ਰੋਮ/ਇਟਲੀ (ਕੈਂਥ): ਬੱਚੇ ਹਰ ਦੇਸ਼ ਦਾ ਭੱਵਿਖ ਹਨ ਤੇ ਜਿਸ ਦੇਸ਼ ਦੇ ਬੱਚੇ ਬੀਮਾਰ ਹਨ ਸਮਝੋ ਉਸ ਦੇਸ਼ ਦਾ ਭੱਵਿਖ ਖਤਰੇ ਵਿੱਚ ਹੈ ।ਦੁਨੀਆ ਭਰ ਦੇ ਡਾਕਟਰ ਬੱਚਿਆਂ ਨੂੰ ਰੋਗ ਰਹਿਤ ਜੀਵਨ ਪ੍ਰਦਾਨ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਤਜ਼ਰਬੇ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਕੋਈ ਵੀ ਦੇਸ਼ ਬੱਚਿਆਂ ਨੂੰ ਪੂਰਨ ਤੌਰ 'ਤੇ ਰੋਗ ਮੁੱਕਤ ਕਰਨ ਦਾ ਦਾਅਵਾ ਨਹੀਂ ਕਰਦਾ।ਨਿਮੋਨੀਆ ਇੱਕ ਅਜਿਹੀ ਬਿਮਾਰੀ ਹੈ ਜਿਸ ਨੂੰ ਥੋੜ੍ਹੀ ਜਿਹੀ ਸਾਵਧਾਨੀ ਨਾਲ ਬਹੁਤ ਛੇਤੀ ਠੀਕ ਕੀਤਾ ਜਾ ਸਕਦਾ ਹੈ ਪਰ ਅਫ਼ਸੋਸ ਹੋਰ ਬੀਮਾਰੀਆਂ ਨਾਲੋਂ ਜ਼ਿਆਦਾ ਛੋਟੇ ਬੱਚੇ ਨਿਮੋਨੀਆ ਦੀ ਬੀਮਾਰੀ ਨਾਲ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਮਰ ਰਹੇ ਹਨ।
ਅਮਰੀਕਾ ਦੀ ਸਿਰਮੌਰ ਸੰਸਥਾ ਯੂਨੀਸੇਫ਼ ਜਿਹੜੀ ਕਿ ਪੂਰੀ ਦੁਨੀਆ ਵਿੱਚ ਗਰੀਬ ਬੱਚਿਆਂ ਨੂੰ ਸਿਹਤ ਸੇਵਾਵਾਂ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾ ਮੁਹੱਈਆ ਕਰਦੀ ਹੈ ਨੇ 'ਵਿਸ਼ਵ ਨਿਮੋਨੀਆ ਦਿਵਸ' ਭਾਵ ਨਿਮੋਨੀਆ ਦੀ ਰੋਕਥਾਮ ਲਈ ਵਿਸ਼ੇਸ਼ ਦਿਨ ਮੌਕੇ ਪੂਰੀ ਦੁਨੀਆ ਨੂੰ ਨਿਮੋਨੀਆ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ ਹੈ ਕਿਉਂਕਿ ਨਿਮੋਨੀਆ ਕਾਰਨ ਪੂਰੀ ਦੁਨੀਆ ਵਿੱਚ ਸਾਲ 2018 ਵਿੱਚ 8 ਲੱਖ ਮਾਸੂਮ ਬੱਚਿਆਂ ਦੀ ਮੌਤ ਹੋਈ ਹੈ। ਯੂਨੀਸੇਫ਼ ਨੇ ਕਿਹਾ ਕਿ ਦੁਨੀਆ ਵਿੱਚ ਹਰ 39 ਸਕਿੰਟ ਵਿੱਚ 1 ਬੱਚਾ ਨਿਮੋਨੀਆ ਕਾਰਨ ਮੌਤ ਦਾ ਸ਼ਿਕਾਰ ਹੋ ਰਿਹਾ ਹੈ।ਨਿਮੋਨੀਆ ਨਾਲ ਮਰਨ ਵਾਲੇ 8 ਲੱਖ ਛੋਟੇ ਬੱਚਿਆਂ ਵਿੱਚ ਜ਼ਿਆਦਾਤਰ 2 ਸਾਲ ਤੋਂ ਘੱਟ ਉਮਰ ਦੇ ਸਨ ।1ਲੱਖ 53 ਹਜ਼ਾਰ ਉਹਨਾਂ ਬੱਚਿਆਂ ਦੀ ਮੌਤ ਹੋਈ ਜਿਹੜੇ ਕਿ ਆਪਣੇ ਜੀਵਨ ਦੇ ਪਹਿਲੇ ਮਹੀਨੇ ਵਿੱਚ ਹੀ ਸਨ।ਇਸ ਮੰਦਭਾਗੀ ਕਾਰਵਾਈ ਦੇ ਕਾਰਨ ਹੀ ਯੂਨੀਸੇਫ਼ ਅਤੇ ਹੋਰ ਬੱਚਿਆਂ ਦੀ ਜ਼ਿੰਦਗੀ ਬਣਾਉਣ ਵਾਲੀਆਂ ਸੰਸਥਾਵਾਂ ਨੇ ਲੋਕਾਂ ਨੂੰ ਨਿਮੋਨੀਆ ਪ੍ਰਤੀ ਜਾਗਰੂਕ ਹੋਕੇ ਛੋਟੇ ਬੱਚਿਆਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ।ਯੂਨੀਸੇਫ਼ ਦੇ ਡਾਇਰੈਕਟਰ ਜਨਰਲ ਹੇਨਰੀਏਟਾ ਫੋਰੇ ਨੇ ਕਿਹਾ ਕਿ ਹਰ ਰੋਜ਼ 5 ਸਾਲ ਤੋਂ ਘੱਟ ਉਮਰ ਦੇ ਕਰੀਬ 2200 ਬੱਚੇ ਨਿਮੋਨੀਆ ਨਾਲ ਮਰ ਰਹੇ ਹਨ।
ਸੰਨ 2018 ਵਿੱਚ ਛੋਟੇ ਬੱਚਿਆਂ ਦੀ ਮੌਤ ਦਾ ਕਾਰਨ ਕੋਈ ਹੋਰ ਬੀਮਾਰੀ ਨਹੀਂ ਸਗੋਂ ਨਿਮੋਨੀਆ ਸੀ।ਸੰਨ 2018 ਵਿੱਚ 5 ਸਾਲ ਤੋਂ ਘੱਟ ਉਮਰ ਦੇ 4 ਲੱਖ 37 ਹਜ਼ਾਰ ਬੱਚਿਆਂ ਦੀ ਮੌਤ ਟੱਟੀਆਂ ਲੱਗਣ ਕਾਰਨ ਅਤੇ 2 ਲੱਖ 72 ਹਜ਼ਾਰ ਬੱਚਿਆਂ ਦੀ ਮੌਤ ਮਲੇਰੀਆ ਨਾਲ ਹੋਈ ਹੈ।ਦੁਨੀਆ ਦੇ 5 ਅਜਿਹੇ ਦੇਸ਼ ਹਨ ਜਿਨ੍ਹਾਂ ਵਿੱਚ ਨਿਮੋਨੀਆ ਨਾਲ ਬੱਚਿਆਂ ਦੀ ਜ਼ਿਆਦਾ ਮੌਤ ਹੋਈ ਹੈ, ਇਹਨਾਂ ਵਿੱਚ ਨਾਈਜੀਰਿਆ ਵਿੱਚ ਕਿ 1 ਲੱਖ 62 ਹਜ਼ਾਰ, ਭਾਰਤ ਵਿੱਚ 1 ਲੱਖ 27 ਹਜ਼ਾਰ ਪਾਕਿਸਤਾਨ ਵਿੱਚ 58 ਹਜ਼ਾਰ, ਕਾਂਗੋ ਲੋਕਤੰਤਰੀ ਗਣਰਾਜ ਵਿੱਚ 40 ਹਜ਼ਾਰ ਅਤੇ ਇਥੋਪੀਆ ਵਿੱਚ 32 ਹਜਾਰ ਨੰਨ੍ਹੇ ਮਾਸੂਮ ਨਿਮੋਨੀਆ ਕਾਰਨ ਮੌਤ ਦਾ ਸ਼ਿਕਾਰ ਹੋਏ ਹਨ।ਸੰਨ 2018 ਵਿੱਚ 71 ਮਿਲੀਅਨ ਬੱਚਿਆਂ ਨੂੰ ਨਿਮੋਨੀਆ ਰੋਕੂ ਦਵਾਈ ਨਹੀਂ ਮਿਲੀ ਜਿਸ ਕਾਰਨ ਬੱਚਿਆਂ ਵਿੱਚ ਮੌਤਾਂ ਦਾ ਇਹ ਅੰਕੜਾ ਵੱਧਿਆ ਹੈ।
ਦੁਨੀਆ ਭਰ ਵਿੱਚ ਨਿਮੋਨੀਆ ਦੇ ਸ਼ੱਕੀ 32% ਬੱਚਿਆਂ ਨੂੰ ਸਿਹਤ ਸਹੂਲਤਾਂ ਸਮੇਂ ਸਿਰ ਨਹੀਂ ਮਿਲ ਰਹੀਆਂ।ਦੁਨੀਆ ਪਧੱਰ 'ਤੇ ਸਰਕਾਰਾਂ ਨਿਮੋਨੀਆ ਦੀ ਰੋਕਥਾਮ ਲਈ ਸਿਰਫ਼ 3% ਫੰਡ ਮੁਹੱਈਆ ਕਰਵਾ ਰਹੀਆਂ ਹਨ ਜਦੋਂ ਕਿ ਇਸ ਬੀਮਾਰੀ ਕਾਰਨ 5 ਸਾਲ ਤੋਂ ਘੱਟ ਉਮਰ ਦੇ 15% ਬੱਚਿਆਂ ਦੀ ਮੌਤ ਦਾ ਕਾਰਨ ਨਿਮੋਨੀਆ ਹੈ। 6 ਦੇਸ਼ਾਂ ਦੇ ਸੰਗਠਨ ਨਿਮੋਨੀਆ ਨੂੰ ਕਾਬੂ ਕਰਨ ਲਈ ਪੂਰੀ ਤਰ੍ਹਾਂ ਸੰਜੀਦਾ ਹਨ।ਇਹ ਸੰਗਠਨ ਜਨਵਰੀ 2020 ਵਿੱਚ ਸਪੇਨ ਵਿਖੇ ਹੋਣ ਜਾ ਰਹੀ ਨਿਮੋਨੀਆ ਸੰਬਧੀ ਵਿਸ਼ਾਲ ਵਿਚਾਰ ਗੋਸ਼ਠੀ ਲਈ ਪੂਰੀ ਤਿਆਰੀ ਵਿੱਚ ਡੱਟੇ ਹਨ।ਇਟਲੀ ਦਾ ਸਿਹਤ ਵਿਭਾਗ ਵੀ ਨਿਮੋਨੀਆ ਪ੍ਰਤੀ ਲੋਕਾਂ ਨੂੰ ਸੰਜੀਦਾ ਢੰਗ ਨਾਲ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਫੁੱਟਬਾਲ ਸਿਖਲਾਈ ਕੈਂਪ 'ਚ ਪੰਜਾਬੀ ਭਾਈਚਾਰੇ ਨੇ ਲਿਆ ਹਿੱਸਾ, ਬਣਿਆ ਕੀਰਤੀਮਾਨ
NEXT STORY