ਬੈਂਕਾਕ (ਬਿਊਰੋ): ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਇਨਸਾਨੀਅਤ ਨੂੰ ਸ਼ਰਮਿੰਦਾ ਕਰ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਥਾਈਲੈਂਡ ਤੋਂ ਸਾਹਮਣੇ ਆਇਆ ਹੈ। ਇੱਥੇ ਥਾਈਲੈਂਡ ਦੇ ਇਕ ਜੰਗਲ ਵਿਚ ਇਕ ਨਵਜੰਮੀ ਬੱਚੀ ਮਿਲੀ, ਜੋ ਸਿਰਫ 2 ਦਿਨ ਦੀ ਸੀ। ਉਹ ਕਰੀਬ 48 ਘੰਟੇ ਤੋਂ ਜੰਗਲ ਵਿਚ ਇਕੱਲੀ ਪਈ ਹੋਈ ਸੀ। ਲੋਕਾਂ ਨੇ ਜਦੋਂ ਬੱਚੀ ਨੂੰ ਚੁੱਕਿਆ ਤਾਂ ਉਸ ਦੇ ਸਾਹ ਚੱਲ ਰਹੇ ਸਨ ਮਤਲਬ 2 ਦਿਨ ਤੱਕ ਬੱਚੀ ਖਤਰਨਾਕ ਜੰਗਲ ਵਿਚ ਇਕੱਲੇ ਪਏ ਰਹਿਣ ਦੇ ਬਾਵਜੂਦ ਜ਼ਿੰਦਾ ਸੀ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਬੀਤੇ ਦਿਨ ਕ੍ਰਾਬੀ ਸੂਬੇ ਵਿਚ ਸਥਾਨਕ ਲੋਕ ਰੁੱਖਾਂ ਤੋਂ ਰਬੜ ਇਕੱਠੀ ਕਰਨ ਗਏ ਸਨ। ਉਦੋਂ ਉਹਨਾਂ ਨੇ ਉਸ ਨਵਜੰਮੀ ਬੱਚੀ ਨੂੰ ਦੇਖਿਆ ਜੋ ਬਿਨਾਂ ਕੱਪੜਿਆਂ ਦੇ ਕੇਲੇ ਦੇ ਸੰਘਣੇ ਰੁੱਖਾਂ ਵਿਚਕਾਰ ਪਈ ਹੋਈ ਸੀ। ਬੱਚੀ ਦੇ ਚਿਹਰੇ 'ਤੇ ਸਕ੍ਰੈਚ ਦੇ ਨਿਸ਼ਾਨ ਸਨ ਅਤੇ ਨਾਲ ਹੀ ਉਸ ਦੇ ਸਰੀਰ 'ਤੇ ਕੀੜੇ ਰੇਂਗ ਰਹੇ ਸਨ। ਇੰਝ ਲੱਗਦਾ ਸੀ ਕਿ ਉਹ ਕਾਫੀ ਸਮੇਂ ਤੋਂ ਇਸ ਹਾਲਾਤ ਵਿਚ ਜੰਗਲ ਵਿਚ ਪਈ ਸੀ। ਪਿੰਡ ਵਾਲਿਆਂ ਨੇ ਜਿਵੇਂ ਹੀ ਬੱਚੀ ਨੂੰ ਚੁੱਕਿਆ ਤਾਂ ਉਹ ਰੋਣ ਲੱਗੀ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਸ ਟੀਮ ਅਤੇ ਐਂਬੂਲੈਂਸ ਉੱਥੇ ਪਹੁੰਚੀ। ਇਸ ਮਗਰੋਂ ਬੱਚੀ ਨੂੰ ਤੁਰੰਤ ਕੰਬਲ ਵਿਚ ਲਪੇਟਿਆ ਗਿਆ ਅਤੇ ਐਂਬੂਲੈਂਸ ਵਿਚ ਲਿਜਾ ਕੇ ਡਿਹਾਈਡ੍ਰੇਸ਼ਨ ਦਾ ਇਲਾਜ ਸ਼ੁਰੂ ਕੀਤਾ ਗਿਆ। ਫਿਲਹਾਲ ਬੱਚੀ ਨੂੰ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ ਅਤੇ ਉਸ ਦੀ ਹਾਲਤ ਠੀਕ ਹੈ। ਜਾਣਕਾਰੀ ਮੁਤਾਬਕ ਬੱਚੀ ਜਿਹੜੀ ਜਗ੍ਹਾ ਤੋਂ ਮਿਲੀ ਹੈ ਉਸ ਖੇਤਰ ਵਿਚ ਕੋਬਰਾ ਅਤੇ ਅਜਗਰ ਜਿਹੇ ਖਤਰਨਾਕ ਜਾਨਵਰ ਪਾਏ ਜਾਂਦੇ ਹਨ। ਇਹੀ ਨਹੀਂ ਦਿਨ ਵਿਚ ਉਸ ਜਗ੍ਹਾ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਹੋ ਜਾਂਦਾ ਹੈ। ਅਜਿਹੇ ਵਿਚ ਉਸ ਬੱਚੀ ਦਾ ਜ਼ਿੰਦਾ ਮਿਲਣਾ ਅਵਿਸ਼ਵਾਸਯੋਗ ਹੈ।
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਦਾ ਨਵਾਂ ਫਰਮਾਨ, ਇਸ਼ਤਿਹਾਰਾਂ 'ਚ ਔਰਤਾਂ ਦੀਆਂ ਫੋਟੋਆਂ ਦੀ ਵਰਤੋਂ 'ਤੇ ਲਗਾਈ ਪਾਬੰਦੀ
ਪੁਲਸ ਨੇ ਕਹੀ ਇਹ ਗੱਲ
ਪੁਲਸ ਵੱਲੋਂ ਕਿਹਾ ਗਿਆ ਕਿ ਉਹ ਬੱਚੀ ਦੀ ਮਾਂ ਨੂੰ ਲੱਭ ਰਹੇ ਹਨ। ਕਰਨਲ ਪ੍ਰਸਿਤ ਯੋਡਥੋਂਗ ਨੇ ਦੱਸਿਆ ਕਿ ਬੱਚੀ ਦੇ ਸਰੀਰ 'ਤੇ ਕੀੜੇ ਰੇਂਗ ਰਹੇ ਸਨ।ਆਲੇ-ਦੁਆਲੇ ਦੇ ਹਸਪਤਾਲਾਂ ਤੋਂ ਪਤਾ ਚੱਲਿਆ ਹੈ ਕਿ ਉੱਥੇ ਕਿਸੇ ਮਹਿਲਾ ਨੇ ਬੱਚੀ ਨੂੰ ਜਨਮ ਨਹੀਂ ਦਿੱਤਾ ਹੈ। ਕਰਨਲ ਨੇ ਅੱਗੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਮਹਿਲਾ ਨੇ ਬੱਚੀ ਨੂੰ ਕਿਤੇ ਹੋਰ ਜਨਮ ਦਿੱਤਾ ਹੋਵੇ ਅਤੇ ਇੱਥੇ ਛੱਡ ਦਿੱਤਾ ਹੋਵੇ। ਉਹਨਾਂ ਨੇ ਕਿਹਾ ਕਿ ਫਿਲਹਾਲ ਅਸੀਂ ਬੱਚੀ ਦੀ ਮਾਂ ਬਾਰੇ ਪਤਾ ਲਗਾ ਰਹੇ ਹਾਂ ਅਤੇ ਉਸ ਖ਼ਿਲਾਫ਼ ਮੁਕੱਦਮਾ ਵੀ ਚਲਾਇਆ ਜਾਵੇਗਾ। ਬੱਚੀ 2 ਦਿਨਾਂ ਤੋਂ ਉੱਥੇ ਸੀ। ਪੂਰੀ ਰਾਤ ਇਕੱਲੀ ਰਹਿਣ ਦੇ ਬਾਵਜੂਦ ਵੀ ਉਸ ਦੀ ਜਾਨ ਬਚ ਗਈ। ਫਿਲਹਾਲ ਸਿਹਤ ਨਿਗਰਾਨੀ ਲਈ ਬੱਚੀ ਨੂੰ ਖਾਓ ਫਨੋਮ ਹਸਪਤਾਲ ਭੇਜਿਆ ਗਿਆ ਹੈ। ਪੂਰੀ ਤਰ੍ਹਾਂ ਠੀਕ ਹੋਣ ਦੇ ਬਾਅਦ ਉਸ ਨੂੰ ਕ੍ਰਾਬੀ ਸੂਬਾਈ ਪ੍ਰਸ਼ਾਸਨ ਕੋਲ ਲਿਆਂਦਾ ਜਾਵੇਗਾ, ਜਿਸ ਮਗਰੋਂ ਉਸ ਨੂੰ ਚਾਈਲਡ ਕੇਅਰ ਵਿਚ ਰੱਖਿਆ ਜਾਵੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਾਜ਼ਾ 'ਚ ਪੁਰਾਣੀਆਂ ਬੈਟਰੀਆਂ ਦਾ ਲੱਗਾ ਢੇਰ, ਸਿਹਤ ਅਤੇ ਵਾਤਾਵਰਨ ਲਈ ਖ਼ਤਰਾ
NEXT STORY