ਚੰਡੀਗੜ੍ਹ (ਵਿਨੇ) - ਕਾਂਗਰਸ ਨੇ ਪੰਜਾਬ ’ਚ ਜਥੇਬੰਦਕ ਬਦਲਾਅ ਕਰਦੇ ਹੋਏ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ. ਪੀ. ਸੀ. ਸੀ.) ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਤੁਰੰਤ ਪ੍ਰਭਾਵ ਤੋਂ ਲਾਗੂ ਹੋਵੇਗੀ।
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਓਲੰਪੀਅਨ ਪਰਗਟ ਸਿੰਘ ਹੁਣ ਪੰਜਾਬ ਕਾਂਗਰਸ ਦੀ ਕਪਤਾਨੀ ਸੰਭਾਲਣਗੇ। ਸਿਆਸਤ ਵਿਚ ਉਨ੍ਹਾਂ ਦੀ ਐਂਟਰੀ 2012 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਜਲੰਧਰ ਕੈਂਟ ਤੋਂ ਵਿਧਾਨ ਸਭਾ ਚੋਣ ਜਿੱਤ ਕੇ ਹੋਈ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਕਾਂਗਰਸ ਦਾ ਪੱਲਾ ਫੜਿਆ ਅਤੇ ਜਲੰਧਰ ਕੈਂਟ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ। 2022 ਵਿਚ ਵੀ ਉਨ੍ਹਾਂ ਇਹ ਸੀਟ ਬਰਕਰਾਰ ਰੱਖੀ।
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਦਿੱਲੀ ’ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਆਪਣਾ ਰਸਮੀ ਅਸਤੀਫ਼ਾ ਸੌਂਪਿਆ। ਮੁਲਾਕਾਤ ਦੌਰਾਨ ਪੰਜਾਬ ਦੀ ਸਿਆਸੀ ਸਥਿਤੀ ਅਤੇ ਪਾਰਟੀ ਜਥੇਬੰਦੀ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਹੋਈ। ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਅਸਤੀਫ਼ਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਕਿਸੇ ਨੇ ਅਹੁਦਾ ਛੱਡਣ ਲਈ ਨਹੀਂ ਕਿਹਾ।
ਵੜਿੰਗ ਨੇ ਆਪਣੇ ਕਰੀਬ ਸਾਢੇ 4 ਸਾਲ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਉਹ ਕੁਝ ਸਮਾਂ ਆਰਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਭਵਿੱਖ ’ਚ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ, ਉਹ ਉਸ ਨੂੰ ਪੂਰਾ ਕਰਨਗੇ। ਵੜਿੰਗ ਨੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਜਿਹੇ ਸਮੇਂ ’ਚ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਈ ਰੱਖਿਆ, ਜਦੋਂ ਪਾਰਟੀ ਔਖੇ ਦੌਰ ’ਚੋਂ ਲੰਘ ਰਹੀ ਸੀ।
ਭਲਕੇ 7-8 ਘੰਟੇ ਬੰਦ ਰਹੇਗੀ ਬਿਜਲੀ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗਣਗੇ ਲੰਮੇ POWER CUT
NEXT STORY