ਕਾਠਮੰਡੂ (ਭਾਸ਼ਾ) : ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਦੇਸ਼ ਦੇ 7ਵੇਂ ਸੰਵਿਧਾਨ ਦਿਵਸ ਮੌਕੇ ਸੰਵਿਧਾਨ ਦੀ ਰੱਖਿਆ ਕਰਨ ਅਤੇ ਉਸ ਨੂੰ ਲਾਗੂ ਦੀ ਜ਼ਰੂਰਤ ’ਤੇ ਐਤਵਾਰ ਨੂੰ ਜ਼ੋਰ ਦਿੱਤਾ। ਨੇਪਾਲ ਨੇ 19 ਸਤੰਬਰ ਨੂੰ ਸੰਵਿਧਾਨ ਲਾਗੂ ਕਰਨ ਦਾ ਐਲਾਨ ਕੀਤੇ ਜਾਣ ਦਾ ਜਸ਼ਨ ਮਨਾਇਆ। ਆਪਣੇ ਸੰਬੋਧਨ ਵਿਚ ਦੇਉਬਾ ਨੇ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਵੱਲੋਂ 6 ਸਾਲ ਪਹਿਲਾਂ ਸੰਵਿਧਾਨ ਲਾਗੂ ਕਰਨ ਦੇ ਐਲਾਨ ਕੀਤੇ ਜਾਣ ’ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਦੇਉਬਾ ਨੇ ਆਪਣੇ ਭਾਸ਼ਣ ਵਿਚ ਸੰਵਿਧਾਨ ਦੀ ਰੱਖਿਆ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘ਨੇਪਾਲ ਦਾ ਸੰਵਿਧਾਨ ਅਮਰ ਸ਼ਹੀਦਾਂ ਦੇ ਸੁਫ਼ਨੇ ਅਤੇ ਨੇਪਾਲੀ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਦਾ ਹੈ। ਸਾਡਾ ਟੀਚਾ ਸੰਵਿਧਾਨ ਨੂੰ ਸਫ਼ਲਤਾਪੂਰਵਕ ਲਾਗੂ ਕਰਕੇ ਲੋਕਾਂ ਦੀ ਖੁਸ਼ੀ ਦੇ ਨਾਲ ਦੇਸ਼ ਵਿਚ ਖ਼ੁਸ਼ਹਾਲੀ ਲਿਆਉਣਾ ਹੈ।’
ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦਰਮਿਆਨ ਸਰਕਾਰ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਲਿਆ ਕੇ ਲੋਕਾਂ ਨੂੰ ਜਾਨਲੇਵਾ ਲਾਗ ਤੋਂ ਬਚਾਉਣ ਲਈ ਕੰਮ ਕਰ ਰਹੀ ਹੈ। ਇਸ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਨੇਪਾਲ ਨਾਲ 75 ਸਾਲਾਂ ਦੇ ਦੋਸਤਾਨਾ ਸਬੰਧਾਂ ਨੂੰ ਲੋਕਾਂ ਦੀ ਆਪਸੀ ਸਦਭਾਵਨਾ ਨੇ ਮਜ਼ਬੂਤ ਕੀਤਾ ਹੈ। ਨੇਪਾਲ ਦੇ ਸੰਵਿਧਾਨ ਦਿਵਸ ਦੇ ਮੌਕੇ ’ਤੇ ਇਕ ਬਿਆਨ ਵਿਚ ਉਨ੍ਹਾਂ ਨੇ ਨੇਪਾਲ ਦੀ ਸਰਕਾਰ ਅਤੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਸਾਂਝੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਪਿਛਲੇ ਕੁੱਝ ਸਾਲਾਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਯਾਦ ਕੀਤਾ। ਬਲਿੰਕਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਅਤੇ ਜਲਵਾਯੂ ਤਬਦੀਲੀ ਖ਼ਿਲਾਫ਼ ਲੜਾਈ ਵਿਚ ਇਕੱਠੇ ਮਿਲ ਕੇ ਕੰਮ ਕੀਤਾ ਹੈ। ਨੇਪਾਲ ਦੀ ਸੰਵਿਧਾਨ ਸਭਾ ਨੇ ਭਾਰਤ ਦੀ ਸਰਹੱਦ ਨਾਲ ਲੱਗੇ ਦੱਖਣੀ ਨੇਪਾਲ ਦੇ ਜ਼ਿਲ੍ਹਿਆਂ ਵਿਚ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਸਤੰਬਰ 2015 ਵਿਚ ਨਵੇਂ ਸੰਵਿਧਾਨ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ।
ਪਾਕਿਸਤਾਨ ’ਚ ਪੋਲੀਓ ਟੀਕਾਕਰਨ ਟੀਮ ਦੀ ਸੁਰੱਖਿਆ ’ਚ ਤਾਇਨਾਤ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
NEXT STORY