ਬਰੇਸ਼ੀਆ (ਦਲਵੀਰ ਕੈਂਥ)- ਸਿੱਖ ਧਰਮ ਦੇ ਮੋਢੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦੇਸ਼ਾਂ ਵਿੱਚ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਦੀ ਲੜੀ ਤਹਿਤ ਇਟਲੀ ਦੇ ਬਰੇਸ਼ੀਆਂ ਜ਼ਿਲ੍ਹੇ ‘ਚ ਸਥਿਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ ਦੀ ਪ੍ਰਬੰਧਕ ਕਮੇਟੀ ਦੁਆਰਾ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਕਸਤੇਨੇਦਲੋ ਸ਼ਹਿਰ ਵਿਖੇ ਵਿਸ਼ਾਲ ਨਗਰ ਕੀਰਤਨ ਮਿਤੀ 16 ਨਵੰਬਰ ਨੂੰ ਸਜਾਇਆ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਸਤੇਨੇਦਲੋ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਧਿਆਨ ਵਿੱਚ ਰੱਖ ਕੇ ਪਿਛਲੇ 13 ਸਾਲਾਂ ਤੋਂ ਲਗਾਤਾਰ ਨਗਰ ਕੀਰਤਨ ਸਜਾਏ ਜਾ ਰਹੇ ਹਨ ਤੇ ਇਸ ਵਾਰ 14ਵਾਂ ਵਿਸ਼ਾਲ ਨਗਰ ਕੀਰਤਨ 16 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਸ ਨਗਰ ਕੀਰਤਨ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਸ਼ਹਿਰ ਦੀ ਪਰਿਕਰਮਾ ਕਰਦਿਆਂ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸਾਹਿਬ ਵਿਖੇ ਹੀ ਹੋਵੇਗੀ। ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਇਲਾਵਾ ਇਟਲੀ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਪਹੁੰਚ ਕੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਉਣਗੀਆਂ।
ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗੱਤਕਾ ਕਲਾ ਦੇ ਜੌਹਰ ਵਿਖਾਏ ਜਾਣਗੇ ਤੇ ਵੱਖ-ਵੱਖ ਪ੍ਰਚਾਰਕ ਜੱਥਿਆਂ ਦੁਆਰਾ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਜਾਵੇਗਾ, ਜਿਨ੍ਹਾਂ ਵਿੱਚ ਭਾਈ ਜਗਤਾਰ ਸਿੰਘ ਦਾ ਕੀਰਤਨੀ ਜੱਥਾ ਤੇ ਭਾਈ ਅੰਗਰੇਜ ਸਿੰਘ ਜਾਂਗਲਾ ਦਾ ਕਵੀਸ਼ਰ ਜੱਥਾ ਸੰਗਤ ਨੂੰ ਗੁਰੂ ਜਸ ਸਰਵਣ ਕਰਵਾਉਣਗੇ।

ਇਸ ਮੌਕੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਣਗੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਇਟਲੀ ਵੱਸਦੀ ਸਿੱਖ ਸੰਗਤ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਜੱਥੇਬੰਦੀਆਂ ਨੂੰ ਵਧ-ਚੜ੍ਹ ਕੇ ਨਗਰ ਕੀਰਤਨ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।
ਅਮਰੀਕੀ ਅਦਾਲਤ ਨੇ ਪੋਰਟਲੈਂਡ 'ਚ ਫੌਜ ਤਾਇਨਾਤ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ 'ਤੇ ਲਗਾਈ ਰੋਕ
NEXT STORY