ਪਿਓਂਗਯਾਂਗ,(ਭਾਸ਼ਾ)-ਦੁਨੀਆ ਭਰ ਦੇ ਦੇਸ਼ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਪ੍ਰੇਸ਼ਾਨ ਹਨ ਅਤੇ ਆਪਣੇ ਇਸਦੇ ਇਲਾਜ ਲਈ ਨਵੇਂ-ਨਵੇਂ ਤਰੀਕੇ ਲੱਭਣ ’ਚ ਲੱਗੇ ਹੋਏ ਹਨ। ਇਸ ਦਰਮਿਆਨ, ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਕੋਰੋਨਾ ਦੇ ਫੈਲਦੇ ਇਨਫੈਕਸ਼ਨ ’ਤੇ ਰੋਕ ਲਗਾਉਣ ਲਈ ਅਜੀਬੋ-ਗਰੀਬ ਹੁਕਮ ਜਾਰੀ ਕੀਤਾ ਹੈ।
ਕਿਮ ਨੇ ਕਿਹਾ ਹੈ ਕਿ ਦੇਸ਼ ਦਾ ਜੋ ਵੀ ਨਾਗਰਿਕ ਚੀਨ ਦੀ ਸਰਹੱਦ ਦੇ ਇਕ ਕਿਲੋਮੀਟਰ ਦੇ ਦਾਇਰੇ ’ਚ ਬਿਨਾਂ ਕਿਸੇ ਉਦੇਸ਼ ਦੇ ਘੁੰਮਦਾ ਨਜ਼ਰ ਆਵੇ ਤਾਂ ਉਸਨੂੰ ਤੁਰੰਤ ਗੋਲੀ ਮਾਰ ਦਿਓ।
ਇਸ ਤੋਂ ਪਹਿਲਾਂ ਵੀ ਤਾਨਾਸ਼ਾਹ ਆਪਣੇ ਸਖ਼ਤ ਫੈਸਲਿਆਂ ਲਈ ਜਾਣਿਆ ਜਾਂਦਾ ਰਿਹਾ ਹੈ। ਤਾਨਾਸ਼ਾਹ ਦੇ ਇਸ ਹੁਕਮ ਤੋਂ ਬਾਅਦ ਪੂਰੇ ਉੱਤਰ ਕੋਰੀਆ ’ਚ ਲੋਕ ਦਹਿਸ਼ਤ ’ਚ ਹਨ। ਜਿਨ੍ਹਾਂ 4 ਸੂਬਿਆਂ ਉੱਤਰ ਹੈਮਯੋਂਗ, ਉੱਤਰੀ ਪਿਓਂਗਾਨ, ਚੰਗਾਨ ਅਤੇ ਰਯਾਂਗਗੰਗ ਦੀ ਸਰਹੱਦ ਚੀਨ ਨਾਲ ਲੱਗਦੀ ਹੈ। ਉਥੋਂ ਦੇ ਲੋਕ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹਨ। ਦਰਅਸਲ ਚੀਨ ਦੇ ਨਾਲ ਨਾਰਥ ਕੋਰੀਆ ਦਾ ਇਲਾਕਾ 1,420 ਕਿਲੋਮੀਟਰ (880 ਮੀਲ) ਦੀ ਸਰਹੱਦ ’ਚ ਫੈਲਿਆ ਹੋਇਆ ਹੈ। ਕੋਰੋਨਾ ਵਾਇਰਸ ਦਾ ਇਨਫੈਕਸ਼ਨ ਫੈਲਣ ਤੋਂ ਬਾਅਦ ਤੋਂ ਚੀਨ ਤੋਂ ਉੱਤਰ ਕੋਰੀਆ ਦਾ ਹਰ ਤਰ੍ਹਾਂ ਦਾ ਵਪਾਰ ਅਤੇ ਟੂਰਿਜ਼ਮ ਪੂਰੀ ਤਰ੍ਹਾਂ ਨਾਲ ਬੰਦ ਹੈ। ਇਸੇ ਕਾਰਣ ਹੁਣ ਤੱਕ ਉੱਤਰ ਕੋਰੀਆ ’ਚ ਬਹੁਤ ਜ਼ਿਆਦਾ ਗਿਣਤੀ ’ਚ ਕੋਰੋਨਾ ਦੇ ਮਰੀਜ਼ ਨਹੀਂ ਹਨ। ਪਰ ਹੁਣ ਕੁਝ ਦਿਨਾਂ ਤੋਂ ਉਥੇ ਵੀ ਇਨਫੈਕਸ਼ਨ ਫੈਲ ਰਿਹਾ ਹੈ। ਇਸ ਨੂੰ ਦੇਖਦਿਆਂ ਤਾਨਾਸ਼ਾਹ ਨੇ ਸਖ਼ਤੀ ਦਿਖਾਈ ਹੈ।
ਸਥਾਨਕ ਮੀਡੀਆ ਮੁਤਾਬਕ ਉੱਤਰ ਕੋਰੀਆ ਦੇ ਇਕ ਨੇਤਾ ਦੀ ਪ੍ਰਧਾਨਗੀ ਵਿਚ ਸਿਆਸੀ ਬਿਊਰੋ ਦੀ ਬੈਠਕ ’ਚ ਕੋਰੋਨਾ ਦੇ ਪ੍ਰਸਾਰ ’ਚ ਠੱਲ ਪਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ ਗਈ। ਉੱਤਰ ਕੋਰੀਆ ਨੇ ਇਹ ਵੀ ਕਿਹਾ ਕਿ ਉਹ ਸਰਹੱਦੀ ਖੇਤਰਾਂ ਦੇ ਨੇੜਲੇ ਪੁਲਸ ਸਟੇਸ਼ਨਾਂ ’ਤੇ ਗੋਲਾ-ਬਾਰੂਦ ਭੇਜ ਰਿਹਾ ਹੈ ਤਾਂ ਜੋ ਉਹ ਨਵੀਂ ਨੀਤੀ ਨੂੰ ਲਾਗੂ ਕਰ ਸਕਣ। ਉੱਤਰੀ ਹੈਮਯੋਂਗ ਦੇ ਇਕ ਫੌਜੀ ਅਧਿਕਾਰੀ ਨੇ ਵੀ ਐਲਾਨ ਦੀ ਪੁਸ਼ਟੀ ਕੀਤੀ। ਇਹ ਹੁਕਮ 26 ਅਗਸਤ ਦੀ ਅੱਧੀ ਰਾਤ ਤੋਂ ਪ੍ਰਭਾਵੀ ਹੋ ਗਿਆ ਹੈ।
ਅਮਰੀਕਾ: ਨਿਊਯਾਰਕ 'ਚ ਬੱਸ ਹੋਈ ਹਾਦਸੇ ਦੀ ਸ਼ਿਕਾਰ, 16 ਲੋਕ ਜ਼ਖਮੀ
NEXT STORY