ਵੈਲਿੰਗਟਨ (ਬਿਊਰੋ): ਆਸਟ੍ਰੇਲੀਆ ਦੇ ਜੰਗਲਾਂ ਵਿਚ ਪਿਛਲੇ ਦੋ ਮਹੀਨੇ ਤੋਂ ਭਿਆਨਕ ਅੱਗ ਲੱਗੀ ਹੋਈ ਹੈ। ਕਾਫੀ ਕੋਸ਼ਿਆਂ ਦੇ ਬਾਵਜੂਦ ਫਾਇਰ ਫਾਈਟਰਜ਼ ਕਰਮੀ ਇਸ 'ਤੇ ਕਾਬੂ ਪਾਉਣ ਵਿਚ ਅਸਫਲ ਰਹੇ ਹਨ। ਹੁਣ ਇਸ ਦਾ ਅਸਰ ਆਲੇ-ਦੁਆਲੇ ਦੇ ਇਲਾਕਿਆਂ 'ਤੇ ਵੀ ਦੇਖਿਆ ਜਾ ਸਕਦਾ ਹੈ। ਜੰਗਲੀ ਅੱਗ ਦੇ ਧੂੰਏਂ ਦਾ ਅਸਰ ਨਿਊਜ਼ੀਲੈਂਡ ਦੇ ਫ੍ਰਾਂਜ ਜੋਸੇਫ ਗਲੇਸ਼ੀਅਰ 'ਤੇ ਵੀ ਦੇਖਿਆ ਗਿਆ। ਇਸ ਸਬੰਧੀ ਵੀਡੀਓ ਅਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਹਨਾਂ ਵਿਚ ਗਲੇਸ਼ੀਅਰ ਦਾ ਰੰਗ ਸਫੇਦ ਤੋਂ ਪੀਲਾ ਪਿਆ ਦੇਖਿਆ ਜਾ ਸਕਦਾ ਹੈ।
ਨਿਊਜ਼ੀਲੈਂਡ ਦੇ ਮੌਸਮ ਵਿਭਾਗ ਦੇ ਮੁਤਾਬਕ,''ਆਸਟ੍ਰੇਲੀਆ ਵਿਚ ਲੱਗੀ ਜੰਗਲੀ ਅੱਗ ਦਾ ਧੂੰਆਂ 2000 ਕਿਲੋਮੀਟਰ ਦੀ ਦੂਰੀ ਤੋਂ ਇੱਥੇ ਪਹੁੰਚਿਆ ਹੈ। ਇੱਥੋਂ ਦੇ ਕੁਝ ਇਲਾਕਿਆਂ ਵਿਚ ਵੀਰਵਾਰ ਨੂੰ ਆਸਮਾਨ ਪੀਲਾ ਦੇਖਿਆ ਗਿਆ। ਧੂੰਆਂ 31 ਦਸੰਬਰ ਨੂੰ ਨਿਊਜ਼ੀਲੈਂਡ ਪਹੁੰਚਿਆ ਸੀ। ਅਲਪਾਈਨ ਗਾਈਡਸ ਕੰਪਨੀ ਦੇ ਗਾਈਡ ਆਰਥ ਮੇਕਬ੍ਰਾਈਡ ਨੇ ਦੱਸਿਆ ਕਿ ਮੰਗਲਵਾਰ ਤੋਂ ਸਥਿਤੀ ਬਹੁਤ ਖਰਾਬ ਹੋ ਗਈ। ਗਲੇਸ਼ੀਅਰ ਘੁੰਮਣ ਆਉਣ ਵਾਲੇ ਸੈਲਾਨੀ ਵੀ ਹੈਰਾਨ ਹਨ। ਇੱਥੇ ਹਵਾ ਵਿਚ ਲੱਕੜ ਦੇ ਧੂੰਏਂ ਦੀ ਗੰਧ ਮਹਿਸੂਸ ਕੀਤੀ ਜਾ ਸਕਦੀ ਹੈ।

ਦੱਖਣ-ਪੂਰਬ ਆਸਟ੍ਰੇਲੀਆ ਦੀ ਜੰਗਲੀ ਅੱਗ ਆਲੇ-ਦੁਆਲੇ ਦੇ ਇਲਾਕਿਆਂ ਵਿਚ ਫੈਲ ਰਹੀ ਹੈ। ਇਸ ਕਾਰਨ 5 ਹੋਰ ਲੋਕਾਂ ਸਮੇਤ ਕੁੱਲ 18 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 4 ਲੋਕ ਲਾਪਤਾ ਹਨ। ਨਿਊ ਸਾਊਥ ਵੇਲਜ਼ ਤੋਂ ਵਿਕਟੋਰੀਆ ਰਾਜਾਂ ਵਿਚ 200 ਤੋਂ ਵੱਧ ਥਾਵਾਂ 'ਤੇ ਭਿਆਨਕ ਅੱਗ ਲੱਗੀ ਹੋਣ ਕਾਰਨ ਵੀਰਵਾਰ ਨੂੰ ਐਮਰਜੈਂਸੀ ਦਾ ਐਲ਼ਾਨ ਕਰ ਦਿੱਤਾ ਗਿਆ। ਫਿਲਹਾਲ ਬਚਾਅ ਕੰਮ ਜਾਰੀ ਹੈ। ਇਸ ਹਫਤੇ ਅੱਗ ਨਾਲ ਬੈਟਮੈਨਸ ਬੇ, ਕੋਬਾਰਗੋ ਅਤੇ ਨਾਉਰਾ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ। ਲੋਕ ਅੱਗ ਤੋਂ ਬਚਣ ਲਈ ਸਮੁੰਦਰੀ ਤੱਟਾਂ ਦਾ ਆਸਰਾ ਲੈ ਰਹੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 916 ਘਰ ਪੂਰੀ ਤਰ੍ਹਾਂ ਨਸ਼ਟ ਹੋ ਗਏ ਹਨ। 363 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਦਕਿ ਪ੍ਰਭਾਵਿਤ ਖੇਤਰਾਂ ਤੋਂ 8159 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਕਰੀਬ 50 ਹਜ਼ਾਰ ਲੋਕ ਬਿਜਲੀ ਅਤੇ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਪ੍ਰਭਾਵਿਤ ਖੇਤਰਾਂ ਵਿਚ ਧੂੰਆਂ ਫੈਲਣ ਨਾਲ ਨੁਕਸਾਨ ਦਾ ਸਹੀ ਮੁਲਾਂਕਣ ਕਰਨ ਵਿਚ ਮੁਸ਼ਕਲ ਆ ਰਹੀ ਹੈ।ਇਸ ਸੀਜਨ ਵਿਚ ਹੁਣ ਤੱਕ ਆਸਟ੍ਰੇਲੀਆ ਵਿਚ ਵੱਖ-ਵੱਖ ਥਾਵਾਂ 'ਤੇ ਜੰਗਲੀ ਅੱਗ ਕਾਰਨ 55 ਲੱਖ ਹੈਕਟੇਅਰ ਤੋਂ ਜ਼ਿਆਦਾ ਦੀ ਜ਼ਮੀਨ ਨਸ਼ਟ ਹੋ ਚੁੱਕੀ ਹੈ।
ਭਾਰਤੀ ਮੂਲ ਦਾ ਕੈਨੇਡੀਅਨ ਪਰਬਤਾਰੋਹੀ ਅਮਰੀਕੀ ਚੋਟੀ ਤੋਂ ਡਿੱਗਿਆ, ਵਾਲ-ਵਾਲ ਬਚਿਆ
NEXT STORY