ਲਾਹੌਰ : ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਵਕੀਲਾਂ ਸਮੇਤ 30 ਤੋਂ ਵੱਧ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਆਪਣੇ ਨੇਤਾ ਦੀ ਰਿਹਾਈ ਦੀ ਮੰਗ ਕਰਦੇ ਹੋਏ ਸ਼ਨੀਵਾਰ ਦੇਰ ਰਾਤ ਇਤਿਹਾਸਕ ਮੀਨਾਰ-ਏ-ਪਾਕਿਸਤਾਨ ਕੰਪਲੈਕਸ 'ਚ ਦਾਖਲ ਹੋਏ ਸਨ। ਲਾਹੌਰ ਪੁਲਸ ਨੇ ਕਿਹਾ ਕਿ ਉਸ ਨੇ ਖਾਨ ਸਮੇਤ 200 ਤੋਂ ਵੱਧ ਪੀਟੀਆਈ ਨੇਤਾਵਾਂ ਅਤੇ ਵਰਕਰਾਂ ਖਿਲਾਫ ਅੱਤਵਾਦ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪੀਟੀਆਈ ਦੇ ਵਿਰੋਧ ਨੂੰ ਨਾਕਾਮ ਕਰਨ ਲਈ ਸ਼ਨੀਵਾਰ ਨੂੰ ਲਾਹੌਰ ਦੇ ਵੱਖ-ਵੱਖ ਹਿੱਸਿਆਂ 'ਚ ਸੈਂਕੜੇ ਕੰਟੇਨਰ ਰੱਖੇ ਗਏ ਸਨ, ਜਿਨ੍ਹਾਂ ਵਿੱਚ ਸਾਰੇ ਪ੍ਰਵੇਸ਼ ਅਤੇ ਨਿਕਾਸ ਪੁਆਇੰਟ ਸ਼ਾਮਲ ਸਨ। ਪੁਲਸ ਨੇ ਸੱਤਾਧਾਰੀ ਸ਼ਾਹਬਾਜ਼ ਸ਼ਰੀਫ਼ ਦੀ ਲਾਹੌਰ ਸਥਿਤ ਰਿਹਾਇਸ਼ ਵੱਲ ਜਾਣ ਵਾਲੇ ਸਾਰੇ ਰਸਤੇ ਵੀ ਬੰਦ ਕਰ ਦਿੱਤੇ ਸਨ। ਸਰਕਾਰ ਨੇ ਲਾਹੌਰ ਵਿੱਚ ਰੇਂਜਰ ਵੀ ਤਾਇਨਾਤ ਕਰ ਦਿੱਤੇ ਹਨ। 'ਮੀਨਾਰ-ਏ-ਪਾਕਿਸਤਾਨ' ਸਥਾਨ ਦੇ ਆਲੇ-ਦੁਆਲੇ ਕਰਫਿਊ ਵਰਗੀ ਸਥਿਤੀ ਦੇਖੀ ਗਈ, ਜਿੱਥੇ ਆਮ ਲੋਕਾਂ ਦਾ ਦਾਖਲਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ, ਪੀਟੀਆਈ ਦੇ ਕਈ ਵਰਕਰ ਅਤੇ ਵਕੀਲ ਸ਼ਨੀਵਾਰ ਦੇਰ ਰਾਤ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚਣ ਵਿਚ ਕਾਮਯਾਬ ਰਹੇ ਅਤੇ ਆਪਣੇ ਜੇਲ੍ਹ ਵਿਚ ਬੰਦ ਨੇਤਾ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੰਜਾਬ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਪੁਲਸ ਨੇ 30 ਤੋਂ ਵੱਧ ਪੀਟੀਆਈ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਮਰਾਨ ਖਾਨ ਸਮੇਤ 200 ਤੋਂ ਵੱਧ ਪੀਟੀਆਈ ਵਰਕਰਾਂ ਅਤੇ ਨੇਤਾਵਾਂ ਵਿਰੁੱਧ ਅੱਤਵਾਦ ਅਤੇ ਹੋਰ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਹਨ।
ਪੰਜਾਬ ਦੇ ਸਾਬਕਾ ਮੰਤਰੀ ਮੁਸਰਤ ਚੀਮਾ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਹਿਮਦ ਬੱਚਰ ਵੀ ਮੀਨਾਰ-ਏ-ਪਾਕਿਸਤਾਨ ਪਹੁੰਚੇ। ਨਜ਼ਰਬੰਦ ਕੀਤੇ ਗਏ ਦੋ ਨੇਤਾਵਾਂ ਨੇ ਕਿਹਾ ਕਿ ਪੀਟੀਆਈ ਵਰਕਰ ਖਾਨ ਦਾ ਜਨਮਦਿਨ ਮਨਾਉਣ ਅਤੇ ਇਤਿਹਾਸਕ ਸਥਾਨ 'ਤੇ "ਹਕੀਕੀ ਅਜ਼ਾਦੀ" (ਅਸਲ ਆਜ਼ਾਦੀ) ਮਤਾ ਪਾਸ ਕਰਨ ਲਈ ਇਕੱਠੇ ਹੋਏ ਸਨ, ਜਿੱਥੇ 1940 ਵਿੱਚ ਪਾਕਿਸਤਾਨ ਦਾ ਮਤਾ ਪਾਸ ਕੀਤਾ ਗਿਆ ਸੀ। ਖਾਨ ਨੇ "ਕਰੋ ਜਾਂ ਮਰੋ" ਦਾ ਹੁਕਮ ਜਾਰੀ ਕੀਤਾ ਸੀ, ਜਿਸ ਵਿੱਚ ਪੀਟੀਆਈ ਸਮਰਥਕਾਂ ਨੂੰ ਉਨ੍ਹਾਂ ਦੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਪੀਟੀਆਈ ਦੇ ਸੀਨੀਅਰ ਨੇਤਾ ਸਲਮਾਨ ਅਕਰਮ ਰਾਜਾ ਨੇ 'ਐਕਸ' 'ਤੇ ਪੋਸਟ ਕੀਤਾ, "ਇਹ ਵਿਰੋਧ ਪੂਰੇ ਪਾਕਿਸਤਾਨ ਵਿੱਚ ਫੈਲ ਜਾਵੇਗਾ ਅਤੇ ਹਰ ਨਾਗਰਿਕ ਇਸਦਾ ਹਿੱਸਾ ਬਣੇਗਾ।"
ਵਿਦੇਸ਼ ਗਏ ਪੁੱਤ ਨਾਲ ਗੱਲ ਕਰਨ ਨੂੰ ਵੀ ਤਰਸਿਆ ਪਰਿਵਾਰ, ਫੋਨ 'ਤੇ ਆਈ ਵੀਡੀਓ ਨੇ ਟੱਬਰ ਦੇ ਉਡਾ 'ਤੇ ਹੋਸ਼
NEXT STORY