ਮਿਲਾਨ/ਇਟਲੀ (ਸਾਬੀ ਚੀਨੀਆ) – ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਇਟਲੀ ਦਾ ਇਹ ਨਿੱਕਾ ਸਰਦਾਰ ਚਰਚਾ ਵਿਚ ਹੈ। ਦਰਅਸਲ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਕਸਬਾ ਵਿਆਦਾਨਾ ਦੇ ਰਹਿਣ ਵਾਲੇ 10 ਸਾਲਾ ਨਿੱਕੇ ਸਰਦਾਰ ਪ੍ਰਭਏਕ ਸਿੰਘ ਬੱਲ ਨੇ 2 ਕਾਰਾਂ ਰੱਸੀ ਨਾਲ ਬੰਨ੍ਹ ਕੇ ਖਿੱਚ ਕੇ ਵੱਡਾ ਕਮਾਲ ਕਰ ਦਿਖਿਆ ਹੈ। ਉਸਦੇ ਇਸ ਕਮਾਲ ਨੂੰ ਦੇਖਕੇ ਹਰ ਕੋਈ ਹੈਰਾਨ ਹੈ। ਪ੍ਰਭਏਕ ਸਿੰਘ ਬੱਲ ਦੇ ਪਿਤਾ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਠਿਆਲਾ ਨਾਲ ਸਬੰਧਤ ਹਨ। 10 ਸਾਲ ਦੇ ਪ੍ਰਭਏਕ ਸਿੰਘ ਦੇ ਕਮਾਲ ਨੂੰ ਦੇਖ ਆਸ-ਪਾਸ ਦੇ ਭਾਰਤੀ ਭਾਈਚਾਰੇ ਦੇ ਲੋਕ ਉਸਦੀ ਹੌਂਸਲਾ ਅਫਜਾਈ ਕਰਦੇ ਨਹੀਂ ਥੱਕਦੇ।
ਇਹ ਵੀ ਪੜ੍ਹੋ: ਕੈਨੇਡਾ 'ਚ ਕਾਰਾਂ ਚੋਰੀ ਕਰਨ ਵਾਲੇ ਇਨ੍ਹਾਂ ਪੰਜਾਬੀਆਂ ਨੇ ਚਾੜ੍ਹਿਆ ਚੰਨ, ਵੇਖੋ ਪੂਰੀ ਸੂਚੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪ੍ਰਭਏਕ ਸਿੰਘ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਧਿਆਨ ਦੇ ਰਿਹਾ ਹੈ। ਉਸ ਨੇ ਸ਼ੁਰੂਆਤ ਇੱਕ ਖੇਡ ਟੂਰਨਾਮੈਂਟ ਵਿੱਚ 125 ਡੰਡ ਬੈਠਕਾਂ ਨਾਲ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਨੂੰ ਇਕ ਖਿਡਾਰੀ ਬਣਦਾ ਦੇਖਣਾ ਚਾਹੁੰਦੇ ਹਨ। ਉੱਥੇ ਦੂਸਰੇ ਪਾਸੇ ਪ੍ਰਭਏਕ ਸਿੰਘ ਨੇ ਕਿਹਾ ਕਿ ਉਹ ਵੱਡਾ ਹੋ ਕੇ ਫੁੱਟਬਾਲ ਖੇਡਣਾ ਚਾਹੁੰਦਾ ਹੈ। ਪ੍ਰਭਏਕ ਸਿੰਘ ਦੇ ਅਜਿਹੇ ਕਮਾਲ ਨੂੰ ਦੇਖ ਗੁਰਦੁਆਰਾ ਸਿੰਘ ਸਭਾ ਪਾਰਮਾ ਦੇ ਪ੍ਰਧਾਨ ਭੁਪਿੰਦਰ ਸਿੰਘ ਕੰਗ ਨੇ ਕਿਹਾ ਕਿ ਪ੍ਰਭਏਕ ਸਿੰਘ ਦਾ ਭਵਿੱਖ ਸੁਨਹਿਰਾ ਹੈ। ਉਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਖੇਡ ਕਲੱਬਾਂ ਨਾਲ ਮਿਲਕੇ ਪ੍ਰਭਏਕ ਸਿੰਘ ਅਤੇ ਇਸ ਵਰਗੇ ਹੋਰਨਾਂ ਬੱਚਿਆਂ ਦੀ ਪੂਰੀ ਮਦਦ ਕਰਨਗੇ ਤਾਂ ਜੋ ਇਟਲੀ ਵਿੱਚ ਵੱਸਦੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਆਪਣਾ ਨਾਮ ਰੌਸ਼ਨ ਕਰ ਸਕੇ।
ਇਹ ਵੀ ਪੜ੍ਹੋ: ਭਾਰਤੀ ਡਰਾਈਵਰ ਨਾਲ ਨਸਲੀ ਵਿਤਕਰਾ, ਸਮਰਥਨ 'ਚ ਆਏ ਆਸਟ੍ਰੇਲੀਆ ਦੇ 11 ਸਾਲਾ ਬੱਚੇ ਨੇ ਜਿੱਤਿਆ ਲੋਕਾਂ ਦਾ ਦਿਲ
ਮਸ਼ਹੂਰ ਬਾਡੀ ਬਿਲਡਰ ਸਿੰਮਾ ਘੁੰਮਣ ਨੇ ਕਿਹਾ ਕਿ ਉਹ ਪ੍ਰਭਏਕ ਸਿੰਘ ਦੀ ਹਰ ਤਰ੍ਹਾਂ ਨਾਲ ਅੱਗੇ ਵਧਣ ਵਿਚ ਮਦਦ ਕਰਨਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਲੱਕ ਨਾਲ ਰੱਸੀ ਬੰਨ੍ਹ ਕੇ ਕਾਰ ਖਿੱਚਣ ਨਾਲ ਨਿੱਕਾ ਸਰਦਾਰ ਪ੍ਰਭਏਕ ਸਿੰਘ ਚਰਚਾ ਵਿੱਚ ਆਇਆ ਸੀ ਅਤੇ ਵੱਖ-ਵੱਖ ਖੇਡ ਮੇਲਿਆਂ ਦੌਰਾਨ ਇਸਨੇ ਦੰਦਾਂ ਨਾਲ 3 ਸਵਾਰਾਂ ਸਣੇ ਮੋਟਰਸਾਇਕਲ ਖਿੱਚਿਆ ਸੀ ਅਤੇ ਹੋਰ ਵੀ ਕਰਤੱਬ ਦਿਖਾਏ ਸਨ।
ਇਹ ਵੀ ਪੜ੍ਹੋ: ਅਮਰੀਕਾ ਦੇ ਫਿਲਾਡੇਲਫੀਆ 'ਚ ਚੱਲੀਆਂ ਤਾਬੜਤੋੜ ਗੋਲੀਆਂ, 3 ਲੋਕਾਂ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ 'ਚ ਕਾਰਾਂ ਚੋਰੀ ਕਰਨ ਵਾਲੇ ਇਨ੍ਹਾਂ ਪੰਜਾਬੀਆਂ ਨੇ ਚਾੜ੍ਹਿਆ ਚੰਨ, ਵੇਖੋ ਪੂਰੀ ਸੂਚੀ
NEXT STORY