ਇਸਲਾਮਾਬਾਦ/ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰ ਨੇ ਦੇਸ਼ ਦੇ ਪ੍ਰਮੁੱਖ ਨਿਊਜ਼ ਚੈਨਲ ‘ਜੀਓ ਨਿਊਜ਼’ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਸ ਦੀ 15 ਦਿਨਾਂ ਦੀ ਪ੍ਰਸਾਰਣ ਮੁਅੱਤਲੀ ਨੂੰ ਬਰਕਰਾਰ ਰੱਖਿਆ ਹੈ। ਚੈਨਲ ਨੂੰ 10 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ, ਜਿਸ ਨੂੰ ਅਦਾ ਕਰਨ ਤੋਂ ਬਾਅਦ ਹੀ ਪ੍ਰਸਾਰਣ ਮੁੜ ਸ਼ੁਰੂ ਕਰਨ ਦੀ ਆਗਿਆ ਮਿਲੇਗੀ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਨੇ 26 ਜੂਨ ਨੂੰ ਮੁਹੱਰਮ ਸਬੰਧੀ ਪ੍ਰਸਾਰਿਤ ਹੋਏ ਇਕ ਵਿਸ਼ੇਸ਼ ਪ੍ਰੋਗਰਾਮ ਨੂੰ ਲੈ ਕੇ ਇਹ ਕਾਰਵਾਈ ਕੀਤੀ ਹੈ। ਰੈਗੂਲੇਟਰ ਨੇ ਕਿਹਾ ਕਿ ਚੈਨਲ ਨੇ ਧਾਰਮਿਕ ਪੱਖੋਂ ਸੰਵੇਦਨਸ਼ੀਲ ਸਮੱਗਰੀ ਪ੍ਰਸਾਰਿਤ ਕੀਤੀ ਜੋ ਜਨਤਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੀ ਸੀ, ਫਿਰਕੂ ਸਦਭਾਵਨਾ ਨੂੰ ਭੰਗ ਕਰ ਸਕਦੀ ਸੀ ਅਤੇ ਜਨਤਕ ਵਿਵਸਥਾ ਨੂੰ ਵਿਗਾੜ ਸਕਦੀ ਸੀ।
27 ਜੂਨ ਨੂੰ ਜੀਓ ਨਿਊਜ਼ ਦਾ ਲਾਇਸੈਂਸ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਆਪਣੇ ਅੰਤਿਮ ਹੁਕਮ ’ਚ ਅਥਾਰਟੀ ਨੇ ਮੁਅੱਤਲੀ ਨੂੰ ਬਰਕਰਾਰ ਰੱਖਿਆ ਹੈ ਤੇ ਸਪੱਸ਼ਟ ਕੀਤਾ ਹੈ ਕਿ ਮੁਅੱਤਲੀ ਦੀ ਮਿਆਦ ਖਤਮ ਹੋਣ ’ਤੇ 10 ਕਰੋੜ ਰੁਪਏ ਦਾ ਜੁਰਮਾਨਾ ਜਮ੍ਹਾ ਹੋਣ ਤੋਂ ਬਾਅਦ ਹੀ ਪ੍ਰਸਾਰਣ ਮੁੜ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਏਗੀ।
ਜਾਂਚ ਦੌਰਾਨ ਜੀਓ ਨਿਊਜ਼ ਨੇ ਬਿਨਾਂ ਸ਼ਰਤ ਜਨਤਕ ਮੁਆਫ਼ੀ ਮੰਗੀ, ਵਿਵਾਦਪੂਰਨ ਪ੍ਰੋਗਰਾਮ ਨਾਲ ਜੁੜੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਤੇ ਐਲਾਨ ਕੀਤਾ ਕਿ ਉਹ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਦੁਹਰਾਉਣ ਤੋਂ ਰੋਕਣ ਲਈ ਵਾਧੂ ਸੰਪਾਦਕੀ ਸੁਰੱਖਿਆ ਉਪਾਅ ਲਾਗੂ ਕਰੇਗਾ।
ਬ੍ਰਾਜ਼ੀਲੀਅਨ ਮਾਡਲ ਦੁਬਈ ’ਚ 27ਵੀਂ ਮੰਜ਼ਿਲ ਤੋਂ ਡਿੱਗੀ, ਮੌਤ
NEXT STORY