ਓਟਾਵਾ (ਇੰਟ.)- ਖਾਲਿਸਤਾਨ ਅੰਦੋਲਨ ਨੂੰ ਲੈ ਕੇ ਪਾਕਿਸਤਾਨ ਦੀ ਭੂਮਿਕਾ ਇਕ ਵਾਰ ਫਿਰ ਅੰਤਰਰਾਸ਼ਟਰੀ ਬਹਿਸ ਦੇ ਕੇਂਦਰ ’ਚ ਆ ਗਈ ਹੈ। ਕੈਨੇਡਾ ਦੇ ਸੀਨੀਅਰ ਅਤੇ ਤਜਰਬੇਕਾਰ ਪੱਤਰਕਾਰ ਟੈਰੀ ਮਾਈਲਵਸਕੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਇਹ ਅੰਦੋਲਨ ਪਾਕਿਸਤਾਨ ਦੇ ਸਮਰਥਨ ਤੋਂ ਬਿਨਾਂ ਜਿਊਂਦਾ ਨਹੀਂ ਰਹਿ ਸਕਦਾ। ਉਨ੍ਹਾਂ ਅਨੁਸਾਰ, ਖਾਲਿਸਤਾਨ ਸਮਰਥਕਾਂ ਦੀ ਪੂਰੀ ਰਣਨੀਤੀ ਇਸ ਤੱਥ ’ਤੇ ਟਿਕੀ ਹੋਈ ਹੈ ਕਿ ਉਹ ਪਾਕਿਸਤਾਨ ਨੂੰ ਨਾਰਾਜ਼ ਨਾ ਕਰੇ, ਕਿਉਂਕਿ ਉਹੀ ਇਸ ਅੰਦੋਲਨ ਦਾ ਸਭ ਤੋਂ ਅਹਿਮ ਬਾਹਰੀ ਸਹਾਰਾ ਰਿਹਾ ਹੈ। ਜੇ ਖਾਲਿਸਤਾਨੀ ਆਪਣੇ ਨਕਸ਼ੇ ਵਿਚ ਪਾਕਿਸਤਾਨ ਦੇ ਹਿੱਸਿਆਂ ’ਤੇ ਦਾਅਵਾ ਕਰਨਾ ਸ਼ੁਰੂ ਕਰ ਦੇਣ, ਤਾਂ ਉਨ੍ਹਾਂ ਨੂੰ ਪਾਕਿਸਤਾਨੀ ਸਮਰਥਨ ਨਹੀਂ ਮਿਲੇਗਾ ਅਤੇ ਉਨ੍ਹਾਂ ਦਾ ਸਵਾਗਤ ਉਸੇ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਗ੍ਰੀਨਲੈਂਡ ਵਿਚ ਟਰੰਪ ਦਾ ਹੋਇਆ।
1940 ਦੇ ਦਹਾਕੇ ਤੋਂ ਦਿੱਤਾ ਜਾ ਰਿਹਾ ਸਮਰਥਨ
ਹਾਲ ਹੀ ਵਿਚ ਇਕ ਇੰਟਰਵਿਊ ਵਿਚ ਮਾਈਲਵਸਕੀ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਖਾਲਿਸਤਾਨ ਅੰਦੋਲਨ ਦਾ ਰਿਸ਼ਤਾ ਨਵਾਂ ਨਹੀਂ ਹੈ। ਇਹ ਸਬੰਧ 1940 ਦੇ ਦਹਾਕੇ ਤੋਂ ਸ਼ੁਰੂ ਹੋ ਕੇ 1970–80 ਦੇ ਦਹਾਕੇ ’ਚ ਖੁੱਲ੍ਹ ਕੇ ਸਾਹਮਣੇ ਆਇਆ। 1971 ਵਿਚ ਬੰਗਲਾਦੇਸ਼ ਜੰਗ ’ਚ ਭਾਰਤ ਹੱਥੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਅੰਦਰੋਂ ਅਸਥਿਰ ਕਰਨ ਦੀ ਨੀਤੀ ਅਪਣਾਈ, ਜਿਸ ਵਿਚ ਪੰਜਾਬ ਵਿਚ ਵੱਖਵਾਦੀ ਭਾਵਨਾਵਾਂ ਨੂੰ ਹਵਾ ਦੇਣਾ ਇਕ ਰਣਨੀਤਕ ਹਥਿਆਰ ਬਣ ਗਿਆ।
ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਦੇਣ ਦਾ ਦੋਸ਼
1980 ਅਤੇ 1990 ਦੇ ਦਹਾਕੇ ’ਚ ਖਾਲਿਸਤਾਨ ਨਾਲ ਜੁੜੇ ਕਈ ਅੱਤਵਾਦੀ ਨੇਤਾਵਾਂ ਨੂੰ ਪਾਕਿਸਤਾਨ ’ਚ ਸੁਰੱਖਿਅਤ ਟਿਕਾਣੇ ਮਿਲਣ ਦੇ ਦੋਸ਼ ਲੱਗਦੇ ਰਹੇ ਹਨ। ਕੈਨੇਡਾ ਵਿਚ 1985 ਦੇ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਦੇ ਮੁਲਜ਼ਮ ਤਲਵਿੰਦਰ ਸਿੰਘ ਪਰਮਾਰ ਦਾ ਨਾਂ ਵੀ ਇਸੇ ਸੰਦਰਭ ’ਚ ਲਿਆ ਜਾਂਦਾ ਹੈ। ਮਾਈਲਵਸਕੀ ਅਨੁਸਾਰ ਅਜਿਹੀਆਂ ਉਦਾਹਰਣਾਂ ਇਹ ਦਿਖਾਉਂਦੀਆਂ ਹਨ ਕਿ ਪਾਕਿਸਤਾਨ ਨੇ ਇਸ ਅੰਦੋਲਨ ਨੂੰ ਸਿਰਫ ਨੈਤਿਕ ਸਮਰਥਨ ਹੀ ਨਹੀਂ, ਸਗੋਂ ਰਣਨੀਤਕ ਸੁਰੱਖਿਆ ਵੀ ਦਿੱਤੀ।
ਭਾਰਤ ’ਚ ਖਾਲਿਸਤਾਨ ਅੰਦੋਲਨ ਦਾ ਕੋਈ ਜਨ-ਆਧਾਰ ਨਹੀਂ
ਮਾਈਲਵਸਕੀ ਦਾ ਮੰਨਣਾ ਹੈ ਕਿ ਅੱਜ ਦੇ ਸਮੇਂ ਵਿਚ ਭਾਰਤ ਦੇ ਪੰਜਾਬ ’ਚ ਖਾਲਿਸਤਾਨ ਅੰਦੋਲਨ ਦਾ ਕੋਈ ਠੋਸ ਜਨ-ਆਧਾਰ ਨਹੀਂ ਬਚਿਆ ਹੈ। ਚੋਣ ਰਾਜਨੀਤੀ ਵਿਚ ਵੱਖਵਾਦੀ ਸੰਗਠਨਾਂ ਦੀ ਲਗਾਤਾਰ ਹਾਰ ਅਤੇ ਜਨਤਾ ਦੀ ਬੇਰੁਖ਼ੀ ਇਹ ਸੰਕੇਤ ਦਿੰਦੀ ਹੈ ਕਿ ਇਹ ਮੁੱਦਾ ਹੁਣ ਸਥਾਨਕ ਪੱਧਰ ’ਤੇ ਪ੍ਰਭਾਵਹੀਣ ਹੋ ਚੁੱਕਾ ਹੈ। ਅਜਿਹੇ ਵਿਚ ਅੰਦੋਲਨ ਦੇ ਸਾਹ ਸਿਰਫ ਵਿਦੇਸ਼ੀ ਅਤੇ ਪਾਕਿਸਤਾਨੀ ਸਮਰਥਨ ’ਤੇ ਟਿਕੇ ਹੋਏ ਹਨ।
ਪਾਕਿਸਤਾਨੀ ਫੰਡਿੰਗ ਦੇ ਠੋਸ ਸਬੂਤ ਨਹੀਂ
ਹਾਲ ਦੇ ਸਾਲਾਂ ’ਚ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਵਿਚ ਖਾਲਿਸਤਾਨ ਸਮਰਥਕ ਗਤੀਵਿਧੀਆਂ ਤੇਜ਼ ਹੋਈਆਂ ਹਨ। ਹਾਲਾਂਕਿ ਮਾਈਲਵਸਕੀ ਇਹ ਵੀ ਸਵੀਕਾਰ ਕਰਦੇ ਹਨ ਕਿ ਖਾਲਿਸਤਾਨੀ ਸੰਗਠਨਾਂ ਨੂੰ ਸਿੱਧੀ ਪਾਕਿਸਤਾਨੀ ਫੰਡਿੰਗ ਦੇ ਠੋਸ ਸਬੂਤ ਜਨਤਕ ਰੂਪ ਵਿਚ ਸਾਹਮਣੇ ਨਹੀਂ ਆਏ ਹਨ। ਇਸ ਦੇ ਬਾਵਜੂਦ ਉਨ੍ਹਾਂ ਦਾ ਕਹਿਣਾ ਹੈ ਕਿ ਵਿਚਾਰਧਾਰਕ ਸਮਰਥਨ, ਮੰਚ ਅਤੇ ਪ੍ਰਚਾਰ ਦੇ ਪੱਧਰ ’ਤੇ ਪਾਕਿਸਤਾਨ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ। ਟੈਰੀ ਮਾਈਲਵਸਕੀ ਦੇ ਵਿਸ਼ਲੇਸ਼ਣ ਅਨੁਸਾਰ, ਖਾਲਿਸਤਾਨ ਅੰਦੋਲਨ ਕਿਸੇ ਵਿਆਪਕ ਲੋਕ ਅੰਦੋਲਨ ਨਾਲੋਂ ਜ਼ਿਆਦਾ ਇਕ ਰਣਨੀਤਕ ਪ੍ਰਾਜੈਕਟ ਬਣ ਚੁੱਕਾ ਹੈ, ਜਿਸ ਨੂੰ ਪਾਕਿਸਤਾਨ ਨੇ ਭਾਰਤ ਖਿਲਾਫ਼ ਇਕ ਦਬਾਅ ਦੇ ਬਿੰਦੂ ਵਜੋਂ ਵਰਤਿਆ ਹੈ। ਉਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਜੇ ਪਾਕਿਸਤਾਨ ਸਮਰਥਨ ਵਾਪਸ ਲੈ ਲਵੇ, ਤਾਂ ਖਾਲਿਸਤਾਨ ਅੰਦੋਲਨ ਟਿਕ ਨਹੀਂ ਸਕੇਗਾ।
ਖਾਲਿਸਤਾਨੀਆਂ ਦੇ ਨਕਸ਼ੇ ’ਚ ਨਨਕਾਣਾ ਸਾਹਿਬ ਸ਼ਾਮਲ ਨਹੀਂ?
ਟੈਰੀ ਮਾਈਲਵਸਕੀ ਨੇ ਸਭ ਤੋਂ ਵੱਡਾ ਸਵਾਲ ਇਹ ਉਠਾਇਆ ਹੈ ਕਿ ਖਾਲਿਸਤਾਨ ਸਮਰਥਕ ਨਕਸ਼ਿਆਂ ਵਿਚ ਪਾਕਿਸਤਾਨੀ ਪੰਜਾਬ ਦੇ ਉਨ੍ਹਾਂ ਇਲਾਕਿਆਂ ਨੂੰ ਸ਼ਾਮਲ ਹੀ ਨਹੀਂ ਕੀਤਾ ਜਾਂਦਾ, ਜੋ ਸਿੱਖ ਇਤਿਹਾਸ ਅਤੇ ਸੱਭਿਆਚਾਰ ਲਈ ਬਹੁਤ ਮਹੱਤਵਪੂਰਨ ਹਨ। ਨਨਕਾਣਾ ਸਾਹਿਬ, ਲਾਹੌਰ ਅਤੇ ਆਸ-ਪਾਸ ਦੇ ਖੇਤਰ ਸਿੱਖ ਧਰਮ ਦੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ ਪਰ ਖਾਲਿਸਤਾਨ ਅੰਦੋਲਨ ਦੀ ਕਲਪਨਾ ਵਿਚ ਇਨ੍ਹਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਮਾਈਲਵਸਕੀ ਅਨੁਸਾਰ ਇਸ ਦਾ ਕਾਰਨ ਸਾਫ਼ ਹੈ ਕਿ ਜੇ ਖਾਲਿਸਤਾਨ ਸਮਰਥਕ ਪਾਕਿਸਤਾਨ ਦੇ ਹਿੱਸਿਆਂ ’ਤੇ ਦਾਅਵਾ ਕਰਨ, ਤਾਂ ਪਾਕਿਸਤਾਨ ਉਨ੍ਹਾਂ ਦਾ ਸਵਾਗਤ ਉਸੇ ਤਰ੍ਹਾਂ ਕਰੇਗਾ, ਜਿਵੇਂ ਡੋਨਾਲਡ ਟਰੰਪ ਦੇ ਗ੍ਰੀਨਲੈਂਡ ਵਾਲੇ ਦਾਅਵੇ ਨਾਲ ਕੀਤਾ ਗਿਆ ਸੀ।
ਗਾਜ਼ਾ 'ਚ ਸ਼ਾਂਤੀ ਸਥਾਪਤ ਕਰਨਗੇ ਪੁਤਿਨ ! 'ਬੋਰਡ ਆਫ਼ ਪੀਸ' 'ਚ ਸ਼ਾਮਲ ਹੋਣ ਦਾ ਮਿਲਿਆ ਸੱਦਾ
NEXT STORY