ਰੋਮ, (ਦਲਵੀਰ ਕੈਂਥ)- ਯੂਰਪੀਅਨ ਯੂਨੀਅਨ ਵੱਲੋਂ ਕੋਰੋਨਾ ਨਾਲ ਜੂਝ ਰਹੇ ਇਟਲੀ ਦੀ ਮਦਦ ਲਈ ਭੇਜੀ ਰਾਸ਼ੀ ਨੇ ਦੇਸ਼ ਵਿਚ ਨਵਾਂ ਸਿਆਸੀ ਸੰਕਟ ਖੜ੍ਹਾ ਕਰ ਦਿੱਤਾ, ਜਿਸ ਨੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਦੀ ਕੁਰਸੀ ਨੂੰ ਖਾ ਲਿਆ।
ਇਟਲੀ ਦੇ ਰਾਸ਼ਟਰਪਤੀ ਸੇਰਜਿਓ ਮਾਤੇਰੇਲਾ ਨੇ ਕੋਰੋਨਾ ਕਾਰਨ ਦੇਸ਼ ਦੀ ਲੜਖੜਾਉਂਦੀ ਹਾਲਤ ਦੇ ਮੱਦੇਨਜ਼ਰ ਤੇ ਦੇਸ਼ ਦੀ ਆਰਥਿਕਤਾ ਨੂੰ ਸਥਿਰ ਕਰਨ ਲਈ ਨਵੇਂ ਪ੍ਰਧਾਨ ਮੰਤਰੀ ਲਈ ਮਾਰੀਓ ਦਰਾਗੀ ਦੇ ਨਾਮ ਦਾ ਅੱਜ ਐਲਾਨ ਕਰ ਦਿੱਤਾ ਹੈ ਤੇ ਮਾਰੀਓ ਦਰਾਗੀ ਨੂੰ ਜਲਦ ਆਪਣੀ ਸਰਕਾਰ ਬਣਾਉਣ ਦਾ ਸੱਦਾ ਵੀ ਦੇ ਦਿੱਤਾ ਹੈ।
ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਦੇ ਵਿਰੋਧੀ ਤੇ ਇਤਾਲੀਆ ਵੀਵਾ ਪਾਰਟੀ ਦੇ ਪ੍ਰਧਾਨ ਰੇਨਸੀ ਨੇ ਦਰਾਗੀ ਨੂੰ ਬਹੁਤ ਹੀ ਕਾਬਲ ਪ੍ਰਧਾਨ ਮੰਤਰੀ ਦੱਸਦਿਆਂ ਸਿਫ਼ਤ ਕੀਤੀ ਹੈ। 73 ਸਾਲਾ ਮਾਰੀਓ ਦਰਾਗੀ ਯੂਰਪੀਅਨ ਸੈਂਟਰਲ ਬੈਂਕ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ 'ਬੈਂਕ ਆਫ਼ ਇਟਲੀ' ਦੇ ਗਵਰਨਰ ਵੀ ਰਹਿ ਚੁੱਕੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਰੋਮ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਚ ਪੀ. ਐੱਚ. ਡੀ. ਡਿਗਰੀ ਹਾਸਲ ਕੀਤੀ ਹੋਈ ਹੈ। ਮਾਹਰਾਂ ਅਨੁਸਾਰ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਕਾਫੀ ਸੁਲਝੇ ਹੋਏ ਇਨਸਾਨ ਹਨ। ਦਰਾਗੀ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਉੱਪਰ ਬੈਠਦਿਆਂ ਹੀ ਇਟਲੀ ਦੀ ਸਿਆਸਤ ਵਿਚ ਆਇਆ ਸੰਕਟ ਹੁਣ ਖ਼ਤਮ ਹੋਵੇਗਾ ਤੇ ਸਰਕਾਰ ਦਾ ਨਵਾਂ ਮੰਤਰੀ ਜਲਦ ਸਹੁੰ ਚੁੱਕ ਕੇ ਦੇਸ਼ ਨੂੰ ਕੋਰੋਨਾ ਕਾਰਨ ਹੋ ਰਹੀ ਆਰਥਿਕ ਮੰਦਹਾਲੀ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗਾ। ਨਵੇਂ ਮੰਤਰੀ ਮੰਡਲ ਵਿਚ ਸਾਬਕਾ ਪ੍ਰਧਾਨ ਮੰਤਰੀ ਕੌਂਤੇ ਕੋਈ ਵੀ ਜ਼ਿੰਮੇਵਾਰੀ ਨਹੀਂ ਨਿਭਾਉਣਗੇ।
ਕਿਆਫ਼ੇ ਲਾਏ ਜਾ ਰਹੇ ਹਨ ਕਿ ਦਰਾਗੀ ਬਹੁਤ ਜਲਦ ਆਪਣੇ ਮੰਤਰੀ ਮੰਡਲ ਨੂੰ ਤਿਆਰ ਕਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ, ਜਿਸ ਲਈ ਉਨ੍ਹਾਂ ਆਪਣੇ ਸਹਿਯੋਗੀਆਂ ਨਾਲ ਵਿਚਾਰ-ਵਟਾਂਦਰੇ ਸ਼ੁਰੂ ਕਰ ਦਿੱਤੇ ਹਨ ਤੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਦਾ ਨਾਮ ਐਲਾਨ ਕਰਨ ਤੋਂ ਬਾਅਦ ਦਰਾਗੀ ਨੇ ਰਾਸ਼ਟਰਪਤੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਦਰਾਗੀ ਆਪਣੀ ਸਰਕਾਰ ਬਣਾਉਣ ਵਿਚ ਕਾਮਯਾਬ ਹੋਣਗੇ ਜਾਂ ਫਿਰ ਉਨ੍ਹਾਂ ਦੀ ਕੁਰਸੀ ਵੀ ਕੌਂਤੇ ਦੀ ਕੁਰਸੀ ਵਾਂਗ ਖ਼ਤਰੇ ਵਿਚ ਹੀ ਰਹੇਗੀ। ਫਿਲਹਾਲ ਇਸ ਦਾ ਫ਼ੈਸਲਾ ਆਉਣ ਵਾਲਾ ਸਮਾਂ ਹੀ ਕਰੇਗਾ।
ਰੂਸ 'ਚ ਇਹ ਡਾਂਸਰ ਰੋਜ਼ਾਨਾ ਕਮਾਉਂਦੀ ਹੈ 75 ਲੱਖ ਰੁਪਏ, ਜਿਉਂਦੀ ਹੈ ਆਲੀਸ਼ਾਨ ਜ਼ਿੰਦਗੀ
NEXT STORY