ਰੋਮ, (ਕੈਂਥ)— ਸਿੱਖ ਧਰਮ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਵੱਲੋਂ ਵਿਸ਼ਾਲ ਨਗਰ ਕੀਰਤਨ ਅੱਜ ਭਾਵ 16 ਸਤੰਬਰ ਨੂੰ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਇਸ ਵਿਸ਼ਾਲ ਨਗਰ ਕੀਰਤਨ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਦੀ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਜਿੱਥੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ, ਕੀਰਤਨੀਏ, ਕਥਾ ਵਾਚਕ ਗੁਰੂ ਸਾਹਿਬ ਦੇ ਸਮਾਗਮ ਵਿੱਚ ਹਾਜ਼ਰੀ ਭਰਨਗੇ, ਉੱਥੇ ਪਹਿਲੀ ਵਾਰ ਹੈ ਕਿ ਇਲਾਕੇ ਦੇ ਕਿਸੇ ਨਗਰ ਕੀਰਤਨ ਵਿੱਚ ਸਿੰਦਕੋ (ਨਗਰ ਕੌਂਸਲ ਪ੍ਰਧਾਨ) ਲਾਤੀਨਾ, ਸਿੰਦਕੋ ਤੇਰਾਚੀਨਾ ਅਤੇ ਸਿੰਦਕੋ ਪੁਨਤੀਨੀਆਂ ਇਕੱਠੇ ਸ਼ਰਧਾ ਨਾਲ ਸ਼ਮੂਲੀਅਤ ਕਰਨਗੇ।
ਇਸ ਨਗਰ ਕੀਰਤਨ ਵਿੱਚ ਇਟਲੀ ਅਤੇ ਯੂਰਪ ਦੀ ਪਾਰਲੀਮੈਂਟ ਵਿੱਚੋਂ ਵੀ ਦੋ ਮੈਂਬਰ ਸ਼ਿਰਕਤ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਨਗਰ ਕੀਰਤਨ ਦੀਆਂ ਸੰਗਤਾਂ ਨਾਲ ਸਿੱਖ ਧਰਮ ਦੇ ਪ੍ਰਚਾਰਕ ਬਾਬਾ ਦਰਸ਼ਨ ਸਿੰਘ ਘੋੜੇਵਾਹ ਵੀ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਨਗਰ ਕੀਰਤਨ ਲਈ ਸੰਗਤਾਂ ਅੰਦਰ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਨਗਰ ਕੀਰਤਨ ਦੁਪਹਿਰ ਸਮੇਂ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਨਗਰ ਦੀ ਪਰਿਕਰਮਾ ਕਰਦਾ ਵਾਪਸ ਗੁਰਦੁਆਰਾ ਸਾਹਿਬ ਹੀ ਸਮਾਪਤ ਹੋਵੇਗਾ।
ਇਟਲੀ 'ਚ ਪੰਜਾਬੀ ਨੌਜਵਾਨ ਨੇ ਆਪਣੇ ਹੀ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ
NEXT STORY