ਮਾਸਕੋ - ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ ਨੇ ਆਪਣੇ ਫੌਜੀਆਂ ਵਿਚਾਲੇ ਵਿਆਪਕ ਪੱਧਰ 'ਤੇ ਕੋਰੋਨਾਵਾਇਰਸ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ 4 ਲੱਖ ਤੋਂ ਜ਼ਿਆਦਾ ਫੌਜੀਆਂ ਨੂੰ ਟੀਕਾ ਲਗਾਉਣ ਦੀ ਯੋਜਨਾ ਹੈ। ਸ਼ੋਇਗੂ ਨੇ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਵਿਚ ਕਿਹਾ ਕਿ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਕੋਰੋਨਾਵਾਇਰਸ ਖਿਲਾਫ ਸੁਰੱਖਿਆ ਬਲਾਂ ਦੇ ਜਵਾਨਾਂ ਦਾ ਸਮੂਹਿਕ ਟੀਕਾਕਰਣ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਰੂਸ ਪੂਰੀ ਕੋਸ਼ਿਸ਼ ਕਰ ਰਿਹਾ ਹੈ ਉਹ 2021 ਵਿਚ ਕੋਰੋਨਾ ਮਹਾਮਾਰੀ ਨੂੰ ਖਤਮ ਪੂਰੀ ਤਰ੍ਹਾਂ ਨਾਲ ਖਤਮ ਕਰ ਦੇਵੇ।
ਉਥੇ ਹੀ ਹੁਣ ਤੱਕ 2500 ਤੋਂ ਜ਼ਿਆਦਾ ਫੌਜੀਆਂ ਦਾ ਟੀਕਾਕਰਨ ਸ਼ੁਰੂ ਕੀਤਾ ਜਾ ਚੁੱਕਿਆ ਹੈ ਅਤੇ ਸਾਲ ਦੇ ਆਖਿਰ ਤੱਕ 80000 ਫੌਜੀਆਂ ਦਾ ਟੀਕਾਕਰਨ ਕੀਤੇ ਜਾਣ ਦੀ ਉਮੀਦ ਹੈ। ਰੂਸੀ ਫੌਜ ਇਹ ਸੋਧ ਵੀ ਕਰ ਰਹੀ ਹੈ ਕਿ ਐਂਟੀਬਾਡੀ ਦੇ ਉੱਚ ਟਾਈਟਰਸ ਦੇ ਨਾਲ ਟੀਕਾਕਰਨ ਵਾਲੇ ਫੌਜੀਆਂ ਦੇ ਪਲਾਜ਼ਮਾ ਨੂੰ ਕੋਰੋਨਾ ਦੇ ਇਲਾਜ ਲਈ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਥੇ ਦੱਸ ਦਈਏ ਕਿ ਰੂਸ ਵੱਲੋਂ ਅਗਸਤ ਮਹੀਨੇ ਵਿਚ ਸਪੁਤਨਿਕ-ਵੀ ਨੂੰ ਕੋਰੋਨਾਵਾਇਰਸ ਖਿਲਾਫ ਕਾਰਗਰ ਵੈਕਸੀਨ ਸਾਬਿਤ ਕਰਦੇ ਹੋਏ ਮਨਜ਼ੂਰੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਇਸ ਦੀ ਪਹਿਲੀ ਖੇਪ ਵੈਨੇਜ਼ੁਏਲਾ ਵਿਚ ਪਹੁੰਚਾਈ ਗਈ। ਇਸ ਤੋਂ ਬਾਅਦ ਕਈ ਵਾਰ ਖਬਰਾਂ ਸਾਹਮਣੇ ਆਈਆਂ ਕਿ ਰੂਸ ਵਿਚ ਅਮੀਰ ਲੋਕਾਂ 'ਤੇ ਖੁਫੀਆ ਤਰੀਕੇ ਨਾਲ ਵੈਕਸੀਨ ਲਾਈ ਜਾ ਰਹੀ ਹੈ ਪਰ ਇਸ ਗੱਲ ਨੂੰ ਰੂਸ ਸਰਕਾਰ ਵੱਲੋਂ ਨਕਾਰਿਆ ਗਿਆ ਸੀ।
ਦੱਸ ਦਈਏ ਕਿ ਰੂਸ ਵਿਚ ਕੋਰੋਨਾ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਜਿਸ ਕਾਰਨ ਇਥੇ ਕੋਰੋਨਾ ਦੇ ਮਾਮਲੇ ਜ਼ਿਆਦਾ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਉਥੇ ਹੀ ਰੂਸ ਵਿਚ ਹੁਣ ਤੱਕ ਕੋਰੋਨਾ ਦੇ 2,215,533 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 38,558 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,712,174 ਲੋਕ ਸਿਹਤਯਾਬ ਹੋ ਚੁੱਕੇ ਹਨ।
ਅਮਰੀਕਾ ਦੇ ਨੇਵਾਦਾ 'ਚ ਗੋਲੀਬਾਰੀ, 1 ਦੀ ਮੌਤ ਤੇ 4 ਜ਼ਖਮੀ
NEXT STORY