ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਸ਼ਾਰੇ 'ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ਾਂ ਕਰਨ ਦੀਆਂ ਰਿਪੋਰਟਾਂ 'ਤੇ ਅੰਤਰਰਾਸ਼ਟਰੀ ਸਿਆਸਤ ਗਰਮਾ ਗਈ ਹੈ। ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਪੁਤਿਨ ਨੂੰ ਚੋਣਾਂ ਵਿਚ ਦਖਲ ਅੰਦਾਜ਼ੀ ਕਰਨ ਦਾ ਖਮਿਆਜ਼ਾ ਭੁਗਤਣਾ ਪਵੇਗਾ। ਬਾਈਡੇਨ ਦੇ ਇਸ ਬਿਆਨ ਨਾਲ ਬਵਾਲ ਮਚ ਗਿਆ ਹੈ ਅਤੇ ਰੂਸ ਨੇ ਬੁੱਧਵਾਰ ਨੂੰ ਅਮਰੀਕਾ ਵਿਚ ਆਪਣੇ ਰਾਜਦੂਤ ਨੂੰ ਮਾਸਕੋ ਵਿਚ ਵਾਪਸ ਬੁਲਾ ਲਿਆ। ਏ.ਬੀ.ਸੀ. ਨੂੰ ਦਿੱਤੇ ਇੰਟਰਵਿਊ ਵਿਚ 78 ਸਾਲਾ ਬਾਈਡੇਨ ਨੇ ਕਿਹਾ ਕਿ ਤੁਸੀਂ ਦੇਖਣਾ ਕਿ ਅੱਗੇ ਕੀ ਹੁੰਦਾ ਹੈ, ਜੋ ਉਹਨਾਂ ਨੇ ਕੀਤਾ ਹੈ ਉਸ ਲਈ ਉਹਨਾਂ ਨੂੰ ਕੀਮਤ ਚੁਕਾਉਣੀ ਪਵੇਗੀ।
ਰੂਸ ਨੇ ਦੋਸ਼ਾਂ ਤੋਂ ਕੀਤਾ ਇਨਕਾਰ
ਉੱਥੇ ਰੂਸ ਨੇ ਅਮਰੀਕਾ ਦੀ ਖੁਫੀਆ ਵਿਭਾਗ ਦੀ ਰਿਪੋਰਟ ਦਾ ਖੰਡਨ ਕੀਤਾ ਹੈ। ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਰੂਸ ਨੇ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਗਲਤ ਹੈ ਕਿ ਪੁਤਿਨ ਦਾ ਇਹਨਾਂ ਸਾਜਿਸ਼ਾਂ ਵਿਚ ਕੋਈ ਹੱਥ ਸੀ।ਅਮਰੀਕਾ ਵਿਚ ਰੂਸੀ ਦੂਤਾਵਾਸ ਨੇ ਕਿਹਾ ਕਿ ਅਜਿਹੇ ਦੋਸ਼ ਸਾਡੇ ਦੇਸ਼ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ।
ਰਿਪੋਰਟ ਵਿਚ ਕੀਤਾ ਗਿਆ ਇਹ ਖੁਲਾਸਾ
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕਾ ਦੀਆਂ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਸ਼ਾਰੇ 'ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਰੂਸੀ ਖੁਫੀਆ ਏਜੰਸੀ ਨੇ ਟਰੰਪ ਦੇ ਸਹਿਯੋਗੀਆਂ ਨਾਲ ਮਿਲ ਕੇ ਜੋਅ ਬਾਈਡੇਨ ਖ਼ਿਲਾਫ਼ ਯੂਕਰੇਨ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਭਾਵੇਂਕਿ ਅਮਰੀਕਾ ਦੀ ਪੂਰੀ ਚੋਣ ਪ੍ਰਕਿਰਿਆ ਵਿਚ ਕੋਈ ਦਖਲ ਅੰਦਾਜ਼ੀ ਨਹੀਂ ਹੋ ਸਕੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਧੋਖਾਧੜੀ ਮਾਮਲੇ 'ਚ ਭਾਰਤੀ ਨਾਗਰਿਕ ਨੂੰ 3 ਸਾਲ ਦੀ ਸਜ਼ਾ
ਅਸਲ ਵਿਚ ਅਮਰੀਕਾ ਦੀ ਖੁਫੀਆ ਏਜੰਸੀ ਦੀ ਇਕ ਗੁਪਤ ਰਿਪੋਰਟ ਦੇ ਲੀਕ ਹੋਣ ਦੇ ਬਾਅਦ ਉਕਤ ਜਾਣਕਾਰੀ ਸਾਹਮਣੇ ਆਈ ਹੈ। ਖੁਫੀਆ ਏਜੰਸੀ ਦੀ ਰਿਪੋਰਟ ਵਿਚ ਕਿਹਾ ਗਿਆ ਹੈਕਿ ਚੋਣ ਪ੍ਰਕਿਰਿਆ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਵੱਡੇ ਪੱਧਰ 'ਤੇ ਕੀਤੀਆਂ ਗਈਆਂ ਸਨ। ਰਿਪੋਰਟ ਮੁਤਾਬਕ ਰੂਸ ਦੀ ਇਹਨਾਂ ਚੋਣਾਂ ਵਿਚ ਪ੍ਰਮੁੱਖ ਰਣਨੀਤੀ ਜੋਅ ਬਾਈਡੇਨ ਖ਼ਿਲਾਫ਼ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਸੀ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਰੂਸ ਨੇ ਖੁਫੀਆ ਵਿਭਾਗ ਦੇ ਸੰਪਰਕ ਵਿਚ ਰਹਿਣ ਵਾਲੇ ਅਮਰੀਕੀ ਮੀਡੀਆ ਸੰਗਠਨਾਂ, ਅਧਿਕਾਰੀਆਂ, ਪ੍ਰਮੁੱਖ ਲੋਕਾਂ ਅਤੇ ਕੁਝ ਅਜਿਹੇ ਲੋਕ, ਜੋ ਟਰੰਪ ਦੇ ਕਰੀਬੀ ਸਨ ਇਹਨਾਂ ਸਾਰਿਆਂ ਨੂੰ ਆਪਣਾ ਮਾਧਿਅਮ ਬਣਾਇਆ। ਰੂਸ ਦਾ ਉਦੇਸ਼ ਜੋਅ ਬਾਈਡੇਨ ਖ਼ਿਲਾਫ਼ ਗੁੰਮਰਾਹਕੁੰਨ ਅਤੇ ਬੇਬੁਨਿਆਦ ਦੋਸ਼ਾਂ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਸੀ।
ਟਰੰਪ ਦੇ ਵਕੀਲ ਦੀ ਵੱਡੀ ਭੂਮਿਕਾ
ਰੂਸ ਨੇ ਜੋਅ ਬਾਈਜੇਨ ਅਤੇ ਉਹਨਾਂ ਦੇ ਪਰਿਵਾਰ ਖ਼ਿਲਾਫ਼ ਯੂਕਰੇਨ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਤਾਲਮੇਲ ਦਾ ਕੰਮ ਕੀਤਾ। ਇਸ ਵਿਚ ਟਰੰਪ ਦੇ ਵਕੀਲ ਰੂਡੀ ਗਿਉਲਿਯਾਨੀ ਨੇ ਪ੍ਰਮੁੱਖ ਭੂਮਿਕਾ ਨਿਭਾਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਇਹਨਾਂ ਕੋਸ਼ਿਸ਼ਾਂ ਦੇ ਪਿੱਛੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਿਰਦੇਸ਼ਨ ਵਿਚ ਹੀ ਪੂਰਾ ਕੰਮ ਚੱਲ ਰਿਹਾ ਸੀ। ਈਰਾਨ ਅਤੇ ਚੀਨ ਨੇ ਵੀ ਆਪਣੇ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਹੈਕਰਾਂ ਦੀ ਵਰਤੋਂ ਕੀਤੀ ਗਈ ਸੀ।
ਨੋਟ- ਬਾਈਡੇਨ ਨੇ ਰੂਸ ਪ੍ਰਤੀ ਕੀਤੀ ਤਿੱਖੀ ਪ੍ਰਤੀਕਿਰਿਆ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਧੋਖਾਧੜੀ ਮਾਮਲੇ 'ਚ ਭਾਰਤੀ ਨਾਗਰਿਕ ਨੂੰ 3 ਸਾਲ ਦੀ ਸਜ਼ਾ
NEXT STORY