ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਜਦੋਂ ਪਾਕਿਸਤਾਨੀ ਕੈਦੀ ਕੁਲਭੂਸ਼ਣ ਜਾਧਵ ਦੀ ਪਤਨੀ ਇਸਲਾਮਾਬਾਦ 'ਚ ਵਿਦੇਸ਼ ਦਫਤਰ 'ਚ ਆਪਣੇ ਪਤੀ ਨੂੰ ਮਿਲਣ ਪਹੁੰਚੀ ਤਾਂ ਉਸ ਦੇ ਬੂਟਾਂ 'ਚ 'ਧਾਤੂ ਦੀ ਵਸਤੂ' ਮਿਲੀ। ਇਕ ਪਾਕਿਸਤਾਨੀ ਅਖਬਾਰ ਦੀ ਰਿਪੋਰਟ ਮੁਤਾਬਕ ਵਿਦੇਸ਼ ਦਫਤਰ ਨੇ ਪੁਸ਼ਟੀ ਕੀਤੀ ਹੈ ਕਿ ਬੂਟਾਂ ਵਿਚ ਧਾਤੂ ਦੀ ਵਸਤੂ ਮਿਲੀ। ਇਸ ਨੂੰ ਜਾਧਵ ਨਾਲ ਮੁਲਾਕਾਤ ਤੋਂ ਪਹਿਲਾਂ ਸੁਰੱਖਿਆ ਅਧਿਕਾਰੀਆਂ ਨੇ ਰੱਖ ਲਿਆ।
ਬਸ ਇੰਨਾ ਹੀ ਨਹੀਂ ਪਾਕਿਸਤਾਨ ਨੇ ਭਾਰਤ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ, ਜਿਸ 'ਚ ਕਿਹਾ ਗਿਆ ਸੀ ਕਿ ਜਾਧਵ ਦੀ ਪਤਨੀ ਅਤੇ ਮਾਂ ਨਾਲ ਬਦਸਲੂਕੀ ਕੀਤੀ ਗਈ। ਪਾਕਿਸਤਾਨ ਨੇ ਸਗੋਂ ਕਿ ਦਾਅਵਾ ਕੀਤਾ ਕਿ ਜਾਧਵ ਦੀ ਪਤਨੀ ਦੇ ਬੂਟਾਂ ਨੂੰ ਸੁਰੱਖਿਆ ਦੇ ਆਧਾਰ 'ਤੇ ਜ਼ਬਤ ਕਰ ਲਿਆ ਗਿਆ, ਕਿਉਂਕਿ ਉਸ 'ਚ ਕੁਝ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ, ''ਬੂਟਾਂ ਵਿਚ ਕੁਝ ਸੀ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਉਨ੍ਹਾਂ ਬੂਟਾਂ ਦੇ ਬਦਲੇ ਇਕ ਜੋੜੀ ਦੂਜੀਆਂ ਜੁੱਤੀਆਂ ਦਿੱਤੀਆਂ। ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਸਾਰੇ ਗਹਿਣੇ ਵਾਪਸ ਕਰ ਦਿੱਤੇ ਗਏ। ਓਧਰ ਭਾਰਤ ਨੇ ਪਾਕਿਸਤਾਨ 'ਤੇ ਸੁਰੱਖਿਆ ਦੇ ਬਹਾਨੇ ਜਾਧਵ ਦੇ ਪਰਿਵਾਰ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਸੀ। ਇਕ ਬਿਆਨ 'ਚ ਕਿਹਾ ਗਿਆ, ''ਇਸ ਦੋਸ਼ ਵਿਚ ਮੰਗਲ ਸੂਤਰ, ਚੂੜੀਆਂ ਅਤੇ ਬਿੰਦੀ ਹਟਾਉਣਾ ਸ਼ਾਮਲ ਹੈ। ਇਸ ਦੇ ਨਾਲ ਹੀ ਕੱਪੜੇ ਵੀ ਬਦਲਵਾਏ ਗਏ, ਜਿਨ੍ਹਾਂ ਦੀ ਸੁਰੱਖਿਆ ਲਈ ਲੋੜ ਨਹੀਂ ਸੀ।''
ਜ਼ਿਕਰਯੋਗ ਹੈ ਕਿ ਬੀਤੀ 25 ਦਸੰਬਰ ਨੂੰ ਜਾਧਵ ਨਾਲ ਪਰਿਵਾਰ ਦੀ ਮੁਲਾਕਾਤ ਕਰਵਾਈ ਗਈ ਸੀ। ਇਸ ਮੁਲਾਕਾਤ ਦੀਆਂ ਤਸਵੀਰਾਂ ਪਾਕਿਸਤਾਨ ਨੇ ਜਾਰੀ ਕੀਤੀਆਂ ਸਨ। ਤਸਵੀਰਾਂ 'ਚ ਜਾਧਵ ਨੂੰ ਸ਼ੀਸ਼ੇ ਦੀ ਇਕ ਕੰਧ ਦੇ ਪਿਛੇ ਬੈਠਾ ਦਿਖਾਇਆ ਗਿਆ ਸੀ, ਜਦਕਿ ਉਨ੍ਹਾਂ ਦੀ ਮਾਂ ਅਤੇ ਪਤਨੀ ਕੰਧ ਦੇ ਦੂਜੇ ਪਾਸੇ ਬੈਠੀਆਂ ਸਨ। ਸਿਰਫ 40 ਮਿੰਟ ਦੀ ਮੁਲਾਕਾਤ ਸੀ। ਜਾਧਵ ਨੂੰ ਪਿਛਲੇ ਸਾਲ ਮਾਰਚ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ। ਜਾਧਵ ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਜਾਸੂਸੀ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਈ ਸੀ। ਇਸ ਦੋਸ਼ ਨੂੰ ਭਾਰਤ ਨੇ ਮਨਗੜ੍ਹਤ ਦੱਸ ਕੇ ਖਾਰਿਜ ਕਰ ਦਿੱਤਾ ਸੀ। ਜਿਸ ਤੋਂ ਬਾਅਦ ਭਾਰਤ ਨੇ ਕੌਮਾਂਤਰੀ ਅਦਾਲਤ ਦਾ ਰੁਖ ਕੀਤਾ ਅਤੇ ਅਦਾਲਤ ਨੇ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਸੀ।
ਪ੍ਰਸਿੱਧ ਗਾਇਕਾ ਦੇ ਭਰਾ ਦਾ ਸ਼ਰੇਆਮ ਕਤਲ, ਬਿਆਨ ਕੀਤਾ ਦਰਦ
NEXT STORY