ਮੈਰੀਲੈਂਡ, ( ਰਾਜ ਗੋਗਨਾ )—'ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ' ਦਾ ਅਦਾਰਾ ਖਾਲਸਾ ਪੰਜਾਬੀ ਸਕੂਲ ਨੂੰ ਤੀਜਾ ਸਾਲ ਚੜ੍ਹ ਗਿਆ ਹੈ। ਇਸ ਸਕੂਲ ਦੇ ਬੱਚੇ ਪੰਜਾਬੀ ਅਤੇ ਗੁਰਬਾਣੀ ਵਿੱਚ ਮੱਲਾਂ ਮਾਰ ਰਹੇ ਹਨ, ਉੱਥੇ ਹੀ ਇਨ੍ਹਾਂ ਦੀ ਯੋਗਤਾ ਨੂੰ ਉਭਾਰਨ ਲਈ ਅਧਿਆਪਕਾਂ ਲਈ ਵਜ਼ੀਫਾ ਸਕੀਮ ਡਾ. ਅਜੈਪਾਲ ਸਿੰਘ ਗਿੱਲ ਨੇ ਆਪਣੀ ਧਰਮ ਪਤਨੀ ਡਾ. ਰਾਜਵੰਤ ਕੌਰ ਗਿੱਲ ਦੇ ਨਾਮ 'ਤੇ ਸ਼ੁਰੂ ਕੀਤੀ ਹੈ। ਇਹ ਵਜ਼ੀਫਾ ਹਰੇਕ ਅਧਿਆਪਕ ਨੂੰ ਹਰ ਮਹੀਨੇ ਪ੍ਰਤੀ ਅਧਿਆਪਕ ਸੌ ਡਾਲਰ ਪੰਜਾਬੀ ਪੜ੍ਹਾਉਣ ਅਤੇ ਵਿਦਿਆਰਥੀਆਂ ਨੂੰ ਗੁਰਬਾਣੀ ਵਿੱਚ ਪ੍ਰਪੱਕ ਕਰਨ ਲਈ ਕੈਸ਼ ਦੇ ਰੂਪ ਵਿੱਚ ਦਿੱਤਾ ਜਾਵੇਗਾ। ਅਧਿਆਪਕਾਂ ਦੀ ਯੋਗਤਾ, ਕਾਰਜਾਂ ਅਤੇ ਉਨ੍ਹਾਂ ਦਾ ਵੇਲੇ ਸਿਰ ਸਕੂਲ ਦਾ ਰਿਕਾਰਡ ਰੱਖਿਆ ਜਾਵੇਗਾ। ਸੋ ਅਧਿਆਪਕ ਇਹ ਵਜ਼ੀਫਾ ਪ੍ਰਾਪਤ ਕਰਨ ਲਈ ਯੋਗਤਾ ਦਾ ਖਿਆਲ ਰੱਖਣ ਅਤੇ ਹਰੇਕ ਵਿਦਿਆਰਥੀ ਦਾ ਰਿਕਾਰਡ ਰੱਖਣ।
ਡਾ. ਸੁਰਿੰਦਰ ਸਿੰਘ ਗਿੱਲ ਪ੍ਰਿੰਸੀਪਲ ਖਾਲਸਾ ਪੰਜਾਬੀ ਸਕੂਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗਤਾਂ ਦਾ ਸਹਿਯੋਗ ਹੋਵੇ ਤਾਂ ਇਹ ਸਕੂਲ ਮੈਰੀਲੈਂਡ ਦਾ ਚਾਰਟਰਡ ਸਕੂਲ ਬਣ ਸਕਦਾ ਹੈ, ਜਿਸ ਤਰ੍ਹਾਂ ਕੈਲੀਫੋਰਨੀਆ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਬਾਣੇ ਦੇ ਨਾਲ-ਨਾਲ ਬਾਣੀ ਸਿਖਾਉਣ 'ਤੇ ਜ਼ੋਰ ਦਿੱਤਾ ਜਾਵੇਗਾ, ਜਿਸ ਲਈ ਖਾਲਸਾ ਪੰਜਾਬੀ ਸਕੂਲ ਵਚਨਬੱਧ ਹੈ। ਸੋ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਅਤੇ ਬਾਣੀ, ਵਿਰਸੇ ਅਤੇ ਆਪਣੀਆਂ ਪੰਜਾਬੀ ਜੜ੍ਹਾਂ 'ਮਾਂ ਬੋਲੀ' ਨਾਲ ਜੋੜੋ ਤਾਂ ਜੋ ਅਮਰੀਕਾ ਵਿੱਚ ਸਿੱਖੀ ਦਾ ਬੋਲਬਾਲਾ ਹੋ ਸਕੇ।
ਪਿਛਲੇ ਸਾਲ ਦੇ ਜੇਤੂਆਂ ਨੂੰ ਵੰਡਿਆ ਗਿਆ ਇਨਾਮ—
ਇਸ ਮੌਕੇ ਬੀਤੇ ਸਾਲ ਦੇ ਸਰਵੋਤਮ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ, ਜਿਨ੍ਹਾਂ ਵਿੱਚ ਜਸਕੀਰਤ ਕੌਰ ਸੀਨੀਅਰ ਗਰੁੱਪ ਦੀ ਵਿਦਿਆਰਥਣ ਨੂੰ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਲਈ 500 ਡਾਲਰ ਦਾ ਕੈਸ਼ ਇਨਾਮ ਦਿੱਤਾ ਗਿਆ। ਦੂਸਰੇ ਗਰੁੱਪ ਦੇ ਸਰਵੋਤਮ ਦੋ ਵਿਦਿਆਰਥੀ ਸਨ ਜਿਨ੍ਹਾਂ ਨੂੰ 300 ਡਾਲਰ ਦੇ ਵਜ਼ੀਫੇ ਨੂੰ ਦੋ ਵਿਦਿਆਰਥੀਆਂ ਨੂੰ ਦਿੱਤਾ ਗਿਆ। ਜੋ 150 ਡਾਲਰ ਪ੍ਰਤੀ ਵਿਦਿਆਰਥੀ ਅਭੈਪਾਲ ਸਿੰਘ ਅਤੇ ਮਨਰੀਤ ਕੌਰ ਨੇ ਹਾਸਲ ਕੀਤਾ, ਜਦਕਿ ਤੀਜੇ ਗਰੁੱਪ ਦੇ ਦੋ ਵਿਦਿਆਰਥੀਆਂ ਨੂੰ 100-100 ਡਾਲਰ ਦਿੱਤੇ ਗਏ ਜੋ ਅਕਸ਼ਦੀਪ ਕੌਰ ਅਤੇ ਗੁਰਕ੍ਰਿਪਾ ਕੌਰ ਨੇ ਹਾਸਲ ਕੀਤਾ। ਅਖੀਰਲੇ ਗਰੁੱਪ ਦਾ ਸੌ ਡਾਲਰ ਦਾ ਸਕਾਲਰਸ਼ਿਪ ਵੀ ਦੋ ਵਿਦਿਆਰਥੀਆਂ ਵਿੱਚ 50-50 ਡਾਲਰ ਗੁਰਨੂਰ ਸਿੰਘ ਤੇ ਹਰਸ਼ਦੀਪ ਸਿੰਘ ਨੇ ਪ੍ਰਾਪਤ ਕੀਤਾ।
ਜਿਨ੍ਹਾਂ ਅਧਿਆਪਕਾਂ ਨੂੰ 100 ਡਾਲਰ ਪ੍ਰਤੀ ਅਧਿਆਪਕ ਦਿੱਤਾ ਗਿਆ, ਉਨ੍ਹਾਂ ਵਿੱਚ ਪਰਮਜੀਤ ਕੌਰ, ਸੁਖਵਿੰਦਰ ਕੌਰ ਸੂਰੀ, ਰਾਜਿੰਦਰ ਕੌਰ, ਗੁਰਵੰਤ ਕੌਰ ਉਬਰਾਏ, ਕੰਵਲਪ੍ਰੀਤ ਕੌਰ ਅਤੇ ਪੂਨਮਜੀਤ ਕੌਰ ਸਨ। ਜੋ ਇਸ ਸਕੂਲ ਨੂੰ ਚਲਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਡਾ. ਅਜੈਪਾਲ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੇ ਜਾਣ ਦਾ ਉਨ੍ਹਾਂ ਨੂੰ ਬਹੁਤ ਦੁੱਖ ਲੱਗਾ ਪਰ ਗੁਰੂਘਰ ਅਜਿਹੀ ਥਾਂ ਹੈ ਜਿੱਥੋਂ ਉਨ੍ਹਾਂ ਨੂੰ ਸ਼ਾਂਤੀ ਮਿਲਦੀ ਹੈ। ਡਾ. ਰਾਜਵੰਤ ਕੌਰ ਗਿੱਲ ਜਿਸਨੇ ਸਕੂਲ ਸ਼ੁਰੂ ਕੀਤਾ ਸੀ ਉਨ੍ਹਾਂ ਦਾ ਸੁਪਨਾ ਸੀ ਕਿ ਇਹ ਸਕੂਲ ਬੁਲੰਦੀਆਂ 'ਤੇ ਜਾਵੇ। ਸੋ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇਣ ਲਈ ਇਹ ਸਕਾਲਰਸ਼ਿਪ ਸ਼ੁਰੂ ਕੀਤੀ ਗਈ ਹੈ। ਡਾ. ਅਜੈਪਾਲ ਗਿੱਲ ਨੇ ਪੂਰੇ ਸਾਲ ਦੀ ਰਾਸ਼ੀ ਦਾ ਚੈੱਕ 7200 ਡਾਲਰ ਪ੍ਰਬੰਧਕਾਂ ਨੂੰ ਸੌਂਪਿਆ ਜੋ ਦਲਵੀਰ ਸਿੰਘ ਚੇਅਰਮੈਨ, ਉੱਪ ਪ੍ਰਧਾਨ ਬਲਦੇਵ ਸਿੰਘ ਅਤੇ ਗੁਰਚਰਨ ਸਿੰਘ ਸਕੱਤਰ ਨੇ ਪ੍ਰਾਪਤ ਕੀਤਾ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਵਜ਼ੀਫੇ ਇਨ੍ਹਾਂ ਤਿੰਨ ਸਖਸ਼ੀਅਤ ਅਤੇ ਡਾ. ਅਜੈਪਾਲ ਗਿੱਲ ਵਲੋਂ ਦਿੱਤੇ ਗਏ। ਸਕੱਤਰ ਗੁਰਚਰਨ ਸਿੰਘ ਨੇ ਕਿਹਾ ਕਿ ਸੰਗਤਾਂ ਵੱਧ ਤੋਂ ਵੱਧ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਤਾਂ ਜੋ ਇਹ ਸਕੂਲ ਮੈਰੀਲਂਡ ਦਾ ਸਿਖਰਲਾ ਪੰਜਾਬੀ ਸਕੂਲ ਬਣ ਸਕੇ।
ਹਵਾਈ : ਜਵਾਲਾਮੁਖੀ ਦਾ ਲਾਵਾ ਸਮੁੰਦਰ 'ਚ ਹੋਇਆ ਦਾਖਲ, ਬਣੇ ਜ਼ਹਿਰੀਲੇ ਬੱਦਲ
NEXT STORY