ਮੈਲਬੌਰਨ, (ਏਜੰਸੀ)— ਕੁਦਰਤ ਦੇ ਵੱਖ-ਵੱਖ ਨਜ਼ਾਰਿਆਂ ਦਾ ਆਨੰਦ ਮਾਨਣ ਵਾਲੇ ਲੋਕ ਕੋਈ ਵੀ ਖਾਸ ਨਜ਼ਾਰਾ ਦੇਖਣ ਤੋਂ ਵਾਂਝੇ ਨਹੀਂ ਰਹਿਣਾ ਚਾਹੁੰਦੇ। ਇਨ੍ਹੀਂ ਦਿਨੀਂ ਆਸਟ੍ਰੇਲੀਆ ਦੇ ਮੈਲਬੌਰਨ ਪਾਰਕ 'ਚ ਸੈਲਾਨੀਆਂ ਦਾ ਹੜ੍ਹ ਆਇਆ ਹੋਇਆ ਹੈ ਕਿਉਂਕਿ ਇੱਥੋਂ ਦੀ ਝੀਲ ਆਪਣੇ-ਆਪ ਗੁਲਾਬੀ ਰੰਗ ਦੀ ਹੋ ਗਈ ਹੈ। ਗੁਲਾਬ ਦੇ ਫੁੱਲਾਂ ਵਰਗਾ ਰੰਗ ਬਿਖੇਰਦੀ ਇਹ ਝੀਲ ਸੈਲਾਨੀਆਂ ਲਈ ਖਿੱਚ ਦਾ ਕਾਰਨ ਬਣ ਗਈ ਹੈ।

ਸਮੁੰਦਰ ਹੋਵੇ ਜਾਂ ਵਿਸ਼ਾਲ ਨਦੀ ਜਾਂ ਫਿਰ ਝਰਨਾ, ਵਾਟਰ ਬਾਡੀਜ਼ ਹਮੇਸ਼ਾ ਹੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਹਿੰਦੀਆਂ ਹਨ। ਜਾਣਕਾਰੀ ਮੁਤਾਬਕ ਤੇਜ਼ ਤਾਪਮਾਨ ਅਤੇ ਝੀਲ 'ਚ ਲੂਣ ਦੀ ਮਾਤਰਾ ਵੱਧ ਜਾਣ ਕਾਰਨ ਪਾਣੀ ਦਾ ਰੰਗ ਬਦਲ ਜਾਂਦਾ ਹੈ। ਹਾਲਾਂਕਿ ਕੁਝ ਲੋਕਾਂ ਮੁਤਾਬਕ ਝੀਲ 'ਚ ਪਾਈ ਜਾਣ ਵਾਲੀ ਐਲਗੀ ਲਾਲ ਰੰਗ ਛੱਡਦੀ ਹੈ, ਜਿਸ ਕਾਰਨ ਇਸ ਦਾ ਰੰਗ ਬਦਲਦਾ ਹੈ। ਇਸ ਦਾ ਕਾਰਨ ਕੁੱਝ ਵੀ ਹੋਵੇ ਪਰ ਇਹ ਲੋਕਾਂ ਲਈ ਖਿੱਚ ਦਾ ਕਾਰਨ ਬਣਿਆ ਹੋਇਆ ਹੈ।

ਮੈਲਬੌਰਨ 'ਚ 26 ਮਾਰਚ, 2019 ਨੂੰ ਜਿਵੇਂ ਹੀ ਵੈਸਟਗੇਟ ਪਾਰਕ ਦੀ ਝੀਲ ਦਾ ਰੰਗ ਗੁਲਾਬੀ ਹੋਣ ਦੀ ਖਬਰ ਫੈਲੀ, ਸੈਲਾਨੀਆਂ ਦਾ ਹੜ੍ਹ ਆ ਗਿਆ। ਲੋਕ ਗੁਲਾਬੀ ਝੀਲ ਕੋਲ ਆਪਣੀਆਂ ਤਸਵੀਰਾਂ ਖਿੱਚ ਕੇ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ 'ਤੇ ਪਾ ਰਹੇ ਹਨ। ਅਧਿਕਾਰੀਆਂ ਵਲੋਂ ਲੋਕਾਂ ਨੂੰ ਝੀਲ 'ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਚਮੜੀ ਰੋਗ ਵਰਗੀ ਸਮੱਸਿਆ ਹੋ ਸਕਦੀ ਹੈ। ਫਿਲਹਾਲ ਲੋਕ ਝੀਲ ਕੋਲ ਤਸਵੀਰਾਂ ਖਿੱਚ ਕੇ ਆਪਣੀ ਖੁਸ਼ੀ ਪ੍ਰਗਟ ਕਰ ਰਹੇ ਹਨ।

ਇਸ ਨੂੰ ਕੁਦਰਤ ਦਾ ਕਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਨੀਲਾ ਪਾਣੀ ਆਪਣੇ-ਆਪ ਗੁਲਾਬੀ ਹੋ ਜਾਂਦਾ ਹੈ ਅਤੇ ਫਿਰ ਹੌਲੀ-ਹੌਲੀ ਮੌਸਮ ਦੇ ਬਦਲਣ ਨਾਲ ਇਹ ਨੀਲਾ ਹੋ ਜਾਂਦਾ ਹੈ।
ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਤੋਂ ਬੌਖਲਾਇਆ ਚੀਨ
NEXT STORY