ਲੰਡਨ (ਬਿਊਰੋ)— ਅਕਸਰ ਇਨਸਾਨ ਸੋਚਦਾ ਹੈ ਕਿ ਤੇਜ਼ ਬੋਲੀ ਜਾਣ ਵਾਲੀ ਭਾਸ਼ਾ ਨਾਲ ਆਪਣੀ ਗੱਲ ਜਲਦੀ ਨਾਲ ਸਮਝਾਈ ਜਾ ਸਕਦੀ ਹੈ। ਇਸ ਨਾਲ ਸੂਚਨਾਵਾਂ ਦਾ ਲੈਣ-ਦੇਣ ਜਲਦੀ ਕੀਤਾ ਜਾਂਦਾ ਹੈ ਪਰ ਹੁਣ ਸ਼ੋਧ ਕਰਤਾਵਾਂ ਨੇ ਇਹ ਦੱਸਿਆ ਹੈ ਕਿ ਤੇਜ਼ ਬੋਲੀ ਜਾਣ ਵਾਲੀ ਭਾਸ਼ਾ ਹੋਵੇ ਜਾਂ ਹੌਲੀ-ਹੌਲੀ ਬੋਲੀ ਜਾਣ ਵਾਲੀ ਭਾਸ਼ਾ, ਸੂਚਨਾਵਾਂ ਦੇ ਲੈਣ-ਦੇਣ ਦੀ ਦਰ ਇਕ ਹੀ ਹੁੰਦੀ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੀ ਭਾਸ਼ਾ ਕਿੰਨੀ ਤੇਜ਼ ਹੈ।
ਇਕ ਪਤੱਰਿਕਾ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਵਿਸ਼ਵ ਦੀਆਂ ਸਾਰੀਆਂ ਭਾਸ਼ਾਵਾਂ ਲੱਗਭਗ 39 ਬਿਟਸ ਪ੍ਰਤੀ ਸੈਕੰਡ ਦੀ ਸਮਾਨ ਦਰ ਨਾਲ ਸੂਚਨਾ ਪ੍ਰਸਾਰਿਤ ਕਰਦੀਆਂ ਹਨ। ਫਰਾਂਸ ਦੀ ਲਿਓਨ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਸਮੇਤ ਇਕ ਅੰਤਰਰਾਸ਼ਟਰੀ ਟੀਮ ਨੇ ਲੰਬੇ ਸਮੇਂ ਤੱਕ ਇਸ ਗੱਲ 'ਤੇ ਅਧਿਐਨ ਕੀਤਾ ਕਿ ਜਿਹੜੀ ਭਾਸ਼ਾ ਦੇ ਇਕ ਵਾਕ ਵਿਚ ਜ਼ਿਆਦਾ ਜਾਣਕਾਰੀ ਸ਼ਾਮਲ ਹੁੰਦੀ ਹੈ, ਉਹ ਭਾਸ਼ਾ ਹੌਲੀ-ਹੌਲੀ ਬੋਲੀ ਜਾਂਦੀ ਹੈ।
ਇੰਝ ਕੀਤਾ ਗਿਆ ਅਧਿਐਨ
ਸ਼ੋਧ ਕਰਤਾਵਾਂ ਨੇ ਅਧਿਐਨ ਲਈ 14 ਤਰ੍ਹਾਂ ਦੀਆਂ ਭਾਸ਼ਾਵਾਂ ਬੋਲਣ ਵਾਲੇ 10 ਭਾਗੀਦਾਰਾਂ ਨੂੰ ਸ਼ਾਮਲ ਕੀਤਾ, ਜਿਸ ਵਿਚ 5 ਪੁਰਸ਼ ਅਤੇ 5 ਔਰਤਾਂ ਸ਼ਾਮਲ ਸਨ। ਇਸ ਦੇ ਬਾਅਦ ਉਨ੍ਹਾਂ ਨੂੰ ਇਕ ਟੈਕਸਟ ਦਿੱਤਾ ਗਿਆ, ਜਿਸ ਨੂੰ ਉਨ੍ਹਾਂ ਨੇ ਆਪਣੀ ਭਾਸ਼ਾ ਵਿਚ ਪੜ੍ਹਨਾ ਸੀ। ਸ਼ੋਧ ਕਰਤਾਵਾਂ ਨੇ ਇਸ ਦੌਰਾਨ ਵੱਖ-ਵੱਖ ਭਾਸ਼ਾਵਾਂ ਦੇ ਇਕ ਮਿੰਟ ਦੀ ਸਪੀਚ ਵਿਚ ਸ਼ਾਮਲ ਜਾਣਕਾਰੀ ਦੀ ਗਣਨਾ ਕੀਤੀ ਅਤੇ ਉਸ ਨੂੰ ਬਿਟਸ ਵਿਚ ਮਾਪਿਆ, ਜੋ ਕਿ ਇਕ ਡਿਜੀਟਲ ਈਕਾਈ ਹੈ।
ਅਧਿਐਨ ਵਿਚ ਪਾਇਆ ਗਿਆ ਕਿ ਜਾਪਾਨੀ ਭਾਸ਼ਾ ਵਿਚ ਉਸ ਟੈਕਸਟ ਨੂੰ ਪੜ੍ਹਨ ਲਈ ਸਿਰਫ 643 ਅੱਖਰਾਂ ਦੀ ਵਰਤੋਂ ਕੀਤੀ ਗਈ। ਇਸ ਵਿਚ ਹਰੇਕ ਅੱਖਰ ਵਿਚ ਪੰਜ ਬਿਟਸ ਦੀ ਜਾਣਕਾਰੀ ਸੀ। ਉੱਥੇ ਅੰਗਰੇਜ਼ੀ ਵਿਚ 6,949 ਅੱਖਰਾਂ ਦੀ ਵਰਤੋਂ ਕੀਤੀ ਗਈ, ਜਿਸ ਵਿਚ ਪ੍ਰਤੀ ਅੱਖਰ 7 ਬਿਟਸ ਦੀ ਜਾਣਕਾਰੀ ਸੀ ਅਤੇ ਵੀਅਤਨਾਮੀ ਵਿਚ ਪ੍ਰਤੀ ਅੱਖਰ 8 ਬਿਟਸ ਦੀ ਜਾਣਕਾਰੀ ਸੀ। ਸ਼ੋਧ ਕਰਤਾਵਾਂ ਨੇ ਪਾਇਆ ਕਿ ਕੁਝ ਭਾਸ਼ਾਵਾਂ ਤੇਜ਼ ਅਤੇ ਕੁਝ ਹੌਲੀ ਬੋਲੀਆਂ ਜਾਂਦੀਆਂ ਹਨ ਪਰ ਹਰੇਕ ਸ਼ਬਦ ਵਿਚ ਸ਼ਾਮਲ ਜਾਣਕਾਰੀ ਦੇ ਬਿਟਸ ਦੇ ਹਿਸਾਬ ਨਾਲ ਔਸਤ ਕੱਢੀਏ ਤਾਂ ਸਾਰੀਆਂ ਭਾਸ਼ਾਵਾਂ ਸਮਾਨ ਹਨ। ਗੌਰਤਲਬ ਹੈ ਕਿ ਜਾਪਾਨੀ ਭਾਸ਼ਾ ਸਭ ਤੋਂ ਤੇਜ਼ ਬੋਲੀ ਜਾਣ ਵਾਲੀ ਭਾਸ਼ਾ ਦੇ ਰੂਪ ਵਿਚ ਜਾਣੀ ਜਾਂਦੀ ਹੈ। ਇਸ ਦੇ ਬਾਅਦ ਸਪੈਨਿਸ਼, ਫ੍ਰੈਂਚ, ਇਟਾਲੀਅਨ, ਅੰਗਰੇਜ਼ੀ, ਜਰਮਨ ਅਤੇ ਚੀਨ ਦੀ ਭਾਸ਼ਾ ਮੰਦਾਰਿਨ ਦਾ ਨਾਮ ਸ਼ਾਮਲ ਹੈ।
ਮੋਰੱਕੋ 'ਚ ਵਾਪਰਿਆ ਬੱਸ ਹਾਦਸਾ, 6 ਹਲਾਕ
NEXT STORY