ਰੋਮ (ਦਲਵੀਰ ਕੈਂਥ): ਇਟਲੀ ਵਿੱਚ ਜਿੱਥੇ ਦਿਨੋ-ਦਿਨ ਸਿੱਖ ਸੰਗਤ ਦਾ ਵਾਧਾ ਹੋ ਰਿਹਾ ਹੈ ਉੱਥੇ ਹੀ ਗੁਰਦੁਆਰਾ ਸਾਹਿਬ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ ਜਿਹੜਾ ਕਿ ਸਿੱਖ ਧਰਮ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ। ਇਟਲੀ ਦੀਆਂ ਸਿੱਖ ਸੰਗਤਾਂ ਆਪਣੀ ਹੱਢ ਭੰਨਵੀ ਮਿਹਨਤ ਮੁਸ਼ਕਤ ਦੀ ਕਿਰਤ ਵਿੱਚੋਂ ਦਸਵੰਧ ਕੱਢ ਆਪਣਾ ਜੀਵਨ ਸਫ਼ਲਾ ਕਰਨ ਹਿੱਤ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਤਿਲ-ਫੁੱਲ ਭੇਟਾ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ ਲਈ ਦੇ ਰਹੀਆਂ ਹਨ ਪਰ ਇਹਨਾਂ ਗੁਰੂ ਦੀਆਂ ਲਾਡਲੀਆਂ ਫੌਜ਼ਾਂ ਦਾ ਉਸ ਸਮੇਂ ਹਿਰਦਾ ਲਹੂ ਲੁਹਾਣ ਹੋ ਜਾਂਦਾ ਹੈ ਜਦੋਂ ਸੰਗਤਾਂ ਨੂੰ ਇਹ ਖ਼ਬਰ ਮਿਲਦੀ ਹੈ ਕਿ ਜਿਸ ਗੁਰਦੁਆਰਾ ਸਾਹਿਬ ਨੂੰ ਮੁੱਲ ਦੀ ਇਮਾਰਤ ਖਰੀਦ ਕੇ ਸਥਾਪਿਤ ਕਰਨ ਹਿਤ ਹੋ ਜੋ ਤੀਲਾ-ਤੀਲਾ ਕਰ ਸੇਵਾ ਇੱਕਠੀ ਕਰ ਰਹੀਆਂ ਸੀ, ਉਸ ਦੀ ਵਰਤੋਂ ਕੁਝ ਸੇਵਾਦਾਰ ਨਿੱਜੀ ਸੁਆਰਥ ਹਿੱਤ ਕਰ ਰਹੇ ਹਨ ਭਾਵ ਗੁਰਦੁਆਰਾ ਸਾਹਿਬ ਦੀ ਮੁੱਲ ਦੀ ਇਮਾਰਤ ਨੂੰ 4-5 ਸੇਵਾਦਾਰ ਆਪਣੇ ਨਿੱਜੀ ਨਾਮ ਕਰਵਾ ਚੁੱਕੇ ਹਨ।
ਇਹ ਕਾਰਵਾਈ ਸਿੱਖ ਸੰਗਤ ਲਈ ਅਸਹਿ ਹੀ ਨਹੀਂ ਸਗੋਂ ਇਟਲੀ ਵਿੱਚ ਪੈਦਾ ਹੋਈ ਸਿੱਖ ਪੀੜ੍ਹੀ ਲਈ ਸੇਵਾਦਾਰ ਦੇ ਅਰਥ ਹੀ ਬਦਲ ਕੇ ਰੱਖ ਦਿੰਦੀ ਹੈ। ਉਂਝ ਤਾਂ ਇਟਲੀ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਘੱਟ ਚੁੱਕੀਆਂ ਹਨ ਜਿਹਨਾਂ ਵਿੱਚ ਇਹ ਕੌੜਾ ਸੱਚ ਖੁੱਲ ਕੇ ਸਾਹਮ੍ਹਣੇ ਆਇਆ ਕਿ ਇਟਲੀ ਦੇ ਕੁਝ ਗੁਰਦੁਆਰਾ ਸਾਹਿਬ ਮੁੱਖ ਸੇਵਾਦਾਰਾਂ ਨੇ ਆਪਣੇ ਨਿੱਜੀ ਨਾਮ ਕਰਵਾਏ ਹੋਏ ਹਨ, ਜਿਹਨਾਂ ਦੀ ਮਲਕੀਅਤ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾਉਣ ਲਈ ਇਟਲੀ ਦੀਆਂ ਕੋਰਟ-ਕਚਿਹਰੀਆਂ ਵਿੱਚ ਕੇਸ ਵੀ ਸੰਗਤਾਂ ਦੇ ਪ੍ਰਧਾਨਾਂ ਨਾਲ ਚੱਲ ਰਹੇ ਹਨ ਪਰ ਹੁਣ ਤੱਕ ਇਹ ਕਾਰਵਾਈ ਪਾਣੀ ਵਿੱਚ ਮਧਾਣੀ ਹੀ ਸਾਬਤ ਹੋ ਰਹੀ ਹੈ।ਅਜਿਹੀ ਹੀ ਘਟਨਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਸੀਆਨੋ ਦੀ ਪੋਰਦੀਨੋਨੇ ਵਿਖੇ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਿ ਸੰਗਤ ਤੇ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਮੇਟੀ ਬਦਲਣ ਨੂੰ ਲੈ ਆਪਸੀ ਕਲੇਸ਼ ਪਿਛਲੇ ਕਰੀਬ 3 ਹਫ਼ਤਿਆਂ ਤੋਂ ਬਣਿਆ ਹੋਇਆ ਹੈ।"
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ" ਨੂੰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਸੀਆਨੋ ਦੀ ਪੋਰਦੀਨੋਨੇ ਦੀ ਸੰਗਤ ਨੇ ਪਿਛਲੇ 20 ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਚਲੀ ਆ ਰਹੀ ਗੁਰਦੁਆਰਾ ਪ੍ਰਬੰਧਕ ਬਦਲਣ ਨੂੰ ਲੈ ਕੇ ਵਾਪਰੀ ਸੰਬਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਸੀਆਨੋ ਦੀ ਪੋਰਦੀਨੋਨੇ, ਜਿਸ ਦੀ ਸਥਾਪਨਾ ਸਮੂਹ ਸੰਗਤਾਂ ਨੇ ਸੰਨ 2000 ਵਿੱਚ ਕੀਤੀ ਤੇ ਗੁਰਦੁਆਰਾ ਸਾਹਿਬ ਨੂੰ ਚਲਾਉਣ ਲਈ 5 ਮੈਂਬਰੀ ਨੂੰ ਸੇਵਾ ਦਿੱਤੀ ਗਈ। ਸੰਗਤਾਂ ਨੇ ਹੰਭਲਾ ਮਾਰਦਿਆਂ ਸੰਨ 2003 ਦੀ ਜਨਵਰੀ ਨੂੰ ਇਸ ਗੁਰਦੁਆਰਾ ਸਾਹਿਬ ਲਈ ਮੁੱਲ ਦੀ ਇਮਾਰਤ ਖਰੀਦ ਲਈ, ਜਿਸ ਦੀ ਉਸ ਸਮੇਂ ਪ੍ਰਬੰਧਕ ਕਮੇਟੀ ਨੇ 10 ਲੱਖ ਯੂਰੋ ਦੱਸੀ। ਇਸ ਰਕਮ ਲਈ 5 ਮੈਂਬਰੀ ਕਮੇਟੀ ਨੇ ਕਰਜ਼ਾ ਲੈ ਲਿਆ ਤੇ ਗੁਰਦੁਆਰਾ ਸਾਹਿਬ ਨੂੰ ਆਪਣੇ 5 ਮੈਂਬਰਾਂ ਦੇ ਨਾਮ ਕਰਵਾ ਲਿਆ। ਸੰਗਤ ਅਨੁਸਾਰ ਇਹਨਾਂ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਆਪਣੀ ਨਿੱਜੀ ਜਾਇਦਾਦ ਵਜੋਂ ਆਪਣੇ ਨਾਮ ਕਰਵਾਇਆ।
ਇਸ ਪ੍ਰਬੰਧਕ ਕਮੇਟੀ ਨੂੰ ਪਿਛਲੇ 20 ਸਾਲਾਂ ਦੌਰਾਨ ਬਦਲਣ ਲਈ 4 ਵਾਰ ਸੰਗਤਾਂ ਵੱਲੋਂ ਕਾਰਵਾਈ ਕਰਨ ਦੀ ਹਿਮੰਤ ਕੀਤੀ ਗਈ ਪਰ ਪਬੰਧਕ ਇਸ ਲਈ ਨਾ ਮੰਨੇ ਤੇ ਉਹਨਾਂ 4 ਸਤੰਬਰ, 2016 ਨੂੰ ਸੰਗਤਾਂ ਨੂੰ ਲਿਖਕੇ ਦੇ ਦਿੱਤਾ ਕਿ ਜਦੋਂ ਇਸ ਗੁਰਦੁਆਰਾ ਸਾਹਿਬ ਦਾ ਲਿਆ ਕਰਜ਼ਾ ਉਤਾਰ ਦਿੱਤਾ ਜਾਵੇਗਾ ਤਾਂ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਨਵੀਂ ਕਮੇਟੀ ਨੂੰ ਦੇਣਗੇ। ਬਾਅਦ ਵਿਚ ਜਦੋ-ਜਦੋਂ ਵੀ ਕਮੇਟੀ ਬਦਲਣ ਦੀ ਗੱਲ ਤੁਰੀ ਤਾਂ ਸੰਗਤਾਂ ਨੂੰ ਇਹੀ ਸੁਣਨ ਨੂੰ ਮਿਲਦਾ ਰਿਹਾ ਕਿ ਇਹ ਜਾਇਦਾਦ ਉਹਨਾਂ ਦੀ ਨਿੱਜੀ ਹੈ ਜਿਸ ਤੋਂ ਉਹਨਾਂ ਨੂੰ ਕਾਨੂੰਨੀ ਤੌਰ 'ਤੇ ਕੋਈ ਬਰਖਾਸਤ ਨਹੀਂ ਕਰ ਸਕਦਾ। ਸੰਗਤਾਂ ਨੂੰ ਸਬਰ ਕਰ ਹੁਣ ਉਸ ਵਕਤ ਦੀ ਬੇਸਬਰੀ ਨਾਲ ਉਡੀਕ ਰਹਿ ਲੱਗੀ ਜਦੋਂ ਕਰਜ਼ਾ ਉਤਰ ਜਾਵੇ ਤੇ ਆਖਿ਼ਰ ਉਹ ਦਿਨ 23 ਜਨਵਰੀ, 2023 ਨੂੰ ਆ ਹੀ ਗਿਆ ਪਰ ਅਫ਼ਸੋਸ 5 ਮੈਂਬਰੀ ਪ੍ਰਬੰਧਕ ਕਮੇਟੀ ਦੇ 2 ਸੇਵਾਦਾਰ ਕਮੇਟੀ ਬਦਲਣ ਤੋਂ ਮੁਕਰ ਗਏ।
ਪੜ੍ਹੋ ਇਹ ਅਹਿਮ ਖ਼ਬਰ-ਦੁੱਖਦਾਇਕ ਖ਼ਬਰ : ਕੈਨੇਡਾ 'ਚ ਭਾਰਤੀ ਮੂਲ ਦੇ 19 ਸਾਲਾ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ
ਜਦੋਂ ਕਿ 1 ਸੇਵਦਾਰ ਬਿਮਾਰ ਹੈ, ਇੱਕ ਦਾ ਦਿਹਾਂਤ ਹੋ ਗਿਆ ਪਰ ਉਸ ਦਾ ਪਰਿਵਾਰ ਤੇ 1 ਹੋਰ ਸੇਵਾਦਾਰ ਕਮੇਟੀ ਬਦਲਣ ਲਈ ਸੰਗਤ ਦੇ ਨਾਲ ਹਨ। ਸੰਗਤ ਵਾਰ-ਵਾਰ ਬੇਨਤੀ ਕਰ ਰਹੀ ਹੈ ਪਰ ਸਿਰਫ਼ ਦੋ ਮੈਂਬਰ ਮੌਜੂਦਾ ਪ੍ਰਧਾਨ ਕੁਲਵਿੰਦਰ ਸਿੰਘ ਤੇ ਸੈਕਟਰੀ ਸਤਵਿੰਦਰ ਸਿੰਘ ਕਿਸੇ ਰੂਪ ਵਿੱਚ ਵੀ ਪ੍ਰਬੰਧਕ ਕਮੇਟੀ ਬਦਲਣ ਲਈ ਤਿਆਰ ਨਹੀਂ। ਪਿਛਲੇ 3 ਹਫ਼ਤਿਆਂ ਤੋਂ ਤਾਂ ਪਾਣੀ ਸਿਰ ਉਪੱਰੋਂ ਹੀ ਲੰਘ ਗਿਆ ਜਦੋਂ ਪ੍ਰਧਾਨ ਤੇ ਸੈਕਟਰੀ ਨੇ ਸੰਗਤਾਂ ਨਾਲ ਅਣਮਨੁੱਖੀ ਵਿਵਹਾਰ ਕਰ ਪੁਲਸ ਤੱਕ ਗੁਰਦੁਆਰਾ ਸਾਹਿਬ ਬੁਲਾ ਲਈ। ਹੋਰ ਤਾਂ ਹੋਰ ਇਹਨਾਂ ਦੋਨਾਂ ਮੈਂਬਰਾਂ ਨੇ ਆਪਣੀ ਹਮਾਇਤ ਲਈ ਇਧਰੋਂ-ਉਧੱਰੋਂ ਵੀ ਸਾਥੀ ਬੁਲਾ ਲਏ ਜਿਹੜਾ ਕਿ ਸੰਗਤ ਦੀ ਸਮਝ ਤੋਂ ਬਾਹਰ ਹੈ। ਸੰਗਤ ਨੇ ਕਲੱਬ ਨੂੰ ਦੱਸਿਆ ਕਿ ਕੋਈ ਦਲੀਲ ਜਾਂ ਅਪੀਲ ਪ੍ਰਧਾਨ ਤੇ ਸੈਕਟਰੀ ਮੰਨਣ ਨੂੰ ਤਿਆਰ ਨਹੀਂ ਜਿਸ ਤੋਂ ਥੱਕ ਹਾਰ ਕੇ ਗੁਰੂ ਸਾਹਿਬ ਦੀ ਹਜੂਰੀ ਵਿੱਚ ਹੋ ਰਹੀ ਹੂੜਮੱਤ ਨੂੰ ਠੱਲ ਪਾਉਣ ਲਈ ਉਹਨਾਂ 23 ਜੁਲਾਈ, 2023 ਨੂੰ ਸਥਾਨਕ ਪੁਲਸ ਪ੍ਰਸ਼ਾਸ਼ਨ ਨੂੰ ਜਾਣਕਾਰੀ ਦੇਕੇ ਨਵੀਂ ਗੁਰਦੁਆਰਾ ਸਾਹਿਬ ਦੀ 7 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ।
ਇਸ ਵਿੱਚ ਵਿਰਸਾ ਸਿੰਘ, ਰੁਪਿੰਦਰ ਸਿੰਘ,ਹਰਵਿੰਦਰ ਸਿੰਘ,ਸਰਬਜੀਤ ਸਿੰਘ,ਕੁਲਜੀੱਤ ਸਿੰਘ,ਜਗਵੀਰ ਸਿੰਘ,ਜਸਵੀਰ ਕੌਰ ਤੇ ਹਰਜੀਤ ਸਿੰਘ ਨੂੰ ਸੰਗਤਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲੀ ਹੈ ਪਰ ਕੀ ਪੁਰਾਣੀ ਕਮੇਟੀ ਦੇ ਪ੍ਰਧਾਨ ਤੇ ਸੈਕਟਰੀ ਇਸ ਕਮੇਟੀ ਨੂੰ ਪ੍ਰਵਾਨਗੀ ਦਿੰਦੇ ਹਨ ਜਾਂ ਫਿਰ ਆਪਣੀ ਹਊਮੈ ਨੂੰ ਹੀ ਪ੍ਰਚੰਡ ਕਰਦੇ ਹਨ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੇ ਇਸ ਉਲਝੇ ਤਾਣੇ-ਬਾਣੇ ਨੂੰ ਸੁਲਝਾਉਣ ਲਈ ਪੁਰਾਣੀ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਤੇ ਸਤਵਿੰਦਰ ਸਿੰਘ ਨਾਲ ਇੱਕ ਵਾਰ ਨਹੀਂ ਸਗੋਂ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ,ਫੋਨ ਕੀਤੇ,ਲਿਖਤੀ ਵੀ ਵਟੱਸਅਪ 'ਤੇ ਸੁਨੇਹਾ ਦਿੱਤਾ, ਜਿਸ ਦਾ ਸਤਵਿੰਦਰ ਸਿੰਘ ਨੇ ਕੰਮਾਂ-ਕਾਰਾਂ ਦੇ ਰੁਝੇਵਿਆਂ ਕਾਰਨ ਸ਼ਨੀਵਾਰ 22 ਜੁਲਾਈ ਨੂੰ ਜਵਾਬ ਦੇਣ ਦਾ ਕਲੱਬ ਨੂੰ ਲਿਖਤੀ ਸੁਨੇਹਾ ਲਾਇਆ ਪਰ ਅਫ਼ਸੋਸ ਖ਼ਬਰ ਲਿਖੇ ਜਾਣ ਤੱਕ ਉਹਨਾਂ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਆਇਆ ਜਦੋਂ ਕਿ ਅੱਜ ਵੀ ਪ੍ਰਧਾਨ ਕੁਲਵਿੰਦਰ ਸਿੰਘ ਨੂੰ ਕਾਲ ਕੀਤੀ ਗਈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੇ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਬਣਾਉਣ ਲਈ ਸਹਿਮਤ ਨਹੀਂ ਹਨ ਉਹਨਾਂ ਵਿੱਚੋਂ ਇੱਕ ਇਟਲੀ ਦੀ ਉਸ ਕੌਮੀ ਸਿੱਖ ਸੰਸਥਾ ਯੂਨੀਅਨ ਸਿੱਖ ਇਟਲੀ ਦਾ ਪ੍ਰਧਾਨ ਹੈ ਜਿਹੜੀ ਕਿ ਇਟਲੀ ਵਿੱਚ ਸਿੱਖ ਸਮਾਜ ਦੀਆਂ ਪੇਚੀਦਾ ਮੁਸ਼ਕੀਲਾਂ ਹੱਲ ਕਰਨ ਤੇ ਇਟਲੀ ਵਿੱਚ ਸਿੱਖ ਧਰਮ ਰਜਿਸਟਡਰ ਕਰਵਾਉਣ ਲਈ ਹੀ ਹੋਂਦ ਵਿੱਚ ਆਈ ਹੈ।ਇਸ ਸੰਸਥਾ ਪ੍ਰਤੀ ਸਿੱਖ ਸੰਗਤਾਂ ਦਾ ਰੋਸ ਹੈ ਕਿ ਇਹ ਸੰਸਥਾ ਕਿਸ ਤਰ੍ਹਾਂ ਇਟਲੀ ਵਿੱਚ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਕੰਮ ਕਰ ਸਕਦੀ ਹੈ ਜਦੋਂ ਕਿ ਇਸ ਦਾ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ ਹੀ ਆਪਣੀਆਂ ਚਲਾਉਣੀਆਂ ਚਾਹੁੰਦਾ ਹੈ। ਇਹ ਹੀ ਪ੍ਰਧਾਨ ਜਿਹੜਾ ਕਿ ਉਹਨਾਂ ਦੇ ਗੁਰਦੁਆਰਾ ਸਾਹਿਬ ਦਾ ਕਦੇ ਪ੍ਰਧਾਨ ਸੀ ਤੇ ਹੁਣ ਸੈਕਟਰੀ ਹੈ ਸ਼ਰੇਆਮ ਧਮਕੀਆਂ ਦਿੰਦਾ ਵੀਡੀਓ ਵਿੱਚ ਸੋਸ਼ਲ ਮੀਡੀਏ 'ਤੇ ਆ ਦੇਖਿਆ ਜਾ ਸਕਦਾ। ਇਸ ਦੀ ਇੱਕ ਵੀਡਿਓ ਕਾਪੀ ਵੀ ਕਲੱਬ ਨੂੰ ਪਹੁੰਚ ਚੁੱਕੀ ਹੈ। ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਸੀਆਨੋ ਦੀ ਪੋਰਦੀਨੋਨੇ ਦੀ ਸੰਗਤ ਵੱਲੋਂ ਗੁਰੂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਨਵੇਂ ਸਿੰਘਾਂ ਨੂੰ ਸੇਵਾ ਸੰਭਾਲ ਦਿੱਤੀ ਹੈ ਹੁਣ ਦੇਖਣਾ ਇਹ ਹੈ ਕਿ ਪੁਰਾਣੀ ਕਮੇਟੀ ਦੇ ਪ੍ਰਧਾਨ ਦੇ ਸੈਕਟਰੀ ਗੁਰੂ ਦੇ ਸਤਿਕਾਰ ਵਿੱਚ ਛਿੱੜੇ ਵਿਵਾਦ ਨੂੰ ਸਾਂਤ ਕਰ ਦਿੰਦੇ ਹਨ ਜਾਂ ਫਿਰ ਕੁਝ ਹੋਰ ਕਲਮ ਚਾਲਕਾਂ ਤੇ ਹਮਾਇਤੀਆਂ ਦੀ ਫੌਜ ਬਣਾ ਨਵੀਂ ਕਮੇਟੀ 'ਤੇ ਧਾਵਾ ਬੋਲ ਦਿੰਦੇ ਹਨ।ਇਸ ਸਾਰੇ ਘਟਨਾ ਕਰਮ ਦੀ ਇਟਾਲੀਅਨ ਮੀਡੀਏ ਨੇ ਵੀ ਨਿਖੇਧੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਲੀਫੋਰਨੀਆ ਦੀ ਸਪੇਸ ਕੰਪਨੀ ਨੇ 22 ਸਟਾਰਲਿੰਕ ਉਪਗ੍ਰਹਿ ਕੀਤੇ ਲਾਂਚ
NEXT STORY