ਵੈੱਬ ਡੈਸਕ : ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੇ ਹਾਲ ਹੀ ਦੇ ਸਾਲਾਂ 'ਚ ਜਿਸ ਤੇਜ਼ੀ ਨਾਲ ਆਧੁਨਿਕੀਕਰਨ ਕੀਤਾ ਹੈ, ਉਸ ਨੇ ਨਾ ਸਿਰਫ ਏਸ਼ੀਆ ਬਲਕਿ ਅਮਰੀਕਾ ਤੱਕ ਦੀ ਚਿੰਤਾ ਵਧਾ ਦਿੱਤੀ ਹੈ। ਅਮਰੀਕੀ ਥਿੰਕ ਟੈਂਕ ਸੈਂਟਰ ਫਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ (CSIS) ਦੀ ਨਵੀਂ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੀਨ ਦੀ ਫੌਜੀ ਤਾਕਤ ਹੁਣ ਵਿਸ਼ਵ ਪੱਧਰ 'ਤੇ ਅਮਰੀਕਾ ਲਈ ਸਭ ਤੋਂ ਵੱਡੇ “ਪੇਸਿੰਗ ਥ੍ਰੈਟ” (Pacing Threat) ਵਜੋਂ ਉੱਭਰ ਰਹੀ ਹੈ।
ਜਿਨਪਿੰਗ ਦੇ ਅਧੀਨ ਵੱਡੇ ਸੁਧਾਰ
ਰਿਪੋਰਟ ਦੇ ਅਨੁਸਾਰ, ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 2012 'ਚ ਸੱਤਾ ਸੰਭਾਲਣ ਤੋਂ ਬਾਅਦ PLA 'ਚ ਵੱਡੇ ਪੱਧਰ 'ਤੇ ਸੁਧਾਰ ਕੀਤੇ ਹਨ, ਜਿਸ 'ਚ ਅਨੁਸ਼ਾਸਨ, ਤਕਨੀਕੀ ਉੱਨਤੀ ਅਤੇ ਰੱਖਿਆ ਖਰਚ ਨੂੰ ਪਹਿਲ ਦਿੱਤੀ ਗਈ ਹੈ। CSIS ਦੀ ਰਿਪੋਰਟ ਦੱਸਦੀ ਹੈ ਕਿ ਚੀਨ ਦਾ ਰੱਖਿਆ ਬਜਟ ਪਿਛਲੇ 30 ਸਾਲਾਂ 'ਚ 13 ਗੁਣਾ ਵਧ ਚੁੱਕਾ ਹੈ। 1995 'ਚ ਇਹ ਕੁਝ ਅਰਬ ਡਾਲਰ ਸੀ, ਜੋ 2025 ਵਿੱਚ ਵਧ ਕੇ 247 ਅਰਬ ਅਮਰੀਕੀ ਡਾਲਰ (ਚੀਨ ਦਾ ਅਧਿਕਾਰਤ ਅੰਕੜਾ) ਹੋ ਗਿਆ ਹੈ। ਰਿਪੋਰਟਾਂ ਅਨੁਸਾਰ, 2024 ਤੱਕ ਚੀਨ ਦਾ ਰੱਖਿਆ ਖਰਚ ਅਮਰੀਕਾ ਦੇ ਰੱਖਿਆ ਖਰਚ ਦਾ ਇੱਕ-ਤਿਹਾਈ ਹੋ ਗਿਆ ਹੈ।
ਸਮੁੰਦਰ ਤੇ ਅਸਮਾਨ 'ਚ ਦਬਦਬਾ
PLA ਨੇਵੀ (PLAN) ਹੁਣ ਦੁਨੀਆ ਦੀ ਸਭ ਤੋਂ ਵੱਡੀ ਜਲ ਸੈਨਾ ਬਣ ਚੁੱਕੀ ਹੈ। ਵਰਤਮਾਨ ਵਿੱਚ ਚੀਨ ਕੋਲ 350 ਯੁੱਧਪੋਤ ਹਨ, ਜਦੋਂ ਕਿ ਅਮਰੀਕਾ ਕੋਲ ਲਗਭਗ 290 ਹਨ। CSIS ਦਾ ਅੰਦਾਜ਼ਾ ਹੈ ਕਿ 2030 ਤੱਕ ਚੀਨ ਦੇ ਕੋਲ 435 ਜਹਾਜ਼ਾਂ ਦਾ ਬੇੜਾ ਹੋਵੇਗਾ। ਇਸ ਦੇ ਨਾਲ ਹੀ, PLA ਏਅਰਫੋਰਸ ਅਤੇ ਨੇਵੀ ਦੋਵੇਂ ਆਪਣੇ ਕੰਬੈਟ ਏਅਰਕ੍ਰਾਫਟ ਬੇੜੇ 'ਚ ਮਹੱਤਵਪੂਰਨ ਵਾਧਾ ਕਰ ਚੁੱਕੇ ਹਨ। ਚੀਨ ਹੁਣ ਦੋ ਫਿਫਥ-ਜਨਰੇਸ਼ਨ ਫਾਈਟਰ ਜੈੱਟਸ J-20 ਅਤੇ J-35/J-35A ਦਾ ਸੰਚਾਲਨ ਕਰ ਰਿਹਾ ਹੈ ਅਤੇ ਅਮਰੀਕਾ ਵਾਂਗ ਹੀ ਸਿਕਸਥ-ਜਨਰੇਸ਼ਨ ਫਾਈਟਰ ਜੈੱਟਸ ਦੀ ਜਾਂਚ ਵੀ ਕਰ ਰਿਹਾ ਹੈ।
ਪ੍ਰਮਾਣੂ ਤੇ ਸਾਈਬਰ ਸ਼ਕਤੀ
ਰਿਪੋਰਟ 'ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਚੀਨ ਆਪਣੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਚੀਨ ਕੋਲ ਹੁਣ ਸੈਂਕੜੇ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ (ICBM) ਹਨ। ਉਸ ਨੇ ਹਾਈਪਰਸੋਨਿਕ ਹਥਿਆਰਾਂ ਅਤੇ ਸੈਟੇਲਾਈਟ ਕਿਲਰ ਸਿਸਟਮਾਂ ਵਿੱਚ ਵੀ ਭਾਰੀ ਨਿਵੇਸ਼ ਕੀਤਾ ਹੈ। ਰਿਪੋਰਟ ਅਨੁਸਾਰ, ਸਾਈਬਰ ਯੁੱਧ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਚੀਨ ਦੀ ਸਮਰੱਥਾ ਹੁਣ ਅਮਰੀਕਾ ਤੇ ਰੂਸ ਦੇ ਬਰਾਬਰ ਪਹੁੰਚ ਰਹੀ ਹੈ।
ਇੰਡੋ-ਪੈਸੀਫਿਕ 'ਤੇ ਅਸਰ
ਇੰਡੋ-ਪੈਸੀਫਿਕ ਖੇਤਰ 'ਚ ਚੀਨ ਹੁਣ ਅਮਰੀਕੀ ਸਹਿਯੋਗੀਆਂ ਜਿਵੇਂ ਕਿ ਜਾਪਾਨ (5 ਗੁਣਾ), ਦੱਖਣੀ ਕੋਰੀਆ (7 ਗੁਣਾ), ਤੇ ਤਾਈਵਾਨ ਨਾਲੋਂ ਕਈ ਦਰਜਨ ਗੁਣਾ ਵੱਧ ਖਰਚ ਕਰ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸ਼ੀ ਜਿਨਪਿੰਗ ਦਾ ਟੀਚਾ 2049 ਤੱਕ ਚੀਨ ਨੂੰ “ਵਿਸ਼ਵ ਦੀ ਸਿਖਰਲੀ ਫੌਜੀ ਸ਼ਕਤੀ” ਬਣਾਉਣਾ ਹੈ ਤਾਂ ਜੋ ਉਹ ਅਮਰੀਕੀ ਪ੍ਰਭੂਤਵ ਨੂੰ ਚੁਣੌਤੀ ਦੇ ਸਕੇ।
ਜਲਵਾਯੂ ਤਬਦੀਲੀਆਂ ਵਿਚਾਲੇ ਕਾਨਫਰੰਸ COP30 ਸ਼ੂਰੂ ! ਅਮਰੀਕਾ ਦੀ ਗ਼ੈਰ-ਹਾਜ਼ਰੀ ਨੇ ਚੁੱਕੇ ਸਵਾਲ
NEXT STORY