ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਪ੍ਰਮੁੱਖ ਸਿਆਸੀ ਆਗੂ ਖਾਲਿਦਾ ਜ਼ਿਆ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਢਾਕਾ ਦੇ ਮਾਣਿਕ ਮਿਆ ਐਵੇਨਿਊ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਗਿਆ। ਮੰਗਲਵਾਰ ਨੂੰ ਹੋਏ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਆਯੋਜਿਤ ਜਨਾਜ਼ੇ ਦੀ ਨਮਾਜ਼ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਮਰਥਕਾਂ ਨੇ ਸ਼ਮੂਲੀਅਤ ਕੀਤੀ ਅਤੇ ਖਾਲਿਦਾ ਦੀ ਆਤਮਿਕ ਸ਼ਾਂਤੀ ਲਈ ਦੁਆ ਕੀਤੀ।
ਖਾਲਿਦਾ ਦੇ ਅੰਤਿਮ ਸਫ਼ਰ ਵਿੱਚ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨਸ, ਮੁੱਖ ਜੱਜ ਜ਼ੁਬੈਰ ਰਹਿਮਾਨ ਚੌਧਰੀ ਅਤੇ ਖਾਲਿਦਾ ਜ਼ਿਆ ਦੇ ਪੁੱਤਰ ਤੇ ਬੀ.ਐੱਨ.ਪੀ. (BNP) ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ ਸਮੇਤ ਕਈ ਵਿਦੇਸ਼ੀ ਮਹਿਮਾਨ ਅਤੇ ਉੱਚ ਫੌਜੀ ਅਧਿਕਾਰੀ ਸ਼ਾਮਲ ਹੋਏ। ਤਾਰਿਕ ਰਹਿਮਾਨ ਨੇ ਲੋਕਾਂ ਨੂੰ ਆਪਣੀ ਮਾਂ ਦੀ ਬਖਸ਼ਿਸ਼ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਰਾਸ਼ਟਰੀ ਝੰਡੇ ਵਿੱਚ ਲਪੇਟਿਆ ਗਿਆ ਸੀ। ਅੰਤਿਮ ਰਸਮਾਂ ਤੋਂ ਬਾਅਦ, ਉਨ੍ਹਾਂ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਪਤੀ ਸ਼ਹੀਦ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੀ ਕਬਰ ਦੇ ਨੇੜੇ ਸਪੁਰਦ-ਏ-ਖ਼ਾਕ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਖਾਲਿਦਾ ਜ਼ਿਆ ਨੇ 1981 ਵਿੱਚ ਆਪਣੇ ਪਤੀ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੀ ਹੱਤਿਆ ਤੋਂ ਬਾਅਦ 35 ਸਾਲ ਦੀ ਉਮਰ ਵਿੱਚ ਰਾਜਨੀਤੀ ਵਿੱਚ ਕਦਮ ਰੱਖਿਆ ਸੀ। ਇੱਕ ਰਾਖਵੀਂ ਸ਼ਖ਼ਸੀਅਤ ਵਾਲੀ ਘਰੇਲੂ ਔਰਤ ਤੋਂ ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੇ ਤੇ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਉਨ੍ਹਾਂ ਨੇ ਦੇਸ਼ ਵਿੱਚ ਸੈਨਿਕ ਤਾਨਾਸ਼ਾਹੀ ਵਿਰੁੱਧ ਨਾ-ਝੁਕਣ ਵਾਲਾ ਸਟੈਂਡ ਲਿਆ ਅਤੇ ਆਪਣੇ ਆਪ ਨੂੰ ਖੇਤਰ ਦੀ ਇੱਕ ਸ਼ਕਤੀਸ਼ਾਲੀ ਨੇਤਾ ਵਜੋਂ ਸਥਾਪਿਤ ਕੀਤਾ।
ਨਿਊਜ਼ੀਲੈਂਂਡ 'ਚ ਹਰਜਿੰਦਰ ਸਿੰਘ ਬਸਿਆਲਾ ਨੂੰ King's Service Medal ਨਾਲ ਕੀਤਾ ਗਿਆ ਸਨਮਾਨਿਤ
NEXT STORY