ਲੰਡਨ (ਏਜੰਸੀ)— ਬੀਤੇ ਮੰਗਲਵਾਰ ਨੂੰ ਸਕਾਟਲੈਂਡ ਦੇ ਈਡਨਬਰਗ ਸਥਿਤ ਗੁਰਦੁਆਰਾ ਸਾਹਿਬ 'ਤੇ ਪੈਟਰੋਲ ਬੰਬ ਨਾਲ ਹਮਲੇ ਮਾਮਲੇ ਦੇ ਇਕ ਦੋਸ਼ੀ ਨੂੰ ਪੁਲਸ ਵਲੋਂ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਈਡਨਬਰਗ ਵਿਚ ਗੁਰੂ ਨਾਨਕ ਗੁਰਦੁਆਰਾ ਸਾਹਿਬ 'ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਗੁਰਦੁਆਰਾ ਸਾਹਿਬ ਦਾ ਮੁੱਖ ਦੁਆਰ ਨੁਕਸਾਨਿਆ ਗਿਆ। ਸਕਾਟਲੈਂਡ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਘਟਨਾ ਨੂੰ ਲੈ ਕੇ 49 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ 'ਤੇ ਦੋਸ਼ ਲਾਇਆ ਗਿਆ ਹੈ। ਪੁਲਸ ਨੇ ਉਕਤ ਵਿਅਕਤੀ ਦਾ ਨਾਂ ਉਜਾਗਰ ਨਹੀਂ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ 30 ਅਗਸਤ ਵੀਰਵਾਰ ਨੂੰ ਈਡਨਬਰਗ ਸ਼ੈਰਿਫ ਕੋਰਟ 'ਚ ਪੇਸ਼ ਕੀਤਾ ਜਾਵੇਗਾ।

ਇਹ ਘਟਨਾ ਮੰਗਲਵਾਰ 28 ਅਗਸਤ ਨੂੰ ਤੜਕਸਾਰ 5.00 ਵਜੇ ਵਾਪਰੀ। ਇਸ ਘਟਨਾ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪੁੱਜਾ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਘਟਨਾ ਨੂੰ ਲੈ ਕੇ ਸੰਸਦ ਮੈਂਬਰਾਂ ਅਤੇ ਹੋਰ ਲੋਕਾਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਘਟਨਾ ਬਾਰੇ ਕਾਰਵਾਈ ਕੀਤੀ ਜਾਵੇ ਅਤੇ ਸਿੱਖਾਂ ਖਿਲਾਫ ਹੋ ਰਹੇ ਨਫਰਤ ਅਪਰਾਧਾਂ ਵਿਰੁੱਧ ਐਕਸ਼ਨ ਲਿਆ ਜਾਵੇ।
ਓਧਰ ਯੂ. ਕੇ. ਸਿੱਖ ਫੈੱਡਰੇਸ਼ਨ ਦੇ ਭਾਈ ਨਰਿੰਦਰਜੀਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਪਹਿਲੀ ਵਾਰ ਨਹੀਂ ਵਾਪਰੀਆਂ ਹਨ। ਇਸ ਤਰ੍ਹਾਂ ਦੇ ਹਮਲੇ ਨਫਰਤ ਅਪਰਾਧਾਂ ਨਾਲ ਜੁੜੇ ਹਨ ਅਤੇ ਸਿੱਖ ਇਨ੍ਹਾਂ ਹਮਲਿਆਂ 'ਚ ਸ਼ਾਮਲ ਨਹੀਂ ਹੁੰਦੇ। ਸਿੱਖ ਭਾਈਚਾਰੇ ਦੇ ਮੈਂਬਰ ਇਸ ਹਮਲੇ ਨੂੰ ਲੈ ਕੇ ਡੂੰਘਾ ਦੁੱਖ ਜ਼ਾਹਰ ਕਰਦੇ ਹਨ। ਸਕਾਟਲੈਂਡ ਦੇ ਨਿਆਂ ਸਕੱਤਰ ਹਮਜ਼ਾ ਯੂਸੁਫ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹਨ। ਇੱਥੇ ਦੱਸ ਦੇਈਏ ਕਿ ਜਿਸ ਥਾਂ 'ਤੇ ਇਹ ਗੁਰਦੁਆਰਾ ਸਾਹਿਬ ਸਥਾਪਤ ਹੈ, ਉੱਥੇ ਪਹਿਲਾਂ ਚਰਚ ਸੀ। ਇਹ ਗੁਰਦੁਆਰਾ ਸਾਹਿਬ ਸਕਾਟਲੈਂਡ ਦਾ ਇਕੋ-ਇਕ ਗੁਰਦੁਆਰਾ ਹੈ, ਜਿੱਥੇ ਸਿੱਖ ਭਾਈਚਾਰੇ ਦੇ 500 ਦੇ ਕਰੀਬ ਲੋਕ ਆਉਂਦੇ ਹਨ।
ਬਿਮਸਟੇਕ ਸੰਮੇਲਨ : ਪੀ.ਐੱਮ. ਮੋਦੀ ਨੇ ਨੇਪਾਲ ਦੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
NEXT STORY