਹਵਾਈ ਅੱਡਿਆਂ ਨੂੰ ਅੱਠ ਸ਼੍ਰੇਣੀਆਂ ਜਿਵੇਂ ਕਿ ਆਰਾਮ, ਸੇਵਾਵਾਂ, ਭੋਜਨ ਦੇ ਬਦਲ, ਇਮੀਗ੍ਰੇਸ਼ਨ/ਸੁਰੱਖਿਆ, ਗਾਹਕ ਸੇਵਾ, ਸਫ਼ਾਈ, ਨੇਵੀਗੇਸ਼ਨ ਅਤੇ ਟ੍ਰਾਂਜਿਟ ਅਤੇ ਸੌਣ ਦੀ ਸੁਵਿਧਾ ਦੇ ਅਨੁਸਾਰ ਦਰਜਾ ਦਿੱਤਾ ਗਿਆ ਸੀ। ਦੁਨੀਆ ਦੇ ਸਭ ਤੋਂ ਬੁਰੇ ਏਅਰਪੋਰਟ ਦੀ ਸੂਚੀ ਵਿਚ ਦਿਖਾਈ ਦੇਣ ਵਾਲੇ ਹਵਾਈ ਅੱਡੇ ਉਹ ਹਨ, ਜਿਨ੍ਹਾਂ ਕੋਲ ਸਵਾਰੀਆਂ ਨੂੰ ਸੱਚਮੁਚ ਹੀ ਨਾਰਾਜ਼ ਕਰਨ ਦੀ ਸਮਰੱਥਾ ਹੈ। ਇਨ੍ਹਾਂ ਟਰਮੀਨਲਾਂ ਦੇ ਅੰਦਰ ਇੱਕ ਸਫ਼ਰ ਕਰਕੇ ਹੀ ਯਾਤਰੀ ਬੇਹੱਦ ਨਾਰਾਜ਼ਗੀ ਪੈਦਾ ਕਰਦਾ ਹੈ।
ਸੂਡਾਨ ਦੇ ਜੂਬਾ ਅੰਤਰਰਾਸ਼ਟਰੀ ਹਵਾਈ ਅੱਡੇ ਨਾਲੋਂ ਚੰਪੀਨੋ ਹਵਾਈ ਅੱਡੇ ਦੀ ਹਾਲਤ ਕੁੱਝ ਚੰਗੀ ਹੈ, ਕਿਉਂਕਿ ਜੂਬਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦੁਨੀਆ ਦੇ ਸਭ ਤੋਂ ਬੁਰੇ ਹਵਾਈ ਅੱਡੇ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੰਡਨ ਦੇ 11ਵੇਂ ਸਥਾਨ 'ਤੇ ਰਹੇ ਲੂਤੋਂ ਹਵਾਈ ਅੱਡੇ ਨਾਲੋਂ ਵੀ ਚੰਪੀਨੋ ਦਾ ਪ੍ਰਦਰਸ਼ਨ ਕੁੱਝ ਚੰਗਾ ਹੈ।ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਰੋਮਾ ਟਰਮਨੀ ਦਾ ਰੇਲਵੇ ਸਟੇਸ਼ਨ ਵੀ ਰਾਤ 12 ਵਜੇ ਤੋਂ ਸਵੇਰੇ 5 ਵਜੇ ਤੱਕ ਬੰਦ ਕਰ ਦਿੱਤਾ ਜਾਂਦਾ ਹੈ ਤੇ ਜਿਹੜੀਆਂ ਸਵਾਰੀਆਂ ਦੀ ਆਖਰੀ ਰੇਲਗੱਡੀ ਛੁੱਟ ਜਾਂਦੀ ਹੈ ਉਨ੍ਹਾਂ ਨੂੰ ਸਾਰੀ ਰਾਤ ਖੱਜਲ ਖੁਆਰ ਹੋਣਾ ਪੈਂਦਾ ਹੈ।
ਅਜਿਹਾ ਦੇਸ਼ ਜਿੱਥੇ ਪੁਲਸ ਨਹੀਂ ਰੱਖਦੀ ਬੰਦੂਕ
NEXT STORY