ਇਸਲਾਮਾਬਾਦ (ਯੂ.ਐੱਨ.ਆਈ., ਇੰਟ.) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਮਹੀਨਿਆਂ ਤੋਂ ਕੋਸ਼ਿਸ਼ ’ਚ ਲੱਗੀ ਪਾਕਿਸਤਾਨ ਸਰਕਾਰ ਅਤੇ ਫ਼ੌਜ ਨੇ ਮੰਗਲਵਾਰ ਨੂੰ ਆਪਣਾ ਮਕਸਦ ਪੂਰਾ ਕਰਦਿਆਂ ਉਨ੍ਹਾਂ ਨੂੰ ਉਸ ਸਮੇਂ ‘ਧੋਖੇ ਨਾਲ’ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਆਪਣੇ ਖ਼ਿਲਾਫ਼ ਦਰਜ ਕਈ ਕੇਸਾਂ ’ਚ ਇਸਲਾਮਾਬਾਦ ਹਾਈ ਕੋਰਟ ਤੋਂ ਜ਼ਮਾਨਤ ਲੈਣ ਆਏ ਸਨ। ਜਿਸ ਤਰ੍ਹਾਂ ਦਾ ਖ਼ਦਸ਼ਾ ਸੀ, ਇਮਰਾਨ ਦੀ ਗ੍ਰਿਫ਼ਤਾਰੀ ਹੁੰਦਿਆਂ ਹੀ ਪਾਕਿਸਤਾਨ ਸੁਲਗ ਉੱਠਿਆ। ਹਾਲਾਤ ਵਿਗੜਨ ’ਤੇ ਫ਼ੌਜ ਨੂੰ ਸੜਕਾਂ ’ਤੇ ਉਤਾਰਿਆ ਗਿਆ। ਵੱਖ-ਵੱਖ ਥਾਵਾਂ ’ਤੇ ਫ਼ੌਜ ਦੀ ਫਾਇਰਿੰਗ ’ਚ 60 ਲੋਕਾਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ’ਚੋਂ 15 ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਇਕ ਬੱਚਾ ਵੀ ਹੈ। ਇਮਰਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸਲਾਮਾਬਾਦ ’ਚ ਧਾਰਾ 144 ਲਾਗੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਭੜਕੇ ਸਮਰਥਕ, ਇਸਲਾਮਾਬਾਦ 'ਚ ਧਾਰਾ 144 ਲਾਗੂ
ਇਮਰਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਦੇ ਵਰਕਰਾਂ ਨੇ ਪੂਰੇ ਦੇਸ਼ ’ਚ ਸੜਕਾਂ ’ਤੇ ਉੱਤਰ ਕੇ ਗ੍ਰਿਫ਼ਤਾਰੀ ਦੇ ਵਿਰੋਧ ’ਚ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ, ਖਾਸ ਤੌਰ ’ਤੇ ਇਸਲਾਮਾਬਾਦ, ਲਾਹੌਰ, ਕਵੇਟਾ ਤੇ ਕਰਾਚੀ ’ਚ ਹਿੰਸਾ ਨੇ ਬੇਹੱਦ ਭਿਆਨਕ ਰੂਪ ਲੈ ਲਿਆ। ਪਾਰਟੀ ਵਰਕਰਾਂ ਨੇ ਫ਼ੌਜ ਦੇ ਹੈੱਡਕੁਆਰਟਰ ਤੇ ਇਕ ਕੋਰ ਕਮਾਂਡਰ ਦੇ ਘਰ ਨੂੰ ਅੱਗ ਲਾ ਦਿੱਤੀ, ਇਕ ਲੜਾਕੂ ਮਿਗ ਜਹਾਜ਼ ਨੂੰ ਵੀ ਫੂਕ ਦਿੱਤਾ, ਪਾਕਿ ਦੀ ਬਦਨਾਮ ਖੁਫੀਆ ਏਜੰਸੀ ਦੇ ਦਫ਼ਤਰ ’ਚ ਭੰਨਤੋੜ ਕੀਤੀ, ਪੁਲਸ ਮੁਲਾਜ਼ਮਾਂ ਦੀ ਕੁੱਟ-ਮਾਰ ਕੀਤੀ, ਟੈਂਕਰਾਂ ਸਮੇਤ ਵਾਹਨਾਂ, ਰੇਡੀਓ ਦਫ਼ਤਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਲਾਹੌਰ ’ਚ ਇਕ ਪੁਲਸ ਚੌਕੀ ਨੂੰ ਅੱਗ ਲਾ ਦਿੱਤੀ। ਹਿੰਸਾ ’ਚ 5 ਪੁਲਸ ਮੁਲਾਜ਼ਮ ਜ਼ਖ਼ਮੀ ਹੋਏ। ਇਮਰਾਨ ਖਾਨ ਦੇ ਵਕੀਲ ਨੂੰ ਵੀ ਹਿੰਸਾ ’ਚ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ : ਬੋਲਣ ਦੀ ਇਜਾਜ਼ਤ ਨਾ ਮਿਲੀ ਤਾਂ ਨੇਪਾਲੀ MP ਨੇ ਸੰਸਦ ’ਚ ਹੀ ਉਤਾਰ ਦਿੱਤੇ ਕੱਪੜੇ
ਸਾਦੀ ਵਰਦੀ ’ਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਪੀ.ਟੀ.ਆਈ. ਵਰਕਰਾਂ ਦੀ ਕੁੱਟ-ਮਾਰ ਕੀਤੀ ਅਤੇ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਹੰਝੂ ਗੈਸ ਦੇ ਗੋਲ਼ੇ ਛੱਡੇ। ਸਰਕਾਰੀ ਦਫ਼ਤਰਾਂ ’ਚ ਭੰਨਤੋੜ ਰੋਕਣ ਲਈ ਫ਼ੌਜ ਅਤੇ ਅਰਧ-ਸੈਨਿਕ ਬਲਾਂ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ। ਕਰਾਚੀ ਸਮੇਤ ਕਈ ਵੱਡੇ ਸ਼ਹਿਰਾਂ ’ਚ ਬਿਜਲੀ ਬੰਦ ਹੋਣ ਨਾਲ ਬਲੈਕਆਊਟ ਹੋ ਗਿਆ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ। ਬੁੱਧਵਾਰ ਨੂੰ ਪੂਰੇ ਪਾਕਿਸਤਾਨ ’ਚ ਸਕੂਲ-ਕਾਲਜ ਬੰਦ ਰਹਿਣਗੇ। ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਬੈਠਕ ਬੁਲਾਈ ਹੈ।
ਇਹ ਵੀ ਪੜ੍ਹੋ : ਰੂਸ ਵਿਰੁੱਧ ‘ਅਸਲੀ ਜੰਗ’ ਛੇੜੀ ਗਈ, ਵਿਜੇ ਦਿਵਸ 'ਤੇ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਲਲਕਾਰਿਆ
ਪਾਕਿਸਤਾਨ ਦੂਰਸੰਚਾਰ ਅਥਾਰਟੀ ਨੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੀ ਸਿਫਾਰਸ਼ ’ਤੇ ਫੇਸਬੁੱਕ, ਟਵਿੱਟਰ ਅਤੇ ਯੂ-ਟਿਊਬ ਸਮੇਤ ਲੋਕਪ੍ਰਿਯ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਸਥਾਈ ਰੂਪ ’ਚ ਬੰਦ ਕਰ ਦਿੱਤਾ ਹੈ। ਹਸਪਤਾਲਾਂ ਦੇ ਡਾਕਟਰਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਸੰਸਦ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਓਧਰ, ਪੀ.ਟੀ.ਆਈ. ਨੇ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੂੰ ਅਗਵਾ ਕਰਾਰ ਦਿੱਤਾ ਹੈ। ਆਪਣੇ ਟਵੀਟ ’ਚ ਪੀ.ਟੀ.ਆਈ. ਨੇ ਲਿਖਿਆ, ‘‘ਪਾਕਿਸਤਾਨ ਰੇਂਜਰਾਂ ਨੇ ਪੀ.ਟੀ.ਆਈ. ਦੇ ਪ੍ਰਧਾਨ ਇਮਰਾਨ ਖਾਨ ਨੂੰ ਅਗਵਾ ਕਰ ਲਿਆ ਹੈ।’’
ਇਹ ਵੀ ਪੜ੍ਹੋ : ਛੁੱਟੀ ਆਏ ਫ਼ੌਜੀ ਨਾਲ ਵਾਪਰਿਆ ਹਾਦਸਾ, ਨਹਿਰ ’ਚ ਡਿੱਗਣ ਕਾਰਨ ਤੋੜਿਆ ਦਮ
ਪਾਰਟੀ ਦੀ ਸੀਨੀਅਰ ਨੇਤਾ ਸ਼ਿਰੀਨ ਮਜਾਰੀ ਅਨੁਸਾਰ ਲਾਹੌਰ ਤੋਂ ਸੰਘੀ ਰਾਜਧਾਨੀ ਇਸਲਾਮਾਬਾਦ ਆਏ ਇਮਰਾਨ ਅਦਾਲਤ ’ਚ ਬਾਇਓਮੈਟ੍ਰਿਕ ਪ੍ਰਕਿਰਿਆ ’ਚੋਂ ਲੰਘ ਰਹੇ ਸਨ, ਉਦੋਂ ਅਰਧ-ਸੈਨਿਕ ਬਲ ਦੇ ਜਵਾਨਾਂ ਨੇ ਕੱਚ ਦੀ ਖਿੜਕੀ ਤੋੜ ਦਿੱਤੀ ਅਤੇ ਵਕੀਲਾਂ ਤੇ ਖਾਨ ਦੇ ਸੁਰੱਖਿਆ ਕਰਮਚਾਰੀਆਂ ਦੀ ਕੁੱਟ-ਮਾਰ ਕਰਨ ਤੋਂ ਬਾਅਦ ਇਮਰਾਨ ਨੂੰ ਗ੍ਰਿਫ਼ਤਾਰ ਕਰ ਲਿਆ। ਦੇਰ ਰਾਤ ਤੱਕ ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀ ਸੜਕਾਂ ’ਤੇ ਡਟੇ ਹੋਏ ਸਨ। ਇਹ ਸਿਲਸਿਲਾ ਅੱਜ ਵੀ ਜਾਰੀ ਰਹੇਗਾ। ਇਮਰਾਨ ਨੂੰ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ, ਜਿੱਥੇ ਐੱਨ.ਏ.ਬੀ. ਉਨ੍ਹਾਂ ਦਾ ਰਿਮਾਂਡ ਮੰਗੇਗੀ। ਓਧਰ, ਇਮਰਾਨ ਦੇ ਵਕੀਲ ਨੇ ਕਿਹਾ ਕਿ ਐੱਨ.ਏ.ਬੀ. ਦੇ ਰਿਮਾਂਡ ’ਚ ਇਮਰਾਨ ਖਾਨ ਦੀ ਜਾਨ ਨੂੰ ਖ਼ਤਰਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY