ਵੈੱਬ ਡੈਸਕ : ਈਰਾਨ ਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਜੰਗ ਨੂੰ ਖਤਮ ਕਰਨ ਲਈ ਇੱਕ ਅਹਿਮ ਸਹਿਮਤੀ ਬਣ ਗਈ ਹੈ। ਵ੍ਹਾਈਟ ਹਾਊਸ ਦੇ ਸੂਤਰਾਂ ਅਨੁਸਾਰ, ਦੋਵਾਂ ਦੇਸ਼ਾਂ ਦੇ ਅਗਲੇ 48 ਘੰਟਿਆਂ 'ਚ ਇੱਕ ਸਮਝੌਤੇ 'ਤੇ ਦਸਤਖਤ ਕਰਨ ਦੀ ਉਮੀਦ ਹੈ, ਜਿਸ ਤੋਂ ਬਾਅਦ ਜੰਗ ਨੂੰ ਅਧਿਕਾਰਤ ਤੌਰ 'ਤੇ ਖਤਮ ਕਰਨ ਦਾ ਐਲਾਨ ਕੀਤਾ ਜਾਵੇਗਾ। ਰਿਪੋਰਟਾਂ ਮੁਤਾਬਕ ਇਹ ਸਮਝੌਤਾ ਇੱਕ ਪੰਨੇ ਦਾ ਹੋਵੇਗਾ, ਜਿਸ ਵਿੱਚ ਮੁੱਖ ਤੌਰ 'ਤੇ 3 ਵੱਡੇ ਮੁੱਦਿਆਂ 'ਤੇ ਸਹਿਮਤੀ ਬਣੀ ਹੈ।
ਇਨ੍ਹਾਂ ਤਿੰਨ ਮੁੱਦਿਆਂ 'ਤੇ ਬਣੀ ਸਹਿਮਤੀ
ਪ੍ਰਮਾਣੂ ਪ੍ਰੋਗਰਾਮ 'ਤੇ ਰੋਕ: ਈਰਾਨ ਇਹ ਐਲਾਨ ਕਰੇਗਾ ਕਿ ਉਹ ਹੁਣ ਪ੍ਰਮਾਣੂ ਹਥਿਆਰ ਨਹੀਂ ਬਣਾਏਗਾ ਅਤੇ ਯੂਰੇਨੀਅਮ ਦਾ ਸੰਵਰਧਨ (Enrichment) ਵੀ ਬੰਦ ਕਰ ਦੇਵੇਗਾ। ਈਰਾਨ ਕੋਲ ਮੌਜੂਦ 440 ਕਿਲੋ ਸੰਵਰਧਿਤ ਯੂਰੇਨੀਅਮ ਨੂੰ ਖਤਮ ਕਰਨ ਜਾਂ ਅਮਰੀਕਾ ਸ਼ਿਫਟ ਕਰਨ ਬਾਰੇ ਵੀ ਚਰਚਾ ਹੈ।
ਆਰਥਿਕ ਪਾਬੰਦੀਆਂ ਤੋਂ ਰਾਹਤ: ਅਮਰੀਕਾ ਈਰਾਨ 'ਤੇ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਨੂੰ ਖਤਮ ਕਰੇਗਾ ਅਤੇ ਉਸਦੇ ਫ੍ਰੀਜ਼ ਕੀਤੇ ਗਏ ਪੈਸੇ ਵਾਪਸ ਕਰੇਗਾ। ਸ਼ੁਰੂਆਤੀ ਪੜਾਅ ਵਿੱਚ, ਰਾਹਤ ਅਤੇ ਬਚਾਅ ਕਾਰਜਾਂ ਲਈ ਫੰਡ ਜਾਰੀ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ 2015 ਵਿੱਚ 150 ਅਰਬ ਡਾਲਰ ਦੀ ਰਾਸ਼ੀ ਨੂੰ ਅਨਫ੍ਰੀਜ਼ ਕਰਨ ਦੀ ਗੱਲ ਚੱਲੀ ਸੀ, ਜਿਸ ਨੂੰ ਬਾਅਦ ਵਿੱਚ ਡੋਨਾਲਡ ਟਰੰਪ ਨੇ ਰੋਕ ਦਿੱਤਾ ਸੀ।
ਹੋਰਮੁਜ਼ (Strait of Hormuz) ਦਾ ਰਸਤਾ: ਹੋਰਮੁਜ਼ ਦੀ ਨਾਕਾਬੰਦੀ ਪੂਰੀ ਤਰ੍ਹਾਂ ਖੋਲ੍ਹ ਦਿੱਤੀ ਜਾਵੇਗੀ। ਈਰਾਨ ਅਤੇ ਅਮਰੀਕਾ ਦੋਵੇਂ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਉਹ ਸਮੁੰਦਰੀ ਜਹਾਜ਼ਾਂ ਦੇ ਲੰਘਣ 'ਚ ਕੋਈ ਵਿਘਨ ਨਹੀਂ ਪਾਉਣਗੇ, ਜਿਸ ਨਾਲ ਪੂਰੀ ਦੁਨੀਆ ਲਈ ਇਹ ਵਪਾਰਕ ਰਸਤਾ ਖੁੱਲ੍ਹ ਜਾਵੇਗਾ।
ਅਜੇ ਵੀ 11 ਮੁੱਦਿਆਂ 'ਤੇ ਫਸਿਆ ਪੇਚ
ਹਾਲਾਂਕਿ 3 ਮੁੱਖ ਮੁੱਦਿਆਂ 'ਤੇ ਸਹਿਮਤੀ ਬਣ ਗਈ ਹੈ, ਪਰ ਕੁੱਲ 14 ਨੁਕਤਿਆਂ ਵਾਲੇ ਇਸ ਸਮਝੌਤੇ ਵਿੱਚੋਂ 11 ਮੁੱਦਿਆਂ 'ਤੇ ਅਜੇ ਵੀ ਗੱਲਬਾਤ ਜਾਰੀ ਹੈ। ਅਮਰੀਕੀ ਦੂਤ ਸਟੀਵ ਵਿਟਕੌਫ ਅਤੇ ਜੇਰੇਡ ਕੁਸ਼ਨਰ ਇਸ ਸਬੰਧ ਵਿੱਚ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਗੱਲਬਾਤ ਕਰ ਰਹੇ ਹਨ। ਇਨ੍ਹਾਂ ਬਾਕੀ ਮੁੱਦਿਆਂ ਨੂੰ ਸੁਲਝਾਉਣ ਲਈ 30 ਦਿਨਾਂ ਦਾ ਸਮਾਂ ਤੈਅ ਕੀਤਾ ਗਿਆ ਹੈ।
ਅਗਲੀ ਰਣਨੀਤੀ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਜਾਣਕਾਰੀ ਦਿੱਤੀ ਹੈ ਕਿ 'ਓਪਰੇਸ਼ਨ ਐਪਿਕ ਫਿਊਰੀ' (Operation Epic Fury) ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਅੱਗੇ ਦੀ ਗੱਲਬਾਤ ਸ਼ਾਂਤੀਪੂਰਨ ਤਰੀਕੇ ਨਾਲ ਕੀਤੀ ਜਾਵੇਗੀ। ਸਮਝੌਤੇ ਲਈ ਅਗਲੀ ਅਹਿਮ ਬੈਠਕ ਇਸਲਾਮਾਬਾਦ ਜਾਂ ਜਿਨੇਵਾ 'ਚ ਹੋ ਸਕਦੀ ਹੈ, ਜਿਸ 'ਚ ਅਮਰੀਕਾ ਵੱਲੋਂ ਜੇਡੀ ਵੈਂਸ ਤੇ ਈਰਾਨ ਵੱਲੋਂ ਐਮਬੀ ਗਾਲੀਬਾਫ ਸ਼ਾਮਲ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਸ ਬਾਰ ਨੇ ਬੀਅਰ ਦੇ ਸ਼ੁਕੀਨਾਂ ਲਈ ਰੱਖੀ ਮਜ਼ੇਦਾਰ ਸ਼ਰਤ! ਵੱਡੀ ਗਿਣਤੀ 'ਚ ਪਹੁੰਚ ਰਹੇ ਲੋਕ
NEXT STORY