ਇੰਟਰਨੈਸ਼ਨਲ ਡੈਸਕ- ਬੀਤੀ 13 ਅਪ੍ਰੈਲ ਤੋਂ ਲਾਗੂ ਇਰਾਨੀ ਬੰਦਰਗਾਹਾਂ ਅਤੇ ਹੋਰਮੁਜ਼ ਸਟ੍ਰੇਟ ਦੀ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਨੇ ਇਰਾਨ ਦੇ ਤੇਲ ਉਦਯੋਗ ਨੂੰ ਇਕ ਗੰਭੀਰ ਮੋੜ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਤਾਜ਼ਾ ਵਿਸ਼ਲੇਸ਼ਣਾਂ ਅਨੁਸਾਰ ਜੇ ਇਹ ਨਾਕਾਬੰਦੀ ਜਾਰੀ ਰਹਿੰਦੀ ਹੈ, ਤਾਂ ਇਰਾਨ ਕੋਲ ਕੱਚੇ ਤੇਲ ਨੂੰ ਸਟੋਰ ਕਰਨ ਦੀ ਸਮਰੱਥਾ ਖ਼ਤਮ ਹੋ ਜਾਵੇਗੀ, ਜਿਸ ਕਾਰਨ ਉਸ ਨੂੰ ਆਪਣਾ ਉਤਪਾਦਨ ਮਜਬੂਰਨ ਬੰਦ ਕਰਨਾ ਪੈ ਸਕਦਾ ਹੈ।
ਡਾਟਾ ਅਤੇ ਐਨਾਲਿਟਿਕਸ ਕੰਪਨੀ ‘ਕੇਪਲਰ’ ਦੀ ਮੰਗਲਵਾਰ ਦੀ ਰਿਪੋਰਟ ਅਨੁਸਾਰ ਜੇ ਨਾਕਾਬੰਦੀ ਬਰਕਰਾਰ ਰਹਿੰਦੀ ਹੈ, ਤਾਂ ਇਰਾਨ ਕੋਲ ਅਗਲੇ 12 ਤੋਂ 22 ਦਿਨਾਂ ਵਿਚ ਕੱਚੇ ਤੇਲ ਦੇ ਭੰਡਾਰਨ ਲਈ ਕੋਈ ਥਾਂ ਨਹੀਂ ਬਚੇਗੀ। ਅਮਰੀਕੀ ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਨੇ ਵੀ ਦਾਅਵਾ ਕੀਤਾ ਹੈ ਕਿ ਖਾਰਗ ਟਾਪੂ ਜਿੱਥੋਂ ਇਰਾਨ ਦਾ ਜ਼ਿਆਦਾਤਰ ਤੇਲ ਬਰਾਮਦ ਹੁੰਦਾ ਹੈ, ਉੱਥੋਂ ਦੀ ਭੰਡਾਰਨ ਸਮਰੱਥਾ ਕੁਝ ਹੀ ਦਿਨਾਂ ਵਿਚ ਪੂਰੀ ਤਰ੍ਹਾਂ ਭਰ ਜਾਵੇਗੀ।
ਹੋਰਮੁਜ਼ ਬਣਿਆ ਜੰਗ ਦਾ ਕੇਂਦਰ ਅਤੇ ਰਣਨੀਤਕ ਨਾਕਾਬੰਦੀ
ਹੋਰਮੁਜ਼ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਤੇਲ ਕਾਰੀਡੋਰ ਹੈ, ਜਿੱਥੋਂ ਗਲੋਬਲ ਤੇਲ ਅਤੇ ਤਰਲ ਕੁਦਰਤੀ ਗੈਸ (ਐੱਲ.ਐੱਨ.ਜੀ.) ਦੀ 20 ਫੀਸਦੀ ਸਪਲਾਈ ਹੁੰਦੀ ਹੈ। ਫਰਵਰੀ ਵਿਚ ਅਮਰੀਕਾ ਅਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਤੋਂ ਬਾਅਦ ਇਰਾਨ ਨੇ ਇਸ ਨੂੰ ਬੰਦ ਐਲਾਨ ਦਿੱਤਾ ਸੀ। ਹਾਲਾਂਕਿ, ਹੁਣ ਅਮਰੀਕਾ ਨੇ ਆਪਣੀ ਸਮੁੰਦਰੀ ਫੌਜ ਦੀ ਨਾਕਾਬੰਦੀ ਰਾਹੀਂ ਇਰਾਨ ਦੇ ਬਰਾਮਦ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਇਰਾਨ ਦੇ ਪਹਿਲੇ ਉਪ-ਰਾਸ਼ਟਰਪਤੀ ਮੁਹੰਮਦ ਰਜ਼ਾ ਆਰਿਫ਼ ਨੇ ਸਪੱਸ਼ਟ ਕੀਤਾ ਹੈ ਕਿ ਹੋਰਮੁਜ਼ ਦੀ ਸੁਰੱਖਿਆ ਮੁਫ਼ਤ ਨਹੀਂ ਹੈ, ਅਤੇ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜਾਂ ਤਾਂ ਸਾਰਿਆਂ ਲਈ ਮੁਕਤ ਤੇਲ ਬਾਜ਼ਾਰ ਹੋਵੇਗਾ ਜਾਂ ਫਿਰ ਸਾਰਿਆਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।
ਇਹ ਵੀ ਪੜ੍ਹੋ- 'ਜੇ ਇਰਾਨ ਨੇ ਪ੍ਰਮਾਣੂ ਹਥਿਆਰ ਬਣਾ ਲਏ ਤਾਂ ਪੂਰੀ ਦੁਨੀਆ ਹੀ..!' ਤਣਾਅ ਵਿਚਾਲੇ ਟਰੰਪ ਨੇ ਦੇ'ਤੀ ਵੱਡੀ ਚਿਤਾਵਨੀ
ਕੀ ਉਤਪਾਦਨ ਬੰਦ ਕਰਨਾ ਇਰਾਨ ਦੀ ਮਜਬੂਰੀ ਹੋਵੇਗੀ ?
ਮਾਹਿਰਾਂ ਦਾ ਮੰਨਣਾ ਹੈ ਕਿ ਨਾਕਾਬੰਦੀ ਕਾਰਨ ਇਰਾਨ ਨੂੰ ਹੌਲੀ-ਹੌਲੀ ਆਪਣਾ ਉਤਪਾਦਨ ਘੱਟ ਕਰਨਾ ਪਵੇਗਾ। ਕੇਪਲਰ ਦੇ ਵਿਸ਼ਲੇਸ਼ਕ ਮੁਯੂ ਜੂ ਦੇ ਅਨੁਸਾਰ, ਜ਼ਮੀਨੀ ਭੰਡਾਰਨ ਅਗਲੇ 20 ਦਿਨਾਂ ਦੇ ਉਤਪਾਦਨ ਨੂੰ ਕਵਰ ਕਰ ਸਕਦਾ ਹੈ, ਜਿਸ ਤੋਂ ਬਾਅਦ ਮਈ ਵਿਚ ਉਤਪਾਦਨ ਵਿਚ ਭਾਰੀ ਕਟੌਤੀ ਦੇਖੀ ਜਾ ਸਕਦੀ ਹੈ। ਸੀ.ਜੀ.ਈ.ਪੀ. ਦੇ ਐਂਟੋਨੀ ਹਾਲਫ ਦੀ ਦਲੀਲ ਹੈ ਕਿ ਇਰਾਨ ਜ਼ਰੂਰਤ ਦੀ ਬਜਾਏ ਇਕ ਬਦਲ ਵਜੋਂ ਉਤਪਾਦਨ ਬੰਦ ਕਰ ਸਕਦਾ ਹੈ, ਤਾਂ ਜੋ ਭਵਿੱਖ ਵਿਚ ਕੰਮਕਾਜ ਨੂੰ ਆਸਾਨੀ ਨਾਲ ਫਿਰ ਤੋਂ ਸ਼ੁਰੂ ਕੀਤਾ ਜਾ ਸਕੇ।
ਉਤਪਾਦਨ ਬੰਦ ਕਰਨ ਦੇ ਕੀ ਹਨ ਜੋਖਮ
ਜਾਣਕਾਰਾਂ ਦੇ ਮੁਤਾਬਕ ਤੇਲ ਉਤਪਾਦਨ ਨੂੰ ਅਚਾਨਕ ਰੋਕਣਾ ਤਕਨੀਕੀ ਅਤੇ ਆਰਥਿਕ ਤੌਰ ’ਤੇ ਜੋਖਮ ਭਰਿਆ ਹੈ। ਉਤਪਾਦਨ ਰੋਕਣ ਨਾਲ ਭੂਮੀਗਤ ਭੰਡਾਰਾਂ ਦਾ ਦਬਾਅ ਘੱਟ ਹੋ ਸਕਦਾ ਹੈ, ਜਿਸ ਨਾਲ ਤੇਲ ਕੱਢਣਾ ਮੁਸ਼ਕਲ ਅਤੇ ਮਹਿੰਗਾ ਹੋ ਜਾਵੇਗਾ। ਉਤਪਾਦਨ ਫਿਰ ਤੋਂ ਸ਼ੁਰੂ ਕਰਨਾ ਇਕ ਹੌਲੀ ਅਤੇ ਖ਼ਰਚੀਲੀ ਪ੍ਰਕਿਰਿਆ ਹੈ, ਜਿਸ ਵਿਚ ਉਪਕਰਨਾਂ ਦੀ ਮੁਰੰਮਤ ਅਤੇ ਪਾਈਪਲਾਈਨਾਂ ਦੀ ਸਫਾਈ ਸ਼ਾਮਲ ਹੁੰਦੀ ਹੈ। ਹਾਲਾਂਕਿ ਇਰਾਨ ਕੋਲ ਸਮੁੰਦਰ ਵਿਚ ਟ੍ਰਾਂਜ਼ਿਟ ਦੌਰਾਨ 16-17 ਕਰੋੜ ਬੈਰਲ ਤੇਲ ਮੌਜੂਦ ਹੈ, ਜਿਸ ਨਾਲ ਕੁਝ ਮਹੀਨਿਆਂ ਦੀ ਕਮਾਈ ਮਿਲ ਸਕਦੀ ਹੈ, ਪਰ ਨਵਾਂ ਬਰਾਮਦ ਠੱਪ ਹੋਣ ਨਾਲ ਉਸ ਦੀ ਆਰਥਿਕਤਾ ’ਤੇ ਡੂੰਘਾ ਅਸਰ ਪਵੇਗਾ।
ਤੇਲ ਦਾ ਤੇਜ਼ੀ ਨਾਲ ਵਧਦਾ ਸਟਾਕ
ਸੈਟੇਲਾਈਟ ਡਾਟਾ ਅਤੇ 'ਕੋਲੰਬੀਆ ਸੈਂਟਰ ਆਨ ਗਲੋਬਲ ਐਨਰਜੀ ਪਾਲਿਸੀ’ (ਸੀ.ਜੀ.ਈ.ਪੀ.) ਦੀ ਰਿਪੋਰਟ ਦੇ ਅਨੁਸਾਰ, 13 ਤੋਂ 21 ਅਪ੍ਰੈਲ ਦੇ ਵਿਚਾਲੇ ਇਰਾਨ ਦੇ ਸਟਾਕ ਵਿਚ 60 ਲੱਖ ਬੈਰਲ ਤੋਂ ਵੱਧ ਦਾ ਵਾਧਾ ਹੋਇਆ ਹੈ। 20 ਅਪ੍ਰੈਲ ਤੱਕ ਖਾਰਗ ਦੇ ਸਟੋਰੇਜ ਟੈਂਕ 74 ਫੀਸਦੀ ਤੱਕ ਭਰ ਚੁੱਕੇ ਸਨ। ਆਮ ਤੌਰ ’ਤੇ ਕੰਪਨੀਆਂ ਸੁਰੱਖਿਆ ਕਾਰਨਾਂ ਕਰ ਕੇ 80 ਫੀਸਦੀ ਤੋਂ ਵੱਧ ਟੈਂਕ ਨਹੀਂ ਭਰਦੀਆਂ ਹਨ ਪਰ ਇਰਾਨ ਪਹਿਲਾਂ ਵੀ (ਕੋਵਿਡ-19 ਦੌਰਾਨ) 90 ਫੀਸਦੀ ਤੱਕ ਭੰਡਾਰਨ ਕਰ ਚੁੱਕਾ ਹੈ।
ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦਾ ਉਦੇਸ਼ ਇਰਾਨ ਦੀ ਕਮਾਈ ਦੇ ਮੁੱਖ ਸਰੋਤ ਨੂੰ ਸਿੱਧਾ ਨਿਸ਼ਾਨਾ ਬਣਾਉਣਾ ਹੈ। ਜੇ ਆਉਣ ਵਾਲੇ ਦੋ ਹਫ਼ਤਿਆਂ ਵਿਚ ਕੋਈ ਕੂਟਨੀਤਕ ਹੱਲ ਨਹੀਂ ਨਿਕਲਦਾ, ਤਾਂ ਇਰਾਨ ਨੂੰ ਆਪਣੇ ਤੇਲ ਦੇ ਖੂਹਾਂ ਨੂੰ ਬੰਦ ਕਰਨ ਦੇ ਔਖੇ ਫੈਸਲੇ ਵੱਲ ਵਧਣਾ ਪੈ ਸਕਦਾ ਹੈ, ਜਿਸ ਦਾ ਅਸਰ ਗਲੋਬਲ ਤੇਲ ਕੀਮਤਾਂ ’ਤੇ ਵੀ ਪੈਣਾ ਤੈਅ ਹੈ।
ਇਹ ਵੀ ਪੜ੍ਹੋ- ਲਿਫਾਫਿਆਂ 'ਚ LPG ! ਪਾਕਿਸਤਾਨ 'ਚ ਹੋਇਆ ਬੁਰਾ ਹਾਲ, 'ਤੁਰਦੇ-ਫਿਰਦੇ' ਬੰਬ ਬਣ ਗਏ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਤੇਲ' ਹੀ ਬਣ ਗਿਆ ਇਰਾਨ ਲਈ ਸਭ ਤੋਂ ਵੱਡੀ ਮੁਸੀਬਤ ! ਬੰਦ ਕਰਨਾ ਪੈ ਸਕਦੈ ਪ੍ਰੋਡਕਸ਼ਨ
NEXT STORY