ਕਾਠਮੰਡੂ - ਨੇਪਾਲ ਦੇ ਗੜ੍ਹੀਮਾਈ ਮੰਦਰ 'ਚ 5 ਸਾਲ 'ਚ ਇਕ ਵਾਰ ਲੱਗਣ ਵਾਲੇ ਮੇਲੇ ਅਤੇ ਪਸ਼ੂਆਂ ਦੀ ਬਲੀ ਦੇਣ ਨਾਲ ਸਬੰਧਿਤ ਰਸਮ ਲਈ ਦੁਨੀਆ ਭਰ 'ਚ ਚਰਚਿਤ ਹੈ। ਇਸ ਉਤਸਵ 'ਚ 2 ਦਿਨਾਂ ਤੱਕ ਮੰਦਰ ਦੀ ਇਮਾਰਤ 'ਚ ਬਣੇ ਬੂਚੜਖਾਨੇ 'ਚ ਮੱਝਾਂ ਸਮੇਤ 30 ਹਜ਼ਾਰ ਤੋਂ ਜ਼ਿਆਦਾ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ। ਜਾਨਵਰਾਂ ਦੀ ਬਲੀ ਖਿਲਾਫ ਪਸ਼ੂ ਅਧਿਕਾਰ ਦੇ ਵਰਕਰ ਆਵਾਜ਼ ਚੁੱਕਦੇ ਰਹੇ ਹਨ। ਇਸ ਦੇ ਨਾਲ ਹੀ ਉਥੋਂ ਦੀ ਸੁਪਰੀਮ ਕੋਰਟ ਨੇ ਵੀ ਇਸ ਸਬੰਧ 'ਚ ਨਿਰਦੇਸ਼ ਜਾਰੀ ਕੀਤੇ ਹਨ, ਪਰ ਆਸਥਾ ਦੇ ਅੱਗੇ ਇਨ੍ਹਾਂ ਸਾਰਿਆਂ ਦੀ ਅਣਦੇਖੀ ਕੀਤੀ ਜਾਂਦੀ ਹੈ।

ਕਾਠਮੰਡੂ ਤੋਂ 100 ਕਿਲੋਮੀਟਰ ਦੂਰ ਬੈਰੀਆਪੁਰ 'ਚ ਸਥਿਤ ਗੜ੍ਹੀਮਾਈ ਮੰਦਰ 'ਚ ਹਰ 5 ਸਾਲ ਤੋਂ ਬਾਅਦ ਪਸ਼ੂਆਂ ਦੀ ਸਮੂਹਿਕ ਬਲੀ ਦਿੱਤੀ ਜਾਂਦੀ ਹੈ। 2009 ਤੋਂ ਬਾਅਦ ਹਾਲਾਂਕਿ ਮੰਦਰ ਦੇ ਸੰਚਾਲਕਾਂ 'ਤੇ ਪਸ਼ੂਆਂ ਦੀ ਬਲੀ ਦੇਣ 'ਤੇ ਪਾਬੰਦੀ ਲਗਾਉਣ ਦਾ ਦਬਾਅ ਵਧਿਆ ਹੈ। ਇਹ ਉਤਸਵ ਸ਼ਕਤੀ ਦੀ ਦੇਵੀ ਗੜ੍ਹੀਮਾਈ ਦੇ ਸਨਮਾਨ 'ਚ ਆਯੋਜਿਤ ਹੁੰਦਾ ਹੈ। ਇਸ 'ਚ ਨੇਪਾਲ ਦੇ ਨਾਲ ਹੀ ਭਾਰਤ ਤੋਂ ਲੱਖਾਂ ਲੋਕ ਹਿੱਸਾ ਲੈਂਦੇ ਹਨ। ਇਹ ਉਤਸਵ ਇਸ ਮੰਗਲਵਾਰ ਅਤੇ ਬੁੱਧਵਾਰ ਨੂੰ ਮਨਾਇਆ ਗਿਆ। ਹਜ਼ਾਰਾਂ ਲੋਕ ਪਹਿਲਾਂ ਹੀ ਮੰਦਰ ਦੀ ਇਮਾਰਤ 'ਚ ਆਪਣੇ ਪਸ਼ੂਆਂ ਦੇ ਨਾਲ ਬਲੀ ਦੇਣ ਪਹੁੰਚ ਜਾਂਦੇ ਹਨ। ਅਗਸਤ 2016 'ਚ ਨੇਪਾਲ ਦੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਗੜ੍ਹੀਮਾਈ ਮੰਦਰ ਮੇਲੇ 'ਚ ਪਸ਼ੂਆਂ ਦੀ ਬਲੀ ਰੋਕਣ ਦਾ ਨਿਰਦੇਸ਼ ਦਿੱਤਾ ਸੀ। ਇਸ ਦੇ ਜਵਾਬ 'ਚ ਗੜ੍ਹੀਮਾਈ ਉਤਸਵ ਦੀ ਮੁੱਖ ਕਮੇਟੀ ਨੇ ਆਖਿਆ ਹੈ ਕਿ ਉਹ ਅਦਾਲਤ ਦੇ ਆਦੇਸ਼ ਦਾ ਪਾਲਨ ਕਰੇਗੀ ਅਤੇ ਉਨ੍ਹਾਂ ਨੇ ਇਸ ਸਾਲ ਕਬੂਤਰਾਂ ਨੂੰ ਨਾ ਮਾਰਨ ਦਾ ਫੈਸਲਾ ਕੀਤਾ ਹੈ।

ਮੰਗਲਵਾਰ ਅਤੇ ਬੁੱਧਵਾਰ ਨੂੰ ਹੋਣ ਵਾਲੇ ਸਮੂਹਿਕ ਬਲੀ 'ਚ ਪਹਿਲਾਂ ਚੂਹਿਆਂ, ਕਬੂਤਰਾਂ, ਮੁਰਗੀਆਂ, ਸੂਰਾਂ ਅਤੇ ਮੱਝਾਂ ਦੀ ਬਲੀ ਦਿੱਤੀ ਜਾਵੇਗੀ। ਪਿਛਲੇ ਉਤਸਵ 'ਚ ਮੰਦਰ ਦੇ ਮੇਲੇ 'ਚ ਹਜ਼ਾਰਾਂ ਹੋਰ ਜਾਨਵਰਾਂ ਦੇ ਨਾਲ ਲਗਭਗ 10,000 ਮੱਝਾਂ ਦੀ ਬਲੀ ਦਿੱਤੀ ਗਈ ਸੀ। ਇਸ ਤਰ੍ਹਾਂ ਨਾਲ ਇਹ ਥਾਂ ਜਾਨਵਰਾਂ ਦੀ ਬਲੀ ਦੇਣ ਲਈ ਦੁਨੀਆ ਦੀ ਸਭ ਤੋਂ ਵੱਡੀ ਥਾਂ ਬਣ ਜਾਂਦੀ ਹੈ। ਹਿਮਾਲਿਅਨ ਪੋਸਟ ਦੀ ਰਿਪੋਰਟ ਮੁਤਾਬਕ, ਇਥੇ ਪੱਤਰਕਾਰਾਂ ਅਤੇ ਜਨਤਾ ਨੂੰ ਪ੍ਰਵੇਸ਼ ਕਰਨ ਜਾਂ ਫੋਟੋ ਲੈਣ ਦੀ ਇਜਾਜ਼ਤ ਨਹੀਂ ਹੈ। ਮੰਦਰ ਦੇ ਮੁਖ ਪੁਜਾਰੀ ਮੰਗਸ ਚੌਧਰੀ ਨੇ ਆਖਿਆ ਕਿ ਮੱਝਾਂ ਦੀ ਬਲੀ ਦੇਣ ਦਾ ਸ਼ੁਭ ਦਿਨ ਮੰਗਲਵਾਰ ਹੈ, ਜਦਕਿ ਬੁੱਧਵਾਰ ਨੂੰ ਹੋਰ ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਹੈ। ਪਸ਼ੂ ਅਧਿਕਾਰ ਸੰਗਠਨ ਐਨੀਮਲ ਵੈਲਫੇਅਰ ਫਾਊਂਡੇਸ਼ਨ ਨੇ ਪਸ਼ੂ ਬਲੀ ਖਿਲਾਫ ਅਭਿਆਨ ਸ਼ੁਰੂ ਕੀਤਾ ਹੈ।
ਇਮਰਾਨ ਖਾਨ ਨੇ ਮੁੱਖ ਚੋਣ ਕਮਿਸ਼ਨਰ ਅਹੁਦੇ ਲਈ ਤਿੰਨ ਨਾਵਾਂ ਦੀ ਕੀਤੀ ਸਿਫਾਰਿਸ਼
NEXT STORY