ਲੰਡਨ— ਲੰਡਨ 'ਚ ਬੀਤੇ ਸ਼ਨੀਵਾਰ ਦੀ ਰਾਤ ਨੂੰ ਦੋ ਵੱਖ-ਵੱਖ ਥਾਂਵਾਂ 'ਤੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਦੇਖ ਕੇ ਤੁਸੀਂ ਵੀ ਇਹ ਹੀ ਕਹੋਗੇ ਕਿ ਲੋਕਾਂ ਦੀ ਜਾਨ 'ਤੇ ਬਣੀ ਪਰ ਇਸ ਸ਼ਖਸ ਨੇ ਤਾਂ ਹੱਦ ਹੀ ਮੁਕਾ ਦਿੱਤੀ। ਜਾਨ ਨਹੀਂ ਬੀਅਰ ਜ਼ਿਆਦਾ ਪਿਆਰੀ ਹੋ ਗਈ। ਇਹ ਤਸਵੀਰ ਹਮਲੇ ਦੇ ਸਮੇਂ ਦੀ ਹੈ, ਜਿਸ 'ਚ ਕਈ ਲੋਕ ਦੌੜਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਦੌੜਦੇ ਹੋਏ ਲੋਕਾਂ 'ਚ ਲਾਲ ਰੰਗ ਦੀ ਸ਼ਰਟ ਵਾਲਾ ਵਿਅਕਤੀ ਹੱਥ 'ਚ ਬੀਅਰ ਦਾ ਗਿਲਾਸ ਫੜ ਕੇ ਆਰਾਮ ਨਾਲ ਦੌੜਦਾ ਨਜ਼ਰ ਆ ਰਿਹਾ ਹੈ। ਇਸ ਹਮਲੇ ਵਿਚ ਬੀਅਰ ਲੈ ਕੇ ਦੌੜ ਰਹੇ ਇਸ ਸ਼ਖਸ ਸਮੇਤ 7 ਲੋਕਾਂ ਦੀ ਮੌਤ ਹੋ ਗਈ।
ਇਸ ਤਸਵੀਰ ਨੂੰ ਹਾਵਰਡ ਮਾਨੇਲਾ ਨੇ ਟਵਿੱਟਰ 'ਤੇ ਪੋਸਟ ਕੀਤਾ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਲਿਖਿਆ, ''ਲੋਕ ਲੰਡਨ ਬ੍ਰਿਜ ਛੱਡ ਕੇ ਦੌੜ ਰਹੇ ਹਨ ਪਰ ਸਿੱਧੇ ਹੱਥ ਵਾਲਾ ਸ਼ਖਸ ਇਕ ਬੀਅਰ ਦੀ ਇਕ ਬੂੰਦ ਤੱਕ ਨਹੀਂ ਡਿੱਗਣ ਦੇ ਰਿਹਾ। ਭਗਵਾਨ ਬ੍ਰਿਟਿਸ਼ ਨਾਗਰਿਕਾਂ ਦਾ ਭਲਾ ਕਰੇ।'' ਇਸ ਤਸਵੀਰ 'ਤੇ ਹਜ਼ਾਰਾਂ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਲੰਡਨ 'ਚ ਉੱਚੀਆਂ ਕੀਮਤਾਂ ਨੂੰ ਲੈ ਕੇ ਮਜ਼ਾਕ ਉਡਾਇਆ ਹੈ।
ਦੱਸਣ ਯੋਗ ਹੈ ਕਿ ਲੰਡਨ ਬ੍ਰਿਜ 'ਤੇ ਸ਼ਨੀਵਾਰ ਨੂੰ ਰਾਤ ਤਕਰੀਬਨ 10 ਵਜੇ ਹਮਲਾ ਹੋਇਆ ਸੀ। ਇਕ ਵੈਨ ਸੜਕ 'ਤੇ ਪੈਦਲ ਚੱਲ ਰਹੇ ਲੋਕਾਂ ਨੂੰ ਕੁਚਲਦੀ ਹੋਈ ਚਲੀ ਗਈ। ਵੈਨ ਲੋਕਾਂ ਨੂੰ ਕੁਚਲਦੇ ਹੋਏ ਨੇੜੇ ਦੇ ਬਾਰੋ ਬਾਜ਼ਾਰ ਵੱਲ ਵਧਦੀ ਚਲੀ ਗਈ ਸੀ, ਜਿੱਥੇ ਵੈਨ ਤੋਂ 3 ਹਮਲਾਵਰ ਉਤਰੇ ਅਤੇ ਉਨ੍ਹਾਂ ਨੇ ਰੈਸਟੋਰੈਂਟ 'ਚ ਬੈਠੇ ਲੋਕਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਲੋਕਾਂ ਦੀਆਂ ਗਰਦਨਾਂ 'ਤੇ ਚਾਕੂ ਮਾਰੇ, ਜਿਸ ਕਾਰਨ 48 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਸ ਘਟਨਾ ਦੇ 8 ਮਿੰਟ ਬਾਅਦ ਹੀ ਪੁਲਸ ਨੇ ਸ਼ੱਕੀ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ੰਘਾਈ ਸਹਿਯੋਗ ਸੰਗਠਨ 'ਚ ਈਰਾਨ ਦੀ ਮੈਂਬਰਸ਼ਿਪ 'ਤੇ ਹੋਵੇਗੀ ਚਰਚਾ
NEXT STORY