ਵਾਸ਼ਿੰਗਟਨ- ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅੱਜ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਉਹ ਡਰੱਗਜ਼ ਸਮੱਗਲਿੰਗ ਅਤੇ ਹਥਿਆਰਾਂ ਨਾਲ ਜੁੜੇ ਮਾਮਲੇ ’ਚ ਨਿਆਂਇਕ ਪ੍ਰਕਿਰਿਆ ਦਾ ਸਾਹਮਣਾ ਕਰਨਗੇ।
ਮਾਦੁਰੋ ਨੂੰ ਅਦਾਲਤ ਲਿਆਉਂਦੇ ਸਮੇਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਨਿਊਯਾਰਕ ਸਿਟੀ ਦੀਆਂ ਸੜਕਾਂ ’ਤੇ ਕਈ ਸੁਰੱਖਿਆ ਵਾਹਨ ਅਤੇ ਅਮਰੀਕੀ ਡੀ. ਈ. ਏ. ਅਧਿਕਾਰੀ ਤਾਇਨਾਤ ਸਨ। ਮਾਦੁਰੋ ਨੂੰ ਪਹਿਲਾਂ ਹੈਲੀਕਾਪਟਰ ਰਾਹੀਂ ਅਦਾਲਤ ਦੇ ਹੈਲੀਪੈਡ ’ਤੇ ਉਤਾਰਿਆ ਗਿਆ ਅਤੇ ਤੁਰੰਤ ਸੁਰੱਖਿਅਤ ਵੈਨ ’ਚ ਬਿਠਾ ਕੇ ਸਿੱਧਾ ਅਦਾਲਤ ’ਚ ਲਿਜਾਇਆ ਗਿਆ। 3 ਦਿਨ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਸਿਲਿਆ ਫਲੋਰੇਸ ਦੇ ਨਾਲ ਵੈਨੇਜ਼ੁਏਲਾ ਤੋਂ ਫੜਿਆ ਗਿਆ ਸੀ।
ਇਸ ਦਰਮਿਆਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਦੀ ਅੰਤ੍ਰਿਮ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਨੂੰ ਚੇਤਾਵਨੀ ਦਿੱਤੀ ਹੈ। ਟਰੰਪ ਨੇ ਇੰਟਰਵਿਊ ’ਚ ਕਿਹਾ ਕਿ ਜੇਕਰ ਰੋਡਰਿਗਜ਼ ਅਮਰੀਕਾ ਦੇ ਮਾਰਗਦਰਸ਼ਨ ਦੀ ਪਾਲਣਾ ਨਹੀਂ ਕਰਦੀ, ਤਾਂ ਉਨ੍ਹਾਂ ਦਾ ਹਾਲ ਮਾਦੁਰੋ ਨਾਲੋਂ ਵੀ ਭੈੜਾ ਹੋ ਸਕਦਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਰੋਡਰਿਗਜ਼ ਅਮਰੀਕਾ ਦੀ ਗੱਲ ਮੰਨ ਲਵੇ ਤਾਂ ਵੈਨੇਜ਼ੁਏਲਾ ’ਚ ਅਮਰੀਕੀ ਫੌਜ ਤਾਇਨਾਤ ਕਰਨ ਦੀ ਲੋੜ ਨਹੀਂ ਪਵੇਗੀ।
ਦੂਜੇ ਪਾਸੇ, ਰੋਡਰਿਗਜ਼ ਨੇ ਮਾਦੁਰੋ ਨੂੰ ਸੱਤਾ ਤੋਂ ਹਟਾਉਣ ਦੀ ਆਲੋਚਨਾ ਕੀਤੀ ਅਤੇ ਅਮਰੀਕਾ ਤੋਂ ਮਾਦੁਰੋ ਨੂੰ ਵਾਪਸ ਭੇਜਣ ਦੀ ਮੰਗ ਕੀਤੀ। ਅਮਰੀਕਾ ਦੇ ਇਸ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ. ਐੱਨ. ਐੱਸ. ਸੀ.) ਨੇ ਅੱਜ ਹੰਗਾਮੀ ਬੈਠਕ ਸੱਦੀ ਹੈ, ਜਿਸ ’ਚ ਮਾਦੁਰੋ ਦੀ ਹਿਰਾਸਤ ਦੀ ਵੈਧਤਾ ਅਤੇ ਅੰਤਰਰਾਸ਼ਟਰੀ ਪ੍ਰਤੀਕਿਰਿਆ ’ਤੇ ਚਰਚਾ ਹੋਵੇਗੀ।
ਬੰਗਲਾਦੇਸ਼ 'ਚ ਹਿੰਦੂਆਂ 'ਤੇ ਅੱਤਿਆਚਾਰ ਜਾਰੀ : ਵਿਧਵਾ ਨਾਲ ਸਮੂਹਿਕ ਜਬਰ ਜਨਾਹ ਮਗਰੋਂ ਦਰੱਖਤ ਨਾਲ ਬੰਨ੍ਹ ਕੱਟੇ ਵਾਲ
NEXT STORY