ਢਾਕਾ (ਭਾਸ਼ਾ)— ਮਿਆਂਮਾਰ ਫੌਜ ਦੀ ਹਿੰਸਕ ਕਾਰਵਾਈ ਕਾਰਨ ਦੇਸ਼ ਤੋਂ ਭੱਜਣ ਦੇ 2 ਸਾਲ ਪੂਰੇ ਹੋਣ 'ਤੇ ਬੰਗਲਾਦੇਸ਼ ਵਿਚ ਕਰੀਬ 2 ਲੱਖ ਸ਼ਰਨਾਰਥੀਆਂ ਨੇ ਉਨ੍ਹਾਂ ਨੂੰ ਵਾਪਸ ਭੇਜਣ ਦੀ ਦੂਜੀ ਕੋਸ਼ਿਸ਼ ਅਸਫਲ ਹੋਣ ਦੇ ਕੁਝ ਦਿਨ ਬਾਅਦ ਰੈਲੀ ਕੱਢੀ। ਉਨ੍ਹਾਂ ਨੇ 'ਈਸ਼ਵਰ ਮਹਾਨ ਹੈ, ਰੋਹਿੰਗਿਆ ਜ਼ਿੰਦਾਬਾਦ' ਨਾਅਰਾ ਲਗਾਇਆ ਅਤੇ ਇਸ ਦਿਨ ਨੂੰ 'ਕਤਲੇਆਮ ਦਿਵਸ' ਕਰਾਰ ਦਿੱਤਾ। ਕਰੀਬ 7,40,000 ਰੋਹਿੰਗਿਆ ਹਿੰਸਕ ਕਾਰਵਾਈ ਕਾਰਨ ਅਗਸਤ 2017 ਵਿਚ ਮਿਆਂਮਾਰ ਦੇ ਰਖਾਇਨ ਸੂਬੇ ਤੋਂ ਭੱਜ ਕੇ ਬੰਗਲਾਦੇਸ਼ ਪਹੁੰਚੇ ਸਨ। ਇਸ ਤੋਂ ਪਹਿਲਾਂ ਕਰੀਬ 2 ਲੱਖ ਰੋਹਿੰਗਿਆਂ ਨੇ ਮਿਲਟਰੀ ਹਮਲੇ ਤੋਂ ਬਚਣ ਲਈ ਮਿਆਂਮਾਰ ਛੱਡ ਕੇ ਬੰਗਲਾਦੇਸ਼ ਵਿਚ ਸ਼ਰਨ ਲਈ ਸੀ। ਬੱਚਿਆਂ, ਬੁਰਕਾ ਪਹਿਨੇ ਔਰਤਾਂ ਅਤੇ ਧੋਤੀ ਪਹਿਨੇ ਪੁਰਸ਼ਾਂ ਨੇ ਵਿਸ਼ਵ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ਵੱਲ ਮਾਰਚ ਕੀਤਾ ਸੀ।

ਤੇਜ਼ ਧੁੱਪ ਵਿਚ ਹਜ਼ਾਰਾਂ ਲੋਕ ਰੈਲੀ ਵਿਚ ਪਹੁੰਚੇ ਅਤੇ ਉਨ੍ਹਾਂ ਨੇ 'ਦੁਨੀਆ ਨਹੀਂ ਸੁਣਦੀ ਹੈ ਰੋਹਿੰਗਿਆਂ ਦੇ ਦੁੱਖ-ਦਰਦ' ਗੀਤ ਗਾਇਆ। 50 ਸਾਲਾ ਤੈਯਬਾ ਖਾਤੂਨ ਨੇ ਰੋਂਦੇ ਹੋਏ ਕਿਹਾ,''ਮੈਂ ਆਪਣੇ ਦੋ ਬੇਟਿਆਂ ਦੀ ਹੱਤਿਆ ਦਾ ਇਨਸਾਫ ਮੰਗਣ ਆਈ ਹਾਂ। ਮੈਂ ਆਪਣੇ ਆਖਰੀ ਸਾਹ ਤੱਕ ਇਨਸਾਫ ਮੰਗਦੀ ਰਹਾਂਗੀ।'' ਮਿਆਂਮਾਰ ਨੇ ਕਿਹਾ ਸੀ ਕਿ ਉਸ ਦੀਆਂ ਸੁਰੱਖਿਆ ਚੌਂਕੀਆਂ 'ਤੇ ਹਮਲਾ ਹੋਣ ਦੇ ਬਾਅਦ ਉਹ ਰੋਹਿੰਗਿਆਂ ਕੱਟੜਪੰਥੀਆਂ ਵਿਰੁੱਧ ਅੱਤਵਾਦ ਵਿਰੋਧੀ ਮੁਹਿੰਮ ਚਲਾ ਰਿਹਾ ਹੈ। ਭਾਵੇਂਕਿ ਪਿਛਲੇ ਸਾਲ ਸੰਯੁਕਤ ਰਾਸ਼ਟਰ ਨੇ ਇਸ ਸੰਕਟ ਲਈ ਮਿਆਂਮਾਰ ਦੇ ਸੀਨੀਅਰ ਜਨਰਲਾਂ 'ਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ।

ਰੋਹਿੰਗਿਆ ਨੇਤਾ ਮੋਹਿਬ ਉੱਲਾ ਨੇ ਕਿਹਾ ਕਿ ਰੋਹਿੰਗਿਆ ਘੱਟ ਗਿਣਤੀ ਭਾਈਚਾਰਾ ਆਪਣੇ ਘਰ ਪਰਤਣਾ ਚਾਹੁੰਦਾ ਹੈ। ਸ਼ਰਤ ਸਿਰਫ ਇੰਨੀ ਹੈ ਕਿ ਉਨ੍ਵਾਂ ਨੂੰ ਨਾਗਰਿਕਤਾ ਮਿਲੇ, ਉਨ੍ਹਾਂ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਆਪਣੇ ਪਿੰਡਾਂ ਵਿਚ ਰਹਿਣ ਦੀ ਇਜਾਜ਼ਤ ਮਿਲੇ। ਉਨ੍ਹਾਂ ਨੇ ਰੈਲੀ ਵਿਚ ਕਿਹਾ,''ਅਸੀਂ ਬਰਮਾ ਸਰਕਾਰ ਨਾਲ ਗੱਲਬਾਤ ਦੀ ਮੰਗ ਕੀਤੀ ਹੈ ਪਰ ਸਾਨੂੰ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।'' ਪੁਲਸ ਅਧਿਕਾਰੀ ਡਜ਼ਾਕਿਰ ਹੁਸੈਨ ਨੇ ਕਿਹਾ,''ਰਖਾਇਨ ਸੂਬੇ ਵਿਚ ਸਾਡੀ ਕੁੱਟਮਾਰ ਕੀਤੀ ਗਈ, ਸਾਡੇ ਲੋਕਾਂ ਨੂੰ ਮਾਰ ਦਿੱਤਾ ਗਿਆ, ਸਾਡੇ ਲੋਕਾਂ ਨਾਲ ਬਲਾਤਕਾਰ ਕੀਤਾ ਗਿਆ ਪਰ ਹੁਣ ਵੀ ਇਹ ਸਾਡਾ ਘਰ ਹੈ ਅਤੇ ਅਸੀਂ ਘਰ ਵਾਪਸ ਪਰਤਣਾ ਚਾਹੁੰਦੇ ਹਾਂ।'' ਇਸ ਸ਼ਾਂਤੀਪੂਰਣ ਪ੍ਰਦਰਸ਼ਨ ਵਿਚ ਕਰੀਬ 2 ਲੱਖ ਰੋਹਿੰਗਿਆ ਸ਼ਾਮਲ ਹੋਏ। ਕੁਟੁਪਲਾਂਗ ਕੈਂਪ ਨੇੜੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਇਹ ਵਿਸ਼ਵ ਦਾ ਸਭ ਤੋਂ ਵੱਡਾ ਸ਼ਰਨਾਰਥੀ ਕੈਂਪ ਹੈ ਜਿੱਥੇ 6 ਲੱਖ ਤੋਂ ਵੱਧ ਰੋਹਿੰਗਿਆ ਰਹਿੰਦੇ ਹਨ।
'ਭਾਰਤ ਨਾਲ ਤਣਾਅ ਦੇ ਬਾਵਜੂਦ ਕਰਤਾਰਪੁਰ ਕੋਰੀਡੋਰ ਨੂੰ ਪੂਰਾ ਕਰਨ ਲਈ ਵਚਨਬੱਧ'
NEXT STORY