ਨਿਊਯਾਰਕ (ਇੰਟ.)- ਜ਼ੋਹਰਾਨ ਮਮਦਾਨੀ ਦੇ ਨਿਊਯਾਰਕ ਸ਼ਹਿਰ ਦਾ ਮੇਅਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਟਰੰਪ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਉਹ ਅਮੀਰ ਕੰਪਨੀਆਂ ਅਤੇ ਸਭ ਤੋਂ ਵੱਧ ਆਮਦਨ ਵਾਲੇ ਵਿਅਕਤੀਆਂ ਅਤੇ ਅਮੀਰ ਕਾਰਪੋਰੇਸ਼ਨਾਂ ’ਤੇ ਟੈਕਸ ਵਧਾ ਕੇ 10 ਅਰਬ ਡਾਲਰ ਇਕੱਠੇ ਕਰ ਸਕਦੇ ਹਨ ਪਰ ਇਸ ਲਈ ਗਵਰਨਰ ਦੀ ਮਨਜ਼ੂਰੀ ਦੀ ਲੋੜ ਹੋਵੇਗੀ। ਮਾਹਿਰਾਂ ਦਾ ਅਨੁਮਾਨ ਹੈ ਕਿ ਟਰੰਪ ਨਿਊਯਾਰਕ ਵਿਚ ਇਮੀਗ੍ਰੇਸ਼ਨ ਵਿਭਾਗ ਦੀ ਸਖ਼ਤੀ ਵੀ ਵਧਾ ਸਕਦੇ ਹਨ। ਨਿਊਯਾਰਕ 1980 ਦੇ ਦਹਾਕੇ ਤੋਂ ‘ਸੈਂਕਚੁਅਰੀ ਸਿਟੀ’ ਹੈ ਭਾਵ ਇੱਥੇ ਸਥਾਨਕ ਪ੍ਰਸ਼ਾਸਨ ਫੈਡਰਲ ਇਮੀਗ੍ਰੇਸ਼ਨ ਏਜੰਸੀਆਂ ਨਾਲ ਸੀਮਤ ਸਹਿਯੋਗ ਕਰਦਾ ਹੈ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਸ਼ਹਿਰ ਦੀਆਂ ਇਮੀਗ੍ਰੇਸ਼ਨ ਅਦਾਲਤਾਂ ’ਚ ਛਾਪੇਮਾਰੀ ਤੇਜ਼ ਕਰ ਦਿੱਤੀ ਹੈ, ਜਿੱਥੇ ਇਮੀਗ੍ਰੇਸ਼ਨ ਵਿਭਾਗ ਦੇ ਏਜੰਟ ਸੈਂਕੜੇ ਲੋਕਾਂ ਨੂੰ ਸੁਣਵਾਈ ਦੌਰਾਨ ਹਿਰਾਸਤ ’ਚ ਲੈ ਚੁੱਕੇ ਹਨ।
8.5 ਅਰਬ ਡਾਲਰ ਤੋਂ ਘੱਟ ਹੋ ਸਕਦਾ ਹੈ ਬਜਟ
ਇਕ ਰਿਪੋਰਟ ਦੇ ਅਨੁਸਾਰ ਡੈਮੋਕ੍ਰੇਟਿਕ ਗਵਰਨਰ ਕੈਥੀ ਹੋਚੁਲ ਹੁਣ ਤੱਕ ਟੈਕਸ ਯੋਜਨਾ ਦਾ ਸਮਰਥਨ ਕਰਨ ਤੋਂ ਝਿਜਕ ਰਹੀ ਹੈ। ਉਥੇ ਹੀ ਟਰੰਪ ਸਮਰਥਕ ਰਿਪਬਲਿਕਨ ਨੇਤਾ ਐਲਿਸ ਸਟੀਫੈਨਿਕ ਨੇ ਗਵਰਨਰ ਅਹੁਦੇ ਲਈ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜੇ ਟਰੰਪ ਫੰਡਿੰਗ ਵਿਚ ਹੋਰ ਕਟੌਤੀ ਕਰਦੇ ਹਨ ਤਾਂ ਇਹ ਸ਼ਹਿਰ ਦੇ ਬਜਟ ’ਚ ਨਵੀਆਂ ਸਮੱਸਿਆਵਾਂ ਪੈਦਾ ਕਰੇਗਾ। ਪਿਛਲੇ ਸਾਲ ਸੰਘੀ ਫੰਡ ਸ਼ਹਿਰ ਦੇ ਬਜਟ ਦਾ ਲੱਗਭਗ 7 ਫੀਸਦੀ ਭਾਵ 8.5 ਅਰਬ ਡਾਲਰ ਸੀ। ਸ਼ਹਿਰ ’ਚ ਕੋਈ ਵੀ ਨਵੀਂ ਯੋਜਨਾ ਲਾਗੂ ਕਰਨ ਲਈ ਪੈਸੇ ਦੀ ਸਮੱਸਿਆ ਤਾਂ ਹੈ ਹੀ ਪਰ ਜੇ ਸੰਘੀ ਫੰਡਿੰਗ ਘਟਦੀ ਹੈ ਤਾਂ ਸਥਿਤੀ ਹੋਰ ਵੀ ਮੁਸ਼ਕਲ ਹੋ ਜਾਵੇਗੀ। ਨਿਊਯਾਰਕ ਸਿਟੀ ਇੰਡੀਪੈਂਡੈਂਟ ਆਫਿਸ ਦੇ ਅਨੁਸਾਰ ਇਨ੍ਹਾਂ ਪੈਸਿਆਂ ਨਾਲ ਹਾਊਸਿੰਗ, ਆਫ਼ਤ ਰਾਹਤ, ਬੱਚਿਆਂ ਨਾਲ ਜੁੜੀਆਂ ਸੇਵਾਵਾਂ, ਘੱਟ ਆਮਦਨ ਵਾਲੇ ਵਿਦਿਆਰਥੀਆਂ ਦੀ ਸਿੱਖਿਆ, ਸਕੂਲੀ ਭੋਜਨ ਵਰਗੀਆਂ ਯੋਜਨਾਵਾਂ ਚਲਦੀਆਂ ਹਨ। ਹਾਲਾਂਕਿ ਟਰੰਪ ਨੇ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਕਿਹੜੇ ਫੰਡਾਂ ’ਚ ਕਟੌਤੀ ਕਰਨਗੇ।
ਫੰਡ ਰੋਕਣ ’ਤੇ ਅਦਾਲਤ ਜਾ ਸਕਦਾ ਹੈ ਮਾਮਲਾ
ਨਿਊਯਾਰਕ ਸਿਟੀ ਇੰਡੀਪੈਂਡੈਂਟ ਬਜਟ ਆਫਿਸ ਦੀ ਸੀਨੀਅਰ ਅਧਿਕਾਰੀ ਸਾਰਾ ਪਾਰਕਰ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਸ਼ਹਿਰ ਅਤੇ ਕਾਊਂਟੀ ਸਰਕਾਰਾਂ ਕਈ ਸੰਭਾਵੀ ਹਾਲਾਤ ਲਈ ਬਦਲਵੀਆਂ ਯੋਜਨਾਵਾਂ ਤਿਆਰ ਕਰ ਰਹੀਆਂ ਹਨ। ਉਸ ਦਾ ਕਹਿਣਾ ਹੈ ਕਿ ਕਾਨੂੰਨੀ ਤੌਰ ’ਤੇ ਬੇਘਰ ਲੋਕਾਂ ਲਈ ਸ਼ੈਲਟਰ ਵਰਗੀਆਂ ਕੁਝ ਸੇਵਾਵਾਂ ਦੇਣੀਆਂ ਜ਼ਰੂਰੀਆਂ ਹਨ। ਜੇ ਸੰਘੀ ਸਹਾਇਤਾ ਘੱਟ ਹੋਈ ਤਾਂ ਸ਼ਹਿਰ ਅਤੇ ਸੂਬੇ ਨੂੰ ਖੁਦ ਇਹ ਕਮੀ ਪੂਰੀ ਕਰਨੀ ਪਵੇਗੀ, ਜਿਸ ਦਾ ਅਸਰ ਹੋਰ ਯੋਜਨਾਵਾਂ ’ਤੇ ਪੈ ਸਕਦਾ ਹੈ। ਹਾਰਵਰਡ ਯੂਨੀਵਰਸਿਟੀ ਦੇ ਕੈਨੇਡੀ ਸਕੂਲ ਦੇ ਪ੍ਰੋਫੈਸਰ ਜਸਟਿਨ ਡੀ. ਬੇਨੇਡਿਕਟਸ-ਕੈਸਨੇਰ ਨੇ ਕਿਹਾ ਕਿ ਟਰੰਪ ਨੂੰ ਸੰਘੀ ਫੰਡ ਰੋਕਣ ’ਤੇ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਨਾਲ ਪੈਸੇ ਮਿਲਣ ’ਚ ਦੇਰੀ ਜ਼ਰੂਰ ਹੋਵੇਗੀ।
ਕੌਣ ਹਨ ਮਮਦਾਨੀ?
ਮਮਦਾਨੀ ਦਾ ਜਨਮ ਯੂਗਾਂਡਾ ਦੇ ਕੰਪਾਲਾ ’ਚ ਹੋਇਆ ਸੀ। 7 ਸਾਲ ਦੀ ਉਮਰ ’ਚ ਉਹ ਨਿਊਯਾਰਕ ਸ਼ਹਿਰ ਚਲੇ ਗਏ ਅਤੇ ਬਾਅਦ ’ਚ ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ। ਉਹ ਪ੍ਰਸਿੱਧ ਭਾਰਤੀ-ਅਮਰੀਕੀ ਫਿਲਮ ਨਿਰਮਾਤਾ ਮੀਰਾ ਨਾਇਰ ਦੇ ਬੇਟੇ ਹਨ। ਮੀਰਾ ਨਾਇਰ ਓਡਿਸ਼ਾ ਦੇ ਰਾਓਰਕੇਲਾ ਤੋਂ ਹਨ ਅਤੇ ਉਨ੍ਹਾਂ ਨੇ ਕਈ ਮਸ਼ਹੂਰ ਫਿਲਮਾਂ ਬਣਾਈਆਂ ਹਨ। ਉਸ ਦੇ ਪਿਤਾ ਮਹਿਮੂਦ ਮਮਦਾਨੀ ਕੋਲੰਬੀਆ ਯੂਨੀਵਰਸਿਟੀ ’ਚ ਪ੍ਰੋਫੈਸਰ ਹਨ। ਮਮਦਾਨੀ ਨੇ 2024 ’ਚ ਸੀਰੀਆਈ-ਅਮਰੀਕੀ ਕਲਾਕਾਰ ਰਾਮਾ ਦੁਵਾਜੀ ਨਾਲ ਵਿਆਹ ਕਰਵਾਇਆ।
ਕੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਹਨ ਮਮਦਾਨੀ ?
ਜ਼ੋਹਰਾਨ ਮਮਦਾਨੀ ਦੀ ਵਧਦੀ ਲੋਕਪ੍ਰਿਯਤਾ ਨੂੰ ਲੈ ਕੇ ਹੁਣ ਅਮਰੀਕਾ ’ਚ ਚਰਚਾ ਹੈ ਕਿ ਕੀ ਉਹ ਹੁਣ ਰਾਸ਼ਟਰਪਤੀ ਦੀ ਚੋਣ ਵੀ ਲੜ ਸਕਣਗੇ। ਹਾਲਾਂਕਿ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਮਮਦਾਨੀ ਇਸ ਸਮੇਂ ਚੋਣ ਲੜਨ ਦੇ ਅਯੋਗ ਹਨ। ਰਿਪੋਰਟ ਦੇ ਅਨੁਸਾਰ ਅਮਰੀਕੀ ਸੰਵਿਧਾਨ ਦੀ ਧਾਰਾ 2 ਦੇ ਸੈਕਸ਼ਨ 1, ਸੈਕਸ਼ਨ 5 ਦੇ ਅਨੁਸਾਰ ਸੰਵਿਧਾਨ ਨੂੰ ਅਪਣਾਉਣ ਦੇ ਸਮੇਂ ਅਮਰੀਕਾ ’ਚ ਜਨਮੇ ਨਾਗਰਿਕ ਜਾਂ ਅਮਰੀਕਾ ਦੇ ਨਾਗਰਿਕ ਤੋਂ ਇਲਾਵਾ ਕੋਈ ਵੀ ਵਿਅਕਤੀ ਰਾਸ਼ਟਰਪਤੀ ਅਹੁਦੇ ’ਤੇ ਕਾਬਜ਼ ਹੋਣ ਦੇ ਯੋਗ ਨਹੀਂ ਹੋਵੇਗਾ। ਸਿਰਫ਼ ਉਹੀ ਵਿਅਕਤੀ ਰਾਸ਼ਟਰਪਤੀ ਬਣ ਸਕਦਾ ਹੈ ਜੋ ਕੁਦਰਤੀ ਤੌਰ ’ਤੇ ਅਮਰੀਕੀ ਨਾਗਰਿਕ ਹੋਵੇ। ਇਸ ਦਾ ਮਤਲਬ ਹੈ ਕਿ ਵਿਅਕਤੀ ਦਾ ਜਨਮ ਅਮਰੀਕਾ ਵਿਚ ਹੋਣਾ ਚਾਹੀਦਾ ਹੈ ਜਾਂ ਵਿਦੇਸ਼ ਵਿਚ ਪੈਦਾ ਹੋਇਆ ਹੋਵੇ, ਉਸ ਦੇ ਮਾਪਿਆਂ ਕੋਲ ਅਮਰੀਕੀ ਨਾਗਰਿਕਤਾ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਬਣਨ ਲਈ ਘੱਟੋ-ਘੱਟ ਉਮਰ 35 ਸਾਲ ਹੈ ਅਤੇ ਉਨ੍ਹਾਂ ਨੂੰ ਘੱਟੋ-ਘੱਟ 14 ਸਾਲਾਂ ਤੋਂ ਅਮਰੀਕਾ ਦਾ ਨਿਵਾਸੀ ਹੋਣਾ ਚਾਹੀਦਾ ਹੈ। ਮੌਜੂਦਾ ਨਿਯਮਾਂ ਤਹਿਤ ਮਮਦਾਨੀ ਅਮਰੀਕਾ ਦੇ ਰਾਸ਼ਟਰਪਤੀ ਨਹੀਂ ਬਣ ਸਕਦੇ। ਇਸ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਦਾ ਜਨਮ ਯੂਗਾਂਡਾ ਵਿਚ ਹੋਇਆ ਸੀ ਅਤੇ ਉਨ੍ਹਾਂ ਨੂੰ 2018 ਵਿਚ ਅਮਰੀਕੀ ਨਾਗਰਿਕਤਾ ਮਿਲੀ ਸੀ। ਇਸ ਦਾ ਮਤਲਬ ਹੈ ਕਿ ਉਹ ਰਾਸ਼ਟਰਪਤੀ ਬਣਨ ਲਈ ਜਨਮ ਸਿੱਧ ਨਾਗਰਿਕਤਾ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰਦੇ। ਉਸ ਦੇ ਮਾਤਾ-ਪਿਤਾ ਕੋਲ ਵੀ ਉਸ ਦੇ ਜਨਮ ਸਮੇਂ ਅਮਰੀਕੀ ਨਾਗਰਿਕਤਾ ਨਹੀਂ ਸੀ। ਇਸ ਲਈ ਮਮਦਾਨੀ ਦਾ ਰਾਸ਼ਟਰਪਤੀ ਬਣਨਾ ਕਾਨੂੰਨੀ ਸੋਧ ਤੋਂ ਬਿਨਾਂ ਅਸੰਭਵ ਹੈ।
ਅਮਰੀਕੀ ਦੂਤਘਰ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ, ਬਲਾਸਟ ਨੂੰ ਲੈ ਕੇ UAPA ਤਹਿਤ ਕੇਸ ਦਰਜ
NEXT STORY