ਬੀਜਿੰਗ (ਵਿਸ਼ੇਸ਼) – ਚੀਨ ਵਿਚ ਉਈਗਰ ਮੁਸਲਮਾਨਾਂ ਦੇ ਅੱਤਿਆਚਾਰਾਂ ਨਾਲ ਸਬੰਧਤ ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਇਸ ਅੱਤਿਆਚਾਰ ਪਿੱਛੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਚੋਟੀ ਦੇ ਨੇਤਾਵਾਂ ਦਾ ਹੱਥ ਹੈ। ਹਾਲਾਂਕਿ ਚੀਨ ਲਗਾਤਾਰ ਅਜਿਹੇ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਲੀਕ ਹੋਏ ਦਸਤਾਵੇਜ਼ਾਂ ’ਤੇ ਆਧਾਰਿਤ ਇਸ ਰਿਪੋਰਟ ’ਚ ਵੱਡੀ ਗਿਣਤੀ ’ਚ ਉਈਗਰ ਮੁਸਲਮਾਨਾਂ ਨੂੰ ਬੰਦੀ ਬਣਾਏ ਜਾਣ ਅਤੇ ਜਬਰੀ ਮਜ਼ਦੂਰੀ ਕਰਾਉਣ ਬਾਰੇ ਇਨ੍ਹਾਂ ਨੇਤਾਵਾਂ ਦੇ ਕਈ ਭਾਸ਼ਣ ਸ਼ਾਮਲ ਹਨ। ਯੂ. ਕੇ. ਸਥਿਤ ਉਈਗਰ ਟ੍ਰਿਬਿਊਨਲ ਵਿਚ ਰੱਖੀ ਗਈ ਇਸ ਰਿਪੋਰਟ ਨੂੰ ਸ਼ਿਨਜਿਆਂਗ ਪੇਪਰਜ਼ ਦਾ ਨਾਂ ਦਿੱਤਾ ਗਿਆ ਹੈ। ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਸਭ ਤੋਂ ਵੱਧ ਉਈਗਰ ਮੁਸਲਮਾਨ ਹਨ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਸਮੇਤ ਸੱਤਾਧਾਰੀ ਕਮਿਊਨਿਸਟਾਂ ਦੇ ਅਜਿਹੇ ਬਿਆਨ ਸ਼ਿਨਜਿਆਂਗ ਪੇਪਰਾਂ ਵਿਚ ਹਨ, ਜਿਸ ਵਿਚ ਉਈਗਰ ਮੁਸਲਮਾਨਾਂ ਨੂੰ ਬੰਦੀ ਬਣਾਉਣ, ਉਨ੍ਹਾਂ ਦੀ ਸਮੂਹਿਕ ਨਸਬੰਦੀ ਕਰਨ, ਦੂਜੇ ਭਾਈਚਾਰਿਆਂ ਵਿਚ ਜਬਰੀ ਵਿਆਹ ਕਰਾਉਣ ਅਤੇ ਫੈਕਟਰੀਆਂ ਵਿਚ ਜਬਰੀ ਮਜ਼ਦੂਰੀ ਕਰਵਾਉਣਾ ਸ਼ਾਮਲ ਹੈ। ਇਸ ਰਿਪੋਰਟ ਨੂੰ ਤਿਆਰ ਕਰਨ ਵਾਲੇ ਡਾਕਟਰ ਜੇਂਗੇ ਦੇ ਅਨੁਸਾਰ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਵੱਡੀਆਂ ਸ਼ਖਸੀਅਤਾਂ ਦੀ ਭੂਮਿਕਾ ਉਸ ਤੋਂ ਕਿਤੇ ਵੱਧ ਹੈ, ਜੋ ਸਮਝੀ ਗਈ ਸੀ।
ਉਈਗਰ ’ਤੇ ਹੋਣ ਵਾਲੇ ਜ਼ੁਲਮ
ਚੀਨ ਵਿਚ ਉਈਗਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਸ ਭਾਈਚਾਰੇ ਉੱਤੇ ਕਈ ਤਰ੍ਹਾਂ ਦੇ ਅੱਤਿਆਚਾਰ ਕੀਤੇ ਗਏ। ਉਨ੍ਹਾਂ ਨੂੰ ਸ਼ਿਨਜਿਆਂਗ ਸੂਬੇ ਵਿਚ ਕਪਾਹ ਦੇ ਖੇਤਾਂ ਵਿਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਦੀ ਆਬਾਦੀ ਨੂੰ ਘਟਾਉਣ ਲਈ ਉਈਗਰ ਔਰਤਾਂ ਦੀ ਨਸਬੰਦੀ ਕਰ ਦਿੱਤੀ ਗਈ। ਬੱਚਿਆਂ ਨੂੰ ਪਰਿਵਾਰਾਂ ਤੋਂ ਵੱਖ ਕਰ ਦਿੱਤਾ ਗਿਆ।
ਚੀਨ ਦਾ ਪੱਖ
ਚੀਨ ਇਹ ਕਹਿ ਕੇ ਆਪਣੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਉਂਦਾ ਹੈ ਕਿ ਇਹ ਅੱਤਵਾਦ ਨੂੰ ਰੋਕਣ ਲਈ ਜ਼ਰੂਰੀ ਹੈ। ਉਸ ਦਾ ਕਹਿਣਾ ਹੈ ਕਿ ਉਹ ਉਈਗਰਾਂ ਦੀ ਮੁੜ ਸਿੱਖਿਆ ਲਈ ਕੈਂਪ ਲਗਾ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵਿਗਿਆਨ ਦੇ ਖੇਤਰ ’ਚ ਹੈਰਾਨੀਜਨਕ ਚਮਤਕਾਰ, ਬੱਚਿਆਂ ਨੂੰ ਵੀ ਪੈਦਾ ਕਰ ਸਕਦੇ ਹਨ ਰੋਬੋਟ
NEXT STORY