ਵੈਟੀਕਨ ਸਿਟੀ (ਏ.ਐਫ.ਪੀ.)- ਪੋਪ ਫਰਾਂਸਿਸ ਨੇ ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿਚ ਸ਼ੁੱਕਰਵਾਰ ਨੂੰ ਹੋਏ ਹਮਲੇ ਤੋਂ ਬਾਅਦ ਉਸ ਦੇਸ਼ ਦੇ ਸਾਰੇ ਵਾਸੀਆਂ ਅਤੇ ਖਾਸ ਕਰਕੇ ਮੁਸਲਿਮ ਭਾਈਚਾਰੇ ਪ੍ਰਤੀ ਆਪਣੀ ਇਕਜੁੱਟਤਾ ਦਾ ਭਰੋਸਾ ਦਿੱਤਾ। ਇਨ੍ਹਾਂ ਹਮਲਿਆਂ ਵਿਚ 49 ਲੋਕਾਂ ਦੀ ਮੌਤ ਹੋ ਗਈ।
ਨਿਊਜ਼ੀਲੈਂਡ ਦੀ ਮਸਜਿਦ 'ਚ ਹੋਈ ਗੋਲੀਬਾਰੀ ਦੇ ਪੀੜਤਾਂ ਲਈ ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕਰਦਿਆਂ ਲਿਖਿਆ ਕਿ ਹਮਲੇ ਵਿਚ ਮਾਰੇ ਗਏ ਲੋਕਾਂ ਲਈ ਮੈਂ ਬਹੁਤ ਦੁਖੀ ਹਾਂ। ਇਹ ਸੱਚ-ਮੁੱਚ ਬਹੁਤ ਭਿਆਨਕ ਘਟਨਾ ਸੀ। 49 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਤੇ ਕਈ ਹੋਰ ਜ਼ਖਮੀ ਹੋ ਗਏ। ਇਸ ਮੁਸ਼ਕਲ ਘੜੀ 'ਚ ਅਮਰੀਕਾ ਨਿਊਜ਼ੀਲੈਂਡ ਦੇ ਨਾਲ ਖੜ੍ਹਾ ਹੈ। ਗਾਡ ਬਲੈੱਸ ਆਲ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿਊਜ਼ੀਲੈਂ ਵਿਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਅਤੇ ਉਨ੍ਹਾਂ ਨੇ ਹਮਲੇ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਲਿਖਿਆ ਕਿ ਅੱਤਵਾਦੀਆਂ ਵਲੋਂ ਕੀਤੇ ਇਸ ਹਮਲੇ ਤੋਂ ਡੂੰਘਾ ਸਦਮਾ ਲੱਗਾ ਹੈ। ਇਸ ਸ਼ੋਕ ਦੀ ਘੜੀ ਵਿਚ ਪੂਰੀ ਦੁਨੀਆ ਨਿਊਜ਼ੀਲੈਂਡ ਅਤੇ ਮੁਸਲਿਮ ਭਾਈਚਾਰਿਆਂ ਨਾਲ ਹੈ।
ਵਿਦੇਸ਼ ਮੰਤਰੀ ਪਿਏਤਰੋ ਪਾਰੋਲਿਨ ਨੇ ਇਕ ਟੈਲੀਗ੍ਰਾਮ ਵਿਚ ਕਿਹਾ ਕਿ ਪੋਪ ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਤੋਂ ਕਾਫੀ ਦੁੱਖੀ ਹਨ। ਪੋਪ ਫਰਾਂਸਿਸ ਨੇ ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿਚ ਸ਼ੁੱਕਰਵਾਰ ਨੂੰ ਹੋਏ ਹਮਲੇ ਤੋਂ ਬਾਅਦ ਦੇਸ਼ ਦੇ ਸਾਰੀ ਲੋਕਾਂ ਨੂੰ ਖਾਸ ਕਰਕੇ ਮੁਸਲਿਮ ਭਾਈਚਾਰੇ ਪ੍ਰਤੀ ਆਪਣੀ ਇਕਜੁੱਟਤਾ ਦਾ ਭਰੋਸਾ ਦਿੱਤਾ।
ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ-2 ਨੇ ਕਿਹਾ ਕਿ ਕ੍ਰਾਈਸਟਚਰਚ ਦੀ ਘਟਨਾ ਤੋਂ ਬਹੁਤ ਦੁਖੀ ਹਾਂ। ਇਸ ਦੁੱਖ ਦੀ ਘੜੀ ਵਿਚ ਮੇਰੀ ਹਮਦਰਦੀ ਸਾਰੇ ਨਿਊਜ਼ੀਲੈਂਡ ਵਾਸੀਆਂ ਨਾਲ ਹੈ। ਮਹਾਰਾਣੀ ਐਲੀਜ਼ਾਬੇਥ (92) ਬ੍ਰਿਟੇਨ ਤੋਂ ਇਲਾਵਾ ਆਸਟ੍ਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਸਣੇ 15 ਹੋਰ ਦੇਸ਼ਾਂ ਦੀ ਵੀ ਮਹਾਰਾਣੀ ਹੈ।
ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਐਰਦੋਗਨ ਨੇ ਕਿਹਾ ਕਿ ਇਸ ਹਮਲੇ ਤੋਂ ਬਾਅਦ ਇਸਲਾਮ ਨੂੰ ਲੈ ਕੇ ਦੁਸ਼ਮਣੀ ਦਾ ਮਾਹੌਲ ਵਿਅਕਤੀਗਤ ਪ੍ਰੇਸ਼ਾਨੀ ਦੀਆਂ ਹੱਦਾਂ ਤੋਂ ਕਤਲੇਆਮ ਦੇ ਪੱਧਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਰੰਤ ਕਦਮ ਨਾ ਚੁੱਕੇ ਜਾਂਦੇ ਤਾਂ ਅਜਿਹੀਆਂ ਹੋਰ ਖਬਰਾਂ ਆਉਣਗੀਆਂ। ਮੈਂ ਦੁਨੀਆ ਦਾ ਖਾਸ ਕਰਕੇ ਪੱਛਮੀ ਦੇਸ਼ਾਂ ਨੂੰ ਸੱਦਾ ਦਿੰਦਾ ਹਾਂ ਕਿ ਤੁਰੰਤ ਕਦਮ ਚੁੱਕੇ ਜਾਣ।
ਨਾਰਵੇ ਦੇ ਪ੍ਰਧਾਨ ਮੰਤਰੀ ਐਰਨਾ ਸੋਲਬਰਗ ਨੇ ਕੌਮਾਂਤਰੀ ਭਾਈਚਾਰੇ ਤੋਂ ਅੱਤਵਾਦ ਨਾਲ ਹਰ ਤਰ੍ਹਾਂ ਦਾ ਮੁਕਾਬਲਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਇਹ ਘਟਨਾ ਬਹੁਤ ਦੁੱਖ ਵਾਲੀ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਉਮੀਦ ਜਤਾਈ ਕਿ ਨਿਊਜ਼ੀਲੈਂਡ ਜ਼ਿੰਮੇਵਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕਰੇਗਾ ਅਤੇ ਕਾਨੂੰਨ ਤਹਿਤ ਜ਼ਰੂਰੀ ਕਾਰਵਾਈ ਕਰੇਗਾ।
ਦੁਨੀਆ ਵਿਚ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਦੋਯੋ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਹਿੰਸਕ ਹਮਲਿਆਂ ਦੀ ਸਖ਼ਤ ਨਿੰਦਿਆ ਕਰਦੇ ਹਾਂ।
ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕ੍ਰਾਈਸਟਚਰਚ ਵਿਚ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਹਮਦਰਦੀ ਜਤਾਈ। ਲੰਡਨ ਦੀ ਪੁਲਸ ਸੇਵਾ ਨੇ ਕਿਹਾ ਕਿ ਉਹ ਮਸਜਿਦਾਂ ਦੇ ਨੇੜੇ ਮੁਸਤੈਦੀ ਵਧਾ ਰਹੀ ਹੈ ਅਤੇ ਹਰ ਧਰਮ ਦੇ ਭਾਈਚਾਰਿਆਂ ਨਾਲ ਗੱਲਬਾਤ ਕਰ ਰਹੀ ਹੈ। ਆਸਟ੍ਰੇਲੀਆ ਵਿਚ ਨਿਊ ਸਾਊਥ ਵੇਲਸ ਦੀ ਪੁਲਸ ਨੇ ਕਿਹਾ ਕਿ ਅਹਿਤੀਆਤਨ ਮਸਜਿਦਾਂ ਦੇ ਨੇੜੇ ਗਸ਼ਤ ਵਧਾਈ ਜਾ ਰਹੀ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਜਰਮਨ ਚਾਂਸਲਰ ਐਂਜਲਾ ਮਰਕੇਲ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਅੱਤਵਾਦੀ ਹਮਲਿਆਂ ਖਿਲਾਫ ਇਕੱਠੇ ਖੜ੍ਹੇ ਹਾਂ।
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਵੀ ਹਮਲੇ ਦੀ ਸਖ਼ਤ ਨਿੰਦਿਆ ਕਰਦੇ ਹੋਏ ਕਿਹਾ ਕਿ ਫਰਾਂਸ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਖਿਲਾਫ ਖੜਾ ਹੈ। ਨਾਟੋ ਮੁਖੀ ਜੇਨਸ ਸਟੋਲਟੇਨਬਰਗ ਨੇ ਕਿਹਾ ਕਿ ਅਮਰੀਕੀ ਅਗਵਾਈ ਦਸਤਾ ਆਪਣੇ ਖੁੱਲ੍ਹੇ ਸਮਾਜ ਅਤੇ ਸਾਂਝੇ ਮੁੱਲਾਂ ਦੇ ਬਚਾਅ ਵਿਚ ਸਾਡੇ ਦੋਸਤ ਅਤੇ ਭਾਈਵਾਲ ਦੇਸ਼ ਨਿਊਜ਼ੀਲੈਂਡ ਦੇ ਨਾਲ ਖੜੇ ਹਨ।
ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਕਿਹਾ ਕਿ ਪੀੜਤ ਪਰਿਵਾਰਾਂ ਅਤੇ ਨਿਊਜ਼ੀਲੈਂਡ ਸਰਕਾਰ ਦੇ ਨਾਲ ਉਨ੍ਹਾਂ ਦੀ ਹਮਦਰਦੀ ਹੈ।
ਨਾਈਜੀਰੀਆ 'ਚ ਬੰਦੂਕਧਾਰੀਆਂ ਨੇ 17 ਦੀ ਕੀਤੀ ਹੱਤਿਆ
NEXT STORY