ਰੋਮ : WHO ਦੀਆਂ ਚਿਤਾਵਨੀਆਂ ਦੇ ਬਾਵਜੂਦ ਤਕਰੀਬਨ ਪੰਜ ਹਫਤੇ ਤੋਂ ਲੱਗੇ ਲਾਕਡਾਊਨ ਵਿਚ ਇਟਲੀ ਨੇ ਹੁਣ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਕਿਤਾਬਾਂ, ਸਟੇਸ਼ਨਰੀ ਤੇ ਕੱਪੜੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਛੋਟ ਦੇ ਦਿੱਤੀ ਗਈ ਹੈ, ਬਸ਼ਰਤੇ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਤੇ ਸਾਫ-ਸਫਾਈ ਦਾ ਪੂਰਾ ਖਿਆਲ ਰੱਖਣਾ ਹੋਵੇਗਾ। ਓਧਰ, ਆਸਟਰੀਆ ਵਿਚ ਵੀ ਹਜ਼ਾਰਾਂ ਦੁਕਾਨਾਂ ਦੁਬਾਰਾ ਖੁੱਲ੍ਹ ਗਈਆਂ ਹਨ।
ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਟਲੀ ਦੇ ਇਸ ਕਦਮ ਨਾਲ ਕੋਰੋਨਾ ਇਕ ਵਾਰ ਫਿਰ ਇੱਥੇ ਕਹਿਰ ਮਚਾ ਸਕਦਾ ਹੈ।
ਇਟਲੀ ਸਰਕਾਰ ਦੇ ਤਾਜ਼ਾ ਫਰਮਾਨ ਤਹਿਤ ਕਿਤਾਬਾਂ ਦੀਆਂ ਦੁਕਾਨਾਂ, ਡ੍ਰਾਈ ਕਲੀਨਰ ਤੇ ਦੁਕਾਨਾਂ ਜੋ ਬੱਚਿਆਂ ਦੇ ਕੱਪੜੇ ਵੇਚਦੀਆਂ ਹਨ ਉਨ੍ਹਾਂ ਨੂੰ 14 ਅਪ੍ਰੈਲ ਤੋਂ ਮੁੜ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ। ਹਾਲਾਂਕਿ, ਇਟਲੀ ਦੇ ਸਭ ਤੋਂ ਪ੍ਰਭਾਵਿਤ ਇਲਾਕਿਆਂ ਜਿਵੇਂ ਲੋਂਬਾਰਡੀ ਤੇ ਉੱਤਰੀ ਦੇ ਹੋਰ ਖੇਤਰਾਂ ਨੇ ਕਿਹਾ ਹੈ ਕਿ ਉਹ ਦੁਬਾਰਾ ਕੰਮਕਾਰ ਖੋਲ੍ਹਣ ਵਿਚ ਜਲਦਬਾਜ਼ੀ ਨਹੀਂ ਕਰਨਗੇ। ਜਾਣਕਾਰੀ ਮੁਤਾਬਕ, ਸਖਤ ਨਿਯਮਾਂ ਤਹਿਤ ਵੇਨੇਟੋ ਨੇ ਹਫਤੇ ਵਿਚ ਦੋ ਦਿਨ ਦੁਕਾਨਾਂ ਖੋਲ੍ਹਣ ਦੀ ਢਿੱਲ ਦਿੱਤੀ ਹੈ।
ਉੱਥੇ ਹੀ, ਕੰਪਿਊਟਰ ਤੇ ਹੋਰ ਇਲੈਕਟ੍ਰਾਨਿਕਸ, ਲੱਕੜ, ਖਾਦ ਤੇ ਖੇਤੀਬਾੜੀ ਰਸਾਇਣਾਂ ਉਦਯੋਗਾਂ ਨੂੰ ਵੀ ਕੰਮਕਾਰ ਦੁਬਾਰਾ ਚਾਲੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ, ਇਟਲੀ ਦੇ ਸੂਬੇ ਖੁਦ ਦੀ ਮਰਜ਼ੀ ਨਾਲ ਫੈਸਲਾ ਲੈਣ ਲਈ ਸੁਤੰਤਰ ਹਨ, ਯਾਨੀ ਕਿ ਜੇਕਰ ਕੋਈ ਸੂਬਾ ਪਾਬੰਦੀ ਵਿਚ ਫਿਲਹਾਲ ਕੋਈ ਢਿੱਲ ਨਹੀਂ ਦੇਣਾ ਚਾਹੁੰਦਾ ਤਾਂ ਉਹ ਅਜਿਹਾ ਕਰ ਸਕਦਾ ਹੈ।
ਪਿਡਮੋਂਟ ਨੇ ਵਾਧੂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਹੈ, ਜਦੋਂ ਕਿ ਸਰਦਾਨੀਆ 26 ਅਪ੍ਰੈਲ ਤੋਂ ਮਨਜ਼ੂਰੀ ਦੇਵੇਗਾ। ਲਾਜ਼ੀਓ 20 ਅਪ੍ਰੈਲ ਤੱਕ ਕਿਤਾਬਾਂ ਦੀਆਂ ਦੁਕਾਨਾਂ ਨੂੰ ਬੰਦ ਰੱਖੇਗਾ। ਲੋਂਬਾਰਡੀ ਵਿਚ ਬੱਚਿਆਂ ਦੇ ਕੱਪੜਿਆਂ ਦੀਆਂ ਦੁਕਾਨਾਂ 14 ਅਪ੍ਰੈਲ ਤੋਂ ਮੁੜ ਖੁੱਲ੍ਹ ਸਕਦੀਆਂ ਹਨ ਪਰ ਬੁੱਕ ਸਟੋਰ ਤੇ ਸਟੇਸ਼ਨਰੀ ਨਹੀਂ। ਇਹ ਢਿੱਲ 3 ਮਈ ਤੱਕ ਲਈ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਟਲੀ ਵਿਚ 20 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਮਰੀਜ਼ਾਂ ਦੀ ਗਿਣਤੀ ਵਿਚ ਹਾਲ ਹੀ ਵਿਚ ਕਮੀ ਆਈ ਹੈ।
ਇਹਨਾਂ ਦੇਸ਼ਾਂ ਨੇ ਲਾਕਡਾਊਨ ਨੂੰ ਲੈ ਕੇ ਪੇਸ਼ ਕੀਤੀ ਨਵੀਂ ਉਦਾਹਰਣ, ਅਪਣਾਇਆ ਇਹ ਤਰੀਕਾ
NEXT STORY